ਘੋੜੀ ਚੜ੍ਹਨ ਦੌਰਾਨ ਲਾੜੇ ਨੂੰ ਲੱਗੀ ਗੋਲੀ ਦੇ ਮਾਮਲੇ ''ਚ ਵੱਡਾ ਖੁਲਾਸਾ

01/24/2019 10:32:59 AM

ਅੰਮ੍ਰਿਤਸਰ (ਜ.ਬ) : ਬੀਤੇ ਦਿਨ ਚਿੰਤਪੁਰਨੀ ਚੌਕ 'ਚ ਵਿਆਹ ਲਈ ਜਾਣ ਸਮੇਂ ਘੋੜੀ 'ਤੇ ਬੈਠੇ ਲਾੜੇ ਨੂੰ ਗੋਲੀ ਲੱਗਣ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਇਸ ਮਾਮਲੇ ਸਬੰਧੀ ਥਾਣਾ ਸੀ-ਡਵੀਜ਼ਨ ਦੀ ਪੁਲਸ ਵਲੋਂ ਬਾਰੀਕੀ ਨਾਲ ਕੀਤੀ ਕਾਰਵਾਈ ਦੌਰਾਨ ਮਾਮਲਾ ਸਾਹਮਣੇ ਆਇਆ ਕਿ ਲਾੜੇ ਦੀ ਛਾਤੀ 'ਚ ਗੋਲੀ ਨਹੀਂ ਵੱਜੀ ਬਲਕਿ ਕੁਝ ਬਰਾਤੀਆਂ ਵੱਲੋਂ ਉਸ ਸਮੇਂ ਚਲਾਈ ਜਾ ਰਹੀ ਆਤਿਸ਼ਬਾਜ਼ੀ ਤੇ ਪਟਾਕੇ ਲਾੜੇ ਦੇ ਅਚਾਨਕ ਵੱਜਣ ਨਾਲ ਉਸ ਦੀ ਛਾਤੀ 'ਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ ਸੀ। ਇਸ ਦੌਰਾਨ ਬਰਾਤੀਆਂ 'ਚ ਹਫੜਾ-ਦਫੜੀ ਮਚ ਗਈ ਤੇ ਉਹ ਕਹਿਣ ਲੱਗ ਪਏ ਕਿ ਲਾੜੇ ਨੂੰ ਅਣਪਛਾਤੇ ਵਿਅਕਤੀ ਗੋਲੀ ਮਾਰ ਗਏ ਹਨ ਪਰ ਅੱਜ ਇਹ ਮਾਮਲਾ ਉਸ ਸਮੇਂ ਝੂਠਾ ਸਾਬਿਤ ਹੋਇਆ ਜਦੋਂ ਲਾੜੇ ਨੇ ਥਾਣੇ ਆ ਕੇ ਆਪਣੇ ਬਿਆਨ ਦਰਜ ਕਰਵਾਏ ਕਿ ਉਸ ਦੀ ਜੇਬ ਸੁਰਮੇਦਾਨੀ ਸੀ, ਅਚਾਨਕ ਕੋਈ ਚੀਜ਼ ਉਪਰੋਂ ਆਈ, ਜੋ ਉਸ ਦੀ ਛਾਤੀ 'ਚ ਵੱਜੀ ਤੇ ਉਸ ਦੇ ਖੂਨ ਨਿਕਲਣਾ ਸ਼ੁਰੂ ਹੋ ਗਿਆ। ਇਸ ਦੌਰਾਨ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਗਏ ਤੇ ਇਲਾਜ ਕਰਵਾਇਆ। ਲਾੜੇ ਨੇ ਦੱਸਿਆ ਕਿ ਇਲਾਜ ਕਰਵਾਉਣ ਤੋਂ ਬਾਅਦ ਉਹ ਬਰਾਤ ਲੈ ਕੇ ਆਪਣਾ ਵਿਆਹ ਰਚਾਉਣ ਲਈ ਪਸ਼ੋਰੀਆਂ ਜੰਞ ਘਰ ਚੌਕ ਚਿੜਾ ਗਿਆ, ਜਿਥੇ ਉਸ ਨੇ ਫੇਰੇ ਲਏ ਤੇ ਸਾਰੀਆਂ ਰਸਮਾਂ ਨਿਭਾਈਆਂ। 

ਉਧਰ ਥਾਣਾ ਸੀ-ਡਵੀਜ਼ਨ ਦੇ ਮੁਖੀ ਰਵੀਸ਼ੇਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੀਤੇ ਦਿਨ ਸੂਚਨਾ ਮਿਲੀ ਸੀ ਕਿ ਲਾੜੇ ਨੂੰ ਕੋਈ ਅਣਪਛਾਤੇ ਵਿਅਕਤੀ ਗੋਲੀ ਮਾਰ ਗਏ ਹਨ, ਜਿਸ ਦੀ ਪੁਲਸ ਨੇ ਬਾਰੀਕੀ ਨਾਲ ਜਾਂਚ ਕੀਤੀ ਪਰ ਮਾਮਲਾ ਕੁਝ ਹੋਰ ਨਿਕਲਿਆ। ਉਨ੍ਹਾਂ ਦੱਸਿਆ ਕਿ ਲਾੜੇ 'ਤੇ ਕਿਸੇ ਨੇ ਕੋਈ ਗੋਲੀ ਨਹੀਂ ਚਲਾਈ।

Baljeet Kaur

This news is Content Editor Baljeet Kaur