ਪਾਕਿ ''ਚ ਸਿੱਖ ਹੈਰੀਟੇਜ ਨਾਲ ਸਬੰਧਤ ਇਮਾਰਤਾਂ ਦੀ ਇਤਿਹਾਸਕ ਪੱਖੋਂ ਖੋਜ ਦੀ ਲੋੜ

12/07/2019 10:44:17 AM

ਅੰਮ੍ਰਿਤਸਰ (ਮਮਤਾ) : ਪਾਕਿਸਤਾਨ 'ਚ ਸਿੱਖ ਹੈਰੀਟੇਜ ਨਾਲ ਸਬੰਧਤ 270 ਇਮਾਰਤਾਂ ਹਨ, ਜਿਨ੍ਹਾਂ 'ਤੇ ਧਾਰਮਿਕ ਨਜ਼ਰੀਏ ਤੋਂ ਹਟ ਕੇ ਇਤਿਹਾਸਕ ਪੱਖ ਨਾਲ ਖੋਜ ਦੀ ਲੋੜ ਹੈ। ਇਸ ਸਬੰਧੀ ਖੋਜ ਕਾਰਜ ਲਈ ਪਾਕਿਸਤਾਨ ਅਤੇ ਭਾਰਤ ਦੇ ਇਤਿਹਾਸ ਦੇ ਵਿਦਿਆਰਥੀਆਂ ਨੂੰ ਅਮਰੀਕਾ ਵਾਸੀ ਡਾ. ਦਲਵੀਰ ਸਿੰਘ ਪੰਨੂ ਨੇ ਸੱਦਾ ਦੇ ਕੇ ਇਨ੍ਹਾਂ ਵਿਰਾਸਤਾਂ ਦੀ ਸੰਭਾਲ ਲਈ ਉਪਰਾਲਾ ਕਰਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਪੰਨੂ ਨੇ ਆਪਣੀ ਪੁਸਤਕ 'ਦਿ ਸਿੱਖ ਹੈਰੀਟੇਜ-ਬਿਓਂਡ ਬਾਰਡਰਜ਼' 'ਚ ਖੁਲਾਸਾ ਕੀਤਾ ਕਿ ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨ 'ਚ ਰਹਿ ਗਈਆਂ ਜ਼ਿਆਦਾਤਰ ਵਿਰਾਸਤੀ ਅਤੇ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਧਾਰਮਿਕ ਯਾਦਗਾਰਾਂ ਦੀ ਸਾਂਭ-ਸੰਭਾਲ ਨਾ ਹੋਣ ਕਾਰਣ ਉਹ ਖੰਡਰਾਂ 'ਚ ਤਬਦੀਲ ਹੋ ਚੁੱਕੀਆਂ ਹਨ। ਡਾ. ਪੰਨੂ ਨੇ ਕਿਹਾ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਚੋਆ ਸਾਹਿਬ, ਗੁਰਦੁਆਰਾ ਖਾਰਾ ਸਾਹਿਬ, ਗੁਰਦੁਆਰਾ ਭਾਈ ਬੀਬਾ ਸਿੰਘ, ਗੁਰਦੁਆਰਾ ਬੇਰ ਸਾਹਿਬ ਆਦਿ ਨੂੰ ਸੰਗਤ ਦੇ ਦਰਸ਼ਨਾਂ ਲਈ ਖੁੱਲ੍ਹਵਾ ਕੇ ਜਿਥੇ ਇਕ ਵੱਡਾ ਉਪਰਾਲਾ ਕੀਤਾ ਗਿਆ ਹੈ, ਉਥੇ ਹੀ ਬਹੁਤ ਸਾਰੇ ਆਬਾਦ ਗੁਰਦੁਆਰਿਆਂ 'ਚ ਨਵੇਂ ਸਮਾਰਕਾਂ ਦਾ ਵੀ ਨਿਰਮਾਣ ਕਰਵਾਇਆ ਗਿਆ ਹੈ।

