ਨਾਜਾਇਜ਼ ਤੌਰ ''ਤੇ ਚਲ ਰਹੇ ਯਤੀਮ ਆਸ਼ਰਮ ''ਚੋਂ 17 ਬੱਚੇ ਛੁਡਾਏ

06/19/2019 1:56:42 PM

ਅੰਮ੍ਰਿਤਸਰ (ਸੰਜੀਵ) : ਮੋਹਕਮਪੁਰਾ 'ਚ ਸ਼ਹੀਦ ਭਾਈ ਫੌਜਾ ਸਿੰਘ ਟਰੱਸਟ ਦੇ ਨਾਂ 'ਤੇ ਗ਼ੈਰ-ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਯਤੀਮ ਆਸ਼ਰਮ ਨੂੰ ਅੱਜ ਜ਼ਿਲਾ ਅਤੇ ਪੁਲਸ ਪ੍ਰਸ਼ਾਸਨ, ਚਾਈਲਡ ਵੈੱਲਫੇਅਰ ਕਮੇਟੀ ਤੇ ਚਾਈਲਡ ਹੈਲਪਲਾਈਨ ਵੱਲੋਂ ਕੀਤੇ ਗਏ ਇਕ ਜੁਆਇੰਟ ਆਪ੍ਰੇਸ਼ਨ ਦੌਰਾਨ ਉਥੇ ਰਹਿ ਰਹੇ 17 ਬੱਚਿਆਂ ਨੂੰ ਰੈਸਕਿਊ ਕੀਤਾ ਗਿਆ। ਆਸ਼ਰਮ ਨੂੰ 15 ਦਿਨਾਂ 'ਚ ਰਜਿਸਟ੍ਰੇਸ਼ਨ ਨਾ ਕਰਵਾਉਣ ਜਾਣ ਦੀ ਸੂਰਤ 'ਚ ਉਸ ਨੂੰ ਸਥਾਈ ਤੌਰ 'ਤੇ ਸੀਲ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ। ਆਪ੍ਰੇਸ਼ਨ ਦੌਰਾਨ ਚਾਈਲਡ ਪ੍ਰੋਟੈਕਸ਼ਨ ਅਧਿਕਾਰੀ ਵੱਲੋਂ ਯਤੀਮ ਆਸ਼ਰਮ ਦਾ ਪੂਰਾ ਰਿਕਾਰਡ ਕਬਜ਼ੇ 'ਚ ਲੈ ਕੇ ਉਸ ਨੂੰ ਸੀਲ ਕਰ ਦਿੱਤਾ ਗਿਆ ਅਤੇ ਆਸ਼ਰਮ ਦੀ ਸੰਚਾਲਿਕਾ ਨੂੰ ਮਾਪਦੰਡਾਂ ਅਨੁਸਾਰ ਕੰਮ ਕਰਨ ਲਈ ਕਿਹਾ ਗਿਆ।

ਦੱਸਣਯੋਗ ਹੈ ਕਿ 3 ਦਿਨ ਪਹਿਲਾਂ ਯਤੀਮ ਆਸ਼ਰਮ ਵਿਚ ਰਹਿ ਰਹੀਆਂ 2 ਨਾਬਾਲਗ ਬੱਚੀਆਂਂ ਨੇ ਆਸ਼ਰਮ ਦੀ ਕਲਰਕ ਦੇ ਪਤੀ ਨਰਿੰਦਰ ਸਿੰਘ 'ਤੇ ਯੌਨ ਸ਼ੋਸ਼ਣ ਦੇ ਦੋਸ਼ ਲਾਏ ਸਨ, ਜਿਸ ਵਿਚ ਥਾਣਾ ਮੋਹਕਮਪੁਰਾ ਦੀ ਪੁਲਸ ਨੇ ਬੱਚੀਆਂਂ ਦੀ ਸਟੇਟਮੈਂਟ ਦੇ ਆਧਾਰ 'ਤੇ ਨਰਿੰਦਰ ਸਿੰਘ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਅੱਜ ਪੁਲਸ ਨੇ ਦੋਵਾਂ ਬੱਚੀਆਂ ਦੀ ਮੈਡੀਕਲ ਜਾਂਚ ਕਰਵਾ ਦਿੱਤੀ। ਆਸ਼ਰਮ ਦੀਆਂ ਬੱਚੀਆਂਂ ਨਾਲ ਹੋਏ ਯੌਨ ਸ਼ੋਸ਼ਣ ਦਾ ਸਮਾਚਾਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਜ਼ਿਲਾ ਅਤੇ ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਹਿੱਲ ਗਿਆ ਅਤੇ ਅੱਜ ਚਾਈਲਡ ਵੈੱਲਫੇਅਰ ਕਮੇਟੀ ਅਤੇ ਚਾਈਲਡ ਹੈਲਪਲਾਈਨ ਨੇ ਯਤੀਮ ਆਸ਼ਰਮ 'ਚ ਜਾ ਕੇ ਰਹਿ ਰਹੇ ਬੱਚਿਆਂ ਤੋਂ ਪੁੱਛਗਿਛ ਦੇ ਨਾਲ-ਨਾਲ ਆਸ਼ਰਮ ਦਾ ਵੀ ਜਾਇਜ਼ਾ ਲਿਆ, ਜਿਸ ਵਿਚ ਬਹੁਤ ਸਾਰੀਆਂ ਖਾਮੀਆਂ ਪਾਈਆਂ ਗਈਆਂ ਅਤੇ ਇਹ ਸਾਫ਼ ਹੋਇਆ ਕਿ ਬੱਚਿਆਂ ਦੀ ਸੁਰੱਖਿਆ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਸੀ।

ਬੱਚਿਆਂ ਨੂੰ ਯਤੀਮ ਆਸ਼ਰਮ 'ਚ ਰੱਖਣ ਨਾਲ ਪਹਿਲਾਂ ਕਿਸੇ ਤਰ੍ਹਾਂ ਦੀ ਕੋਈ ਰਜਿਸਟ੍ਰੇਸ਼ਨ ਦਾ ਰਿਕਾਰਡ ਮੇਨਟੇਨ ਨਹੀਂ ਹੋਇਆ ਸੀ। ਆਸ਼ਰਮ 'ਚ ਪਏ ਰਜਿਸਟਰ ਅਨੁਸਾਰ 47 ਬੱਚੇ ਉਥੇ ਰਹਿ ਰਹੇ ਸਨ, ਜਦੋਂ ਕਿ ਅੱਜ ਉਨ੍ਹਾਂਂ 'ਚੋਂ ਸਿਰਫ 18 ਬੱਚੇ ਹੀ ਮੌਜੂਦ ਸਨ। ਆਸ਼ਰਮ ਦੀ ਕੇਅਰਟੇਕਰ ਰਾਜਬੀਰ ਕੌਰ ਦਾ ਕਹਿਣਾ ਸੀ ਕਿ ਕੁਝ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਛੁੱਟੀਆਂ ਕਾਰਨ ਆਪਣੇ ਘਰ ਲੈ ਗਏ ਹਨ ਅਤੇ 4 ਬੱਚੇ ਸ੍ਰੀ ਹਰਿਮੰਦਰ ਸਾਹਿਬ 'ਚ ਰਹਿ ਰਹੀ ਯਤੀਮ ਆਸ਼ਰਮ ਦੀ ਸੰਚਾਲਿਕਾ ਕੋਲ ਗਏ ਹੋਏ ਸਨ।

15 ਦਿਨਾਂ 'ਚ ਆਸ਼ਰਮ ਨੂੰ ਰਜਿਸਟਰਡ ਕਰਵਾਉਣ ਦੇ ਹੁਕਮ
ਚਾਈਲਡ ਪ੍ਰੋਟੈਕਸ਼ਨ ਅਧਿਕਾਰੀ ਵੱਲੋਂ ਗ਼ੈਰ-ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਬੱਚਿਆਂ ਦੇ ਇਸ ਯਤੀਮ ਆਸ਼ਰਮ ਨੂੰ ਉਨ੍ਹਾਂ ਦੇ ਵਿਭਾਗ 'ਚ ਰਜਿਸਟਰਡ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ 'ਚ ਬੱਚਿਆਂ ਨੂੰ ਪਾਲ਼ ਰਹੇ 7 ਸੈਂਟਰ ਹੀ ਉਨ੍ਹਾਂ ਕੋਲ ਰਜਿਸਟਰਡ ਹਨ। ਅਜਿਹੇ ਆਸ਼ਰਮਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੁਵੇਨਾਈਲ ਜਸਟਿਸ ਐਕਟ 2015 ਅਧੀਨ ਉਸ ਨੂੰ ਰਜਿਸਟਰਡ ਕਰਵਾਉਣਾ ਹੁੰਦਾ ਹੈ, ਜਿਸ ਵਿਚ ਵਿਭਾਗ ਵੱਲੋਂ ਦੱਸੇ ਗਏ ਸਾਰੇ ਮਾਪਦੰਡਾਂ ਦੇ ਆਧਾਰ 'ਤੇ ਬੱਚਿਆਂ ਦੀ ਸੁਰੱਖਿਆ ਤੋਂ ਲੈ ਕੇ ਉਨ੍ਹਾਂ ਦੇ ਪਾਲਣ-ਪੋਸ਼ਣ ਦਾ ਬਿਓਰਾ ਬਣਿਆ ਹੁੰਦਾ ਹੈ।

ਬਬਲਪ੍ਰੀਤ ਦਾ ਕੋਈ ਰਿਕਾਰਡ ਨਹੀਂ
ਸ਼ਹੀਦ ਭਾਈ ਫੌਜਾ ਸਿੰਘ ਟਰੱਸਟ ਦੇ ਨਾਂ 'ਤੇ ਚਲਾਏ ਜਾ ਰਹੇ ਯਤੀਮ ਆਸ਼ਰਮ 'ਚ ਕੁਝ ਮਹੀਨੇ ਪਹਿਲਾਂ 13 ਸਾਲਾ ਬਬਲਪ੍ਰੀਤ ਦੀ ਮੌਤ ਹੋ ਗਈ ਸੀ, ਜਿਸ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ ਗਿਆ ਸੀ। ਇਹ ਜਾਣਕਾਰੀ ਆਸ਼ਰਮ ਵਿਚ ਰਹਿ ਰਹੇ ਬੱਚਿਆਂਂ 'ਚੋਂ ਇਕ ਨੇ ਦਿੱਤੀ। ਬਬਲਪ੍ਰੀਤ ਦੇ ਦਿਲ 'ਚ ਛੇਕ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਬਬਲਪ੍ਰੀਤ ਦਾ ਕੋਈ ਵੀ ਰਿਕਾਰਡ ਆਸ਼ਰਮ ਵਿਚ ਮੌਜੂਦ ਨਹੀਂ ਹੈ। ਉਹ ਕਿਥੋਂ ਆਈ ਸੀ, ਕਿਥੇ ਉਸ ਦਾ ਇਲਾਜ ਚੱਲ ਰਿਹਾ ਸੀ, ਕਿਵੇਂ ਉਸ ਦੀ ਮੌਤ ਹੋਈ, ਕਿਸ ਨੇ ਉਸ ਦਾ ਅੰਤਿਮ ਸੰਸਕਾਰ ਕੀਤਾ, ਇਹ ਕੁਝ ਅਜਿਹੇ ਸਵਾਲ ਹਨ, ਜੋ ਪੁਲਸ ਲਈ ਜਾਂਚ ਦਾ ਵਿਸ਼ਾ ਹੈ।

ਬੱਚਿਆਂ ਨੂੰ ਕਿਥੇ ਭੇਜਿਆ ਜਾਵੇ, ਇਹ ਚਾਈਲਡ ਵੈੱਲਫੇਅਰ ਕਮੇਟੀ ਕਰੇਗੀ ਫੈਸਲਾ
ਯਤੀਮ ਆਸ਼ਰਮ ਵੱਲੋਂ ਰੈਸਕਿਊ ਕੀਤੇ ਗਏ 17 ਬੱਚਿਆਂਂ ਨੂੰ ਚਾਈਲਡ ਵੈੱਲਫੇਅਰ ਕਮੇਟੀ ਆਪਣੇ ਨਾਲ ਲੈ ਗਈ। ਹੁਣ ਕਮੇਟੀ ਉਨ੍ਹਾਂ ਬੱਚਿਆਂ ਦੇ ਰਹਿਣ ਦਾ ਫੈਸਲਾ ਕਰੇਗੀ ਕਿ ਉਨ੍ਹਾਂਂ ਨੂੰ ਪੂਰੀ ਸੁਵਿਧਾਵਾਂ ਦੇ ਨਾਲ ਕਿਥੇ ਰੱਖਿਆ ਜਾਵੇ। ਇਸ ਵਿਚ ਜੇਕਰ 15 ਦਿਨਾਂ 'ਚ ਸ਼ਹੀਦ ਭਾਈ ਫੌਜਾ ਸਿੰਘ ਟਰੱਸਟ ਵੱਲੋਂ ਖੁਦ ਨੂੰ ਜੁਵੇਨਾਈਲ ਜਸਟਿਸ ਐਕਟ ਅਧੀਨ ਰਜਿਸਟਰਡ ਕਰਵਾ ਲਿਆ ਜਾਂਦਾ ਹੈ ਤਾਂ ਇਹ ਸਾਰੇ ਬੱਚੇ ਵਾਪਸ ਉਸੇ ਆਸ਼ਰਮ ਵਿਚ ਆ ਕੇ ਰਹਿਣਗੇ ਅਤੇ ਅਜਿਹਾ ਨਾ ਹੋਣ ਦੀ ਸੂਰਤ 'ਚ ਇਨ੍ਹਾਂ ਬੱਚਿਆਂ ਦੇ ਰਹਿਣ-ਸਹਿਣ ਦਾ ਪੂਰਾ ਪ੍ਰਬੰਧ ਚਾਈਲਡ ਵੈੱਲਫੇਅਰ ਕਮੇਟੀ ਵੱਲੋਂ ਕੀਤਾ ਜਾਵੇਗਾ।

3 ਬੱਚੀਆਂ ਮਾਂ-ਬਾਪ ਦੇ ਨਾਂ ਤੱਕ ਨੂੰ ਨਹੀਂ ਜਾਣਦੀਆਂ
ਯਤੀਮ ਆਸ਼ਰਮ ਵਿਚ ਰਹਿ ਰਹੀਆਂ 4 ਤੋਂ 6 ਸਾਲ ਤੱਕ ਦੀ ਉਮਰ ਦੀਆਂ 3 ਬੱਚੀਆਂਂ 'ਚ ਨਵਨੀਤ ਕੌਰ, ਸੁਮਨਦੀਪ ਕੌਰ ਅਤੇ ਅਸੀਸ ਕੌਰ ਤਾਂ ਆਪਣੇ ਮਾਂ-ਬਾਪ ਦੇ ਨਾਂ ਤੱਕ ਨਹੀਂ ਜਾਣਦੀਆਂ ਅਤੇ ਅੱਜ ਉਹ ਯਤੀਮ ਆਸ਼ਰਮ ਦੇ ਇਨ੍ਹਾਂ ਪ੍ਰਬੰਧਾਂ ਦਾ ਸ਼ਿਕਾਰ ਹੋ ਰਹੀਆਂ ਸਨ। ਇਹ ਤਿੰਨੇ ਬੱਚੀਆਂਂ ਆਸ਼ਰਮ ਵਿਚ ਰਹਿ ਰਹੇ ਵੱਡੇ ਬੱਚਿਆਂ ਦੀ ਦੇਖ-ਰੇਖ 'ਚ ਹੀ ਪਲ ਰਹੀਆਂ ਹਨ।

ਗੁਰਮੋਹਿੰਦਰ ਸਿੰਘ, ਮੈਂਬਰ ਚਾਈਲਡ ਵੈੱਲਫੇਅਰ ਕਮੇਟੀ
ਆਸ਼ਰਮ 'ਚ ਰਹਿ ਰਹੇ ਸਾਰੇ 17 ਬੱਚਿਆਂਂ ਨੂੰ ਚਾਈਲਡ ਹੈਲਪਲਾਈਨ ਦੇ ਹਵਾਲੇ ਕਰ ਦਿੱਤਾ ਗਿਆ ਹੈ। 15 ਦਿਨਾਂ 'ਚ ਜੇਕਰ ਯਤੀਮ ਆਸ਼ਰਮ ਮਾਪਦੰਡਾਂ ਦੇ ਹਿਸਾਬ ਨਾਲ ਖੁਦ ਨੂੰ ਰਜਿਸਟਰਡ ਕਰਵਾ ਲਵੇਗਾ ਤਾਂ ਬੱਚੇ ਵਾਪਸ ਆਸ਼ਰਮ 'ਚ ਆ ਸਕਣਗੇ ਅਤੇ ਜੇਕਰ ਅਜਿਹਾ ਨਾ ਹੋਇਆ ਤਾਂ ਉਨ੍ਹਾਂਂ ਦੇ ਰਹਿਣ ਦਾ ਪ੍ਰਬੰਧ ਚਾਈਲਡ ਹੈਲਪਲਾਈਨ ਵੱਲੋਂ ਕੀਤਾ ਜਾਵੇਗਾ।

ਰਾਜਬੀਰ ਕੌਰ, ਕੇਅਰਟੇਕਰ, ਯਤੀਮ ਆਸ਼ਰਮ
ਪਿਛਲੇ 30 ਸਾਲਾਂ ਤੋਂ ਇਹ ਆਸ਼ਰਮ ਚੱਲ ਰਿਹਾ ਹੈ ਅਤੇ ਬੱਚਿਆਂ ਦੀ ਸੁਰੱਖਿਆ ਦੇ ਪੁਖਤੇ ਇੰਤਜ਼ਾਮ ਹਨ। ਕਿਸੇ ਵੀ ਵਿਅਕਤੀ ਨੂੰ ਬੱਚਿਆਂ ਦੇ ਕਮਰਿਆਂ ਤੱਕ ਜਾਣ ਦੀ ਇਜਾਜ਼ਤ ਨਹੀਂ ਹੈ। ਸਰਕਾਰ ਵੱਲੋਂ ਚੁੱਕੇ ਜਾ ਰਹੇ ਇਨ੍ਹਾਂ ਕਦਮਾਂ ਦਾ ਉਹ ਵਿਰੋਧ ਕਰਦੀ ਹੈ ਅਤੇ ਬੱਚਿਆਂ ਨੂੰ ਕਿਤੇ ਹੋਰ ਨਾ ਲਿਜਾ ਕੇ ਇਸ ਆਸ਼ਰਮ ਵਿਚ ਰੱਖਿਆ ਜਾਵੇ ਤਾਂ ਕਿ ਇਨ੍ਹਾਂ ਬੇਸਹਾਰਾ ਬੱਚਿਆਂ ਦਾ ਚੰਗੀ ਤਰ੍ਹਾਂ ਪਾਲਣ-ਪੋਸ਼ਣ ਹੋ ਸਕੇ।
 

Baljeet Kaur

This news is Content Editor Baljeet Kaur