ਜੇਲ ਦਾ ''ਨੂਰ'' ਕਿੰਨਾ ਮਜਬੂਰ! ਸ਼ਾਇਦ ਕੁਦਰਤ ਨੂੰ ਏਹੀ ਮੰਜ਼ੂਰ

05/11/2019 1:04:59 PM

ਅੰਮ੍ਰਿਤਸਰ (ਸਫਰ) : ਅੰਮ੍ਰਿਤਸਰ ਸੈਂਟਰਲ ਜੇਲ 'ਚ 3 ਮਹੀਨੇ ਦਾ ਮਾਸੂਮ 'ਨੂਰ' ਹੈ, ਜਿਸ ਨੇ ਬਾਪ ਦੇ ਕਤਲ ਦੀ ਸਾਜ਼ਿਸ਼ 'ਚ ਗ੍ਰਿਫਤਾਰ ਮਾਂ ਦੀ ਕੁੱਖ 'ਚੋਂ ਜੇਲ 'ਚ ਹੀ ਜਨਮ ਲਿਆ ਹੈ। ਜੇਲ 'ਚ 'ਨੂਰ' ਦੇ ਜਨਮ 'ਤੇ ਜਿਥੇ ਲੱਡੂ ਵੰਡੇ ਗਏ, ਉਥੇ ਹੀ ਜੇਲ 'ਚ ਕੈਦ ਔਰਤਾਂ ਲਈ 'ਨੂਰ' ਜੇਲ ਦੀ ਸਜ਼ਾ ਕੱਟਦੇ ਸਮੇਂ ਖੁਸ਼ੀ ਦਾ ਅਜਿਹਾ ਸਿਤਾਰਾ ਬਣ ਗਿਆ ਕਿ ਹਰ ਮਹਿਲਾ ਕੈਦੀ ਜਾਂ ਵਿਚਾਰ ਅਧੀਨ ਕੈਦੀ ਨੂੰ ਨੂਰ ਨੂੰ ਬਿਨਾਂ ਦੇਖੇ ਜਾਂ ਬਿਨਾਂ ਕਿਸੇ ਦਿਨ ਉਸ ਨੂੰ ਗੋਦ 'ਚ ਚੁੱਕ ਕੇ ਪਿਆਰ-ਦੁਲਾਰ ਦਿੱਤੇ ਬਿਨਾਂ ਜੇਲ ਦਾ ਖਾਣਾ ਹਜ਼ਮ ਨਹੀਂ ਹੁੰਦਾ।

ਸ਼ੁੱਕਰਵਾਰ ਨੂਰ ਦੀ ਮਾਂ ਅੰਮ੍ਰਿਤਸਰ ਦੀ ਅਦਾਲਤ 'ਚ ਕੇਸ ਦੀ ਸੁਣਵਾਈ ਤੋਂ ਬਾਅਦ ਜੇਲ ਵੱਲ ਆਉਣ ਲੱਗੀ ਤਾਂ ਨੂਰ ਆਪਣੀ ਮਾਂ ਦੇ ਬਜਾਏ ਕਿਸੇ ਹੋਰ ਮਹਿਲਾ ਕੈਦੀ ਦੀ ਗੋਦ ਵਿਚ ਸੌਂ ਰਿਹਾ ਸੀ। ਨੂਰ ਦੀ ਬਦਕਿਸਮਤੀ ਹੀ ਕਹੀ ਜਾਵੇ ਕਿ ਇਕ ਪਾਸੇ ਜਿਸ ਮਾਂ ਦੀ ਕੁੱਖ 'ਚੋਂ ਜਨਮ ਲਿਆ, ਉਹ ਉਸ ਦੇ ਬਾਪ ਦੇ ਹੀ ਕਤਲ ਤੋਂ ਬਾਅਦ ਜੰਮਿਆ ਹੈ। ਜਿਥੇ ਬਦਨਸੀਬ ਬਾਪ ਉਸ ਨੂੰ ਦੇਖ ਨਹੀਂ ਸਕਿਆ, ਉਥੇ ਹੀ ਉਹ ਆਪਣੀ ਮਾਂ ਦੇ ਅਪਰਾਧ ਦੀ ਸਜ਼ਾ ਬੇਕਸੂਰ ਹੋ ਕੇ ਵੀ ਭੁਗਤ ਰਿਹਾ ਹੈ, ਸ਼ਾਇਦ ਕੁਦਰਤ ਨੂੰ ਇਹੀ ਮਨਜ਼ੂਰ ਹੈ।

ਇਸ ਵਾਰ ਜਨਮ ਅਸ਼ਟਮੀ 'ਚ ਨੂਰ ਬਣੇਗਾ ਕਨ੍ਹੱਈਆ
ਇਸ ਵਾਰ ਜਨਮ ਅਸ਼ਟਮੀ 'ਤੇ ਨੂਰ ਨੂੰ ਕਨ੍ਹੱਈਆ ਬਣਾਇਆ ਜਾਣਾ ਹੈ। ਤਿਆਰੀਆਂ ਹੋ ਰਹੀਆਂ ਹਨ। ਨੂਰ ਲਈ ਕੱਪੜੇ ਤੇ ਖਾਣ-ਪੀਣ ਦਾ ਖਿਆਲ ਜੇਲ 'ਚ ਕੈਦ ਹਰੇਕ ਔਰਤ ਕਰਨ ਲੱਗੀ ਹੈ। ਨੂਰ ਲਈ ਹਰ ਮਹਿਲਾ ਕੈਦੀ ਲੰਮੀ ਉਮਰ ਦੀਆਂ ਦੁਆਵਾਂ ਮੰਗਦੀ ਹੈ, ਉਥੇ ਹੀ ਚੰਗੇ ਜੀਵਨ ਲਈ ਅਰਦਾਸ ਵੀ ਕਰਦੀ ਹੈ।

ਨੂਰ 'ਤੇ ਵਰ੍ਹਦੀ ਹੈ ਸੈਂਕੜੇ ਮਾਵਾਂ ਦੀ ਮਮਤਾ, ਨੂਰ ਜੇਲ 'ਚ ਕੋਹਿਨੂਰ ਤੋਂ ਘੱਟ ਨਹੀਂ
ਗੋਦ 'ਚ ਚੁੱਕੇ ਔਰਤ (ਵਿਚਾਰ ਅਧੀਨ ਕੈਦੀ) ਕਹਿੰਦੀ ਹੈ ਕਿ ਨੂਰ ਦਾ ਜਨਮ ਜਦੋਂ ਜੇਲ 'ਚ ਹੋਇਆ ਤਾਂ ਜੇਲ 'ਚ ਖੁਸ਼ੀਆਂ ਮਨਾਈਆਂ ਗਈਆਂ। ਸ਼ਗਨ ਦੇ ਗੀਤ ਅਸੀਂ ਸਾਰਿਆਂ ਨੇ ਮਿਲ ਕੇ ਗਾਏ। ਨੂਰ ਦੇ ਆ ਜਾਣ ਨਾਲ ਆਪਣੇ ਬੱਚਿਆਂ ਤੋਂ ਵੱਖ ਹੋ ਕੇ ਜੇਲ ਦੀਆਂ ਦੀਵਾਰਾਂ 'ਚ ਕੈਦ ਅਣਗਿਣਤ ਮਾਵਾਂ ਦੀ ਮਮਤਾ ਵਰ੍ਹਦੀ ਹੈ। ਨੂਰ ਜੇਲ ਵਿਚ ਕੈਦ ਮਹਿਲਾ ਕੈਦੀਆਂ ਲਈ ਕੋਹਿਨੂਰ ਤੋਂ ਘੱਟ ਨਹੀਂ।

ਮੇਰਾ 'ਨੂਰ' ਬਣੇ ਪੁਲਸ ਦਾ ਵੱਡਾ ਅਫਸਰ ਜਾਂ ਵਕੀਲ
'ਜਗ ਬਾਣੀ' ਦੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਅਦਾਲਤ ਤੋਂ ਜੇਲ ਜਾਣ ਵਾਲੀ ਬੱਸ ਤੱਕ ਦੇ ਸਫਰ 'ਚ ਨੂਰ ਦੀ ਮਾਂ ਨੇ ਕਿਹਾ ਕਿ ਮੈਂ ਭਲੇ ਹੀ ਜੇਲ ਵਿਚ ਕੈਦ ਹਾਂ ਪਰ ਮੇਰੀ ਵੀ ਇੱਛਾ ਹੈ ਕਿ ਮੇਰਾ ਨੂਰ ਵੱਡਾ ਹੋ ਕੇ ਪੁਲਸ ਅਫਸਰ ਜਾਂ ਵਕੀਲ ਬਣੇ। ਮੈਂ ਚਾਹੁੰਦੀ ਹਾਂ ਕਿ ਨੂਰ ਚੰਗੇ ਸਕੂਲ 'ਚ ਪੜ੍ਹੇ ਅਤੇ ਵਧੀਆ ਸੰਸਕਾਰ 'ਚ ਪਲੇ ਪਰ ਜੇਲ ਮੇਰੀ ਮਜਬੂਰੀ ਹੈ ਅਤੇ ਬੇਕਸੂਰ ਨੂਰ ਦੀ ਬਦਕਿਸਮਤੀ।

Baljeet Kaur

This news is Content Editor Baljeet Kaur