ਉਨ੍ਹਾਂ ਆਪਣੀ ਉਕਤ ਪੁਸਤਕ 'ਚ ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ, ਸਿੰਧ, ਬਲੋਚਿਸਤਾਨ, ਪੰਜਾਬ ਅਤੇ ਮਕਬੂਜ਼ਾ ਕਸ਼ਮੀਰ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਦਾ ਦੌਰਾ ਕਰ ਕੇ ਖੰਡਰ ਬਣ ਰਹੇ 84 ਦੇ ਕਰੀਬ ਇਤਿਹਾਸਕ ਗੁਰਦੁਆਰਾ ਸਾਹਿਬਾਨ ਅਤੇ ਵਿਰਾਸਤੀ ਸਮਾਰਕਾਂ ਬਾਰੇ ਜਾਣਕਾਰੀ ਤਸਵੀਰਾਂ ਸਮੇਤ ਪ੍ਰਕਾਸ਼ਿਤ ਕੀਤੀ ਹੈ। ਪੰਨੂ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਪੁਸਤਕ ਨੂੰ ਪੂਰਾ ਕਰਨ 'ਚ 11 ਸਾਲ ਲੱਗੇ ਅਤੇ ਇਸ ਰਿਸਰਚ 'ਚ ਉਨ੍ਹਾਂ ਨੂੰ ਕਈ ਔਕੜਾਂ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਇਸ ਪੁਸਤਕ ਸਬੰਧੀ ਅੱਜ ਇਥੇ ਰੱਖੀ ਗਈ ਚਰਚਾ ਮੌਕੇ ਡਾ. ਪੰਨੂ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ 2012 'ਚ ਆਪਣੇ ਪਿਤਾ ਤੇ ਪੁਰਖਿਆਂ ਦੇ ਪਾਕਿ ਵਿਖੇ ਫੈਸਲਾਬਾਦ ਸ਼ਹਿਰ 'ਚ ਜੱਦੀ ਘਰ ਨੂੰ ਦੇਖਣ ਦਾ ਫੈਸਲਾ ਕੀਤਾ ਸੀ, ਜਿਸ ਤੋਂ ਬਾਅਦ ਪੁਸਤਕ ਲਿਖਣ ਦਾ ਵਿਚਾਰ ਆਇਆ। ਵੰਡ ਵੇਲੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਆਰਾ ਕਾਇਮ ਕੀਤੇ ਸਿੱਖ ਰਾਜ ਦਾ ਜ਼ਿਆਦਾਤਰ ਹਿੱਸਾ ਪਾਕਿਸਤਾਨ 'ਚ ਰਹਿ ਗਿਆ ਅਤੇ ਉਸ ਦੀ ਜ਼ਿਆਦਾ ਸੰਭਾਲ ਨਹੀਂ ਹੋ ਸਕੀ, ਜਦਕਿ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੀ ਸਹਾਇਤਾ ਨਾਲ ਪਾਕਿਸਤਾਨੀ ਸਿੱਖਾਂ ਵੱਲੋਂ ਕੁਝ ਗੁਰਦੁਆਰੇ ਨਾ ਸਿਰਫ ਸੰਭਾਲੇ ਗਏ, ਸਗੋਂ ਉਨ੍ਹਾਂ ਦਾ ਨਵ-ਨਿਰਮਾਣ ਵੀ ਕਰਵਾਇਆ ਗਿਆ ਹੈ। ਪਾਕਿ ਵਿਚਲੇ ਗੁਰਦੁਆਰਾ ਸਾਹਿਬਾਨ 'ਚ ਕੰਧ ਕਲਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਧਰਮ ਨਿਰਪੱਖਤਾ ਦੀ ਮਿਸਾਲ ਹੈ।

ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਗੁਰਧਾਮਾਂ ਦੇ ਅੰਦਰ ਤੇ ਬਾਹਰ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ, ਕੁਰਾਨ ਦੀਆਂ ਆਇਤਾਂ ਅਤੇ ਪ੍ਰਕਾਸ਼ ਵਾਲੇ ਥਾਂ 'ਤੇ ਗੁਰਬਾਣੀ ਦੀਆਂ ਤੁਕਾਂ ਲਿਖੀਆਂ ਹੋਈਆਂ ਹਨ। ਡਾ. ਪੰਨੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪੁਸਤਕ ਇਸ ਵਿਸ਼ੇ 'ਤੇ ਲਿਖੇ ਗਏ ਆਮ ਦਸਤਾਵੇਜ਼ਾਂ ਨਾਲੋਂ ਵੱਖਰੀ ਹੈ। ਇਸ ਦਾ ਮੁੱਖ ਕਾਰਣ ਉਨ੍ਹਾਂ ਦੀ ਖੋਜ ਅਤੇ ਯਾਦਗਾਰਾਂ 'ਤੇ ਫ਼ਾਰਸੀ ਅਤੇ ਉਰਦੂ 'ਚ ਉਕੇਰੀ ਗਈ ਜਾਣਕਾਰੀ ਨੂੰ ਬ੍ਰਿਟਿਸ਼ ਮਿਊਜ਼ੀਅਮ 'ਚ ਮੌਜੂਦ ਭਾਰਤੀ ਕਾਨੂੰਨੀ ਰਿਪੋਰਟਾਂ ਦੇ ਨਾਲ ਇਨ੍ਹਾਂ ਦਾ ਮਿਲਾਨ ਕਰਨਾ ਹੈ।

Baljeet Kaur

This news is Content Editor Baljeet Kaur