ਹੱਡ ਚੀਰਵੀਂ ਠੰਡ ਨੇ ਅੰਮ੍ਰਿਤਸਰੀਆਂ ਦੇ ਹੱਥ-ਪੈਰ ਕੀਤੇ ਸੁੰਨ

12/27/2019 10:25:59 AM

ਅੰਮ੍ਰਿਤਸਰ (ਅਵਧੇਸ਼) : ਪਿਛਲੇ ਕਈ ਦਿਨਾਂ ਤੋਂ ਪੈ ਰਹੀ ਹੱਡ ਚੀਰਵੀਂ ਠੰਡ ਨੇ ਜਿਥੇ ਲੋਕਾਂ ਦੇ ਹੱਥ-ਪੈਰ ਸੁੰਨ ਕਰ ਦਿੱਤੇ ਹਨ, ਉਥੇ ਜਨ-ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸ਼ਹਿਰ, ਪਿੰਡਾਂ ਤੇ ਕਸਬਿਆਂ 'ਚ ਠੰਡ ਦਾ ਪ੍ਰਕੋਪ ਜ਼ੋਰਾਂ 'ਤੇ ਹੈ। ਸਵੇਰ ਅਤੇ ਰਾਤ ਸਮੇਂ ਧੁੰਦ ਪੈਣ ਨਾਲ ਵਾਹਨਾਂ ਦੀ ਰਫਤਾਰ ਮੱਧਮ ਹੋ ਜਾਂਦੀ ਹੈ। ਮਿਹਨਤ-ਮਜ਼ਦੂਰੀ ਕਰਨ ਵਾਲੇ ਅਤੇ ਦੁਕਾਨਦਾਰਾਂ ਦਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ। ਸਾਰਾ ਦਿਨ ਬਜ਼ਾਰਾਂ 'ਚੋਂ ਰੌਣਕ ਗਾਇਬ ਰਹਿੰਦੀ ਹੈ। ਹੱਡ ਚੀਰਵੀਂ ਠੰਡ ਤੋਂ ਬਚਣ ਲਈ ਕਈ ਥਾਵਾਂ 'ਤੇ ਲੋਕਾਂ ਨੇ ਸੜਕਾਂ ਦੇ ਕੰਢੇ ਧੂਣੀਆਂ ਬਾਲੀਆਂ ਹੁੰਦੀਆਂ ਹਨ। ਪਿਛਲੇ 5 ਦਿਨਾਂ ਤੋਂ ਲੋਕਾਂ ਨੇ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਕੀਤੇ। ਧੁੰਦ ਤੇ ਠੰਡ ਨਾਲ ਸਕੂਲੀ ਬੱਚਿਆਂ ਨੂੰ ਭਾਰੀ ਪ੍ਰੇਸ਼ਾਨੀਆਂ ਪੇਸ਼ ਆ ਰਹੀਆਂ ਹਨ ਅਤੇ ਜ਼ਿਆਦਾਤਰ ਬੱਚੇ ਬੀਮਾਰ ਹੋ ਰਹੇ ਹਨ। ਇਸ ਤੋਂ ਇਲਾਵਾ ਆਮ ਲੋਕ, ਨੌਕਰੀਪੇਸ਼ਾ ਵਾਲੇ ਠੰਡ ਕਾਰਣ ਠੁਰ-ਠੁਰ ਕਰਦੇ ਨਜ਼ਰ ਆਉਂਦੇ ਹਨ, ਜਿਸ ਤੋਂ ਬਚਣ ਲਈ ਉਹ ਅੱਗ ਦਾ ਸਹਾਰਾ ਲੈਂਦੇ ਨਜ਼ਰ ਆ ਰਹੇ ਹਨ, ਉਥੇ ਹੀ ਕਿਸਾਨਾਂ ਦੇ ਚਿਹਰਿਆਂ 'ਤੇ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਦਿਨ ਭਰ ਸੂਰਜ ਦੇਵਤਾ ਦੇ ਦਰਸ਼ਨ ਨਾ ਹੋਣ ਕਾਰਣ ਵਿਜ਼ੀਬਿਲਟੀ ਕਾਫੀ ਘੱਟ ਗਈ ਹੈ। ਸਵੇਰ-ਸ਼ਾਮ ਧੁੰਦ ਦਾ ਕਹਿਰ ਵੀ ਵਧਿਆ ਹੈ।

ਪੇਟ ਪਾਲਣ ਲਈ ਚੌਕਾਂ 'ਚ ਖੜ੍ਹੇ ਹੁੰਦੇ ਨੇ ਮਜ਼ਦੂਰ
ਪੇਟ ਪਾਲਣ ਲਈ ਸੜਕਾਂ ਤੇ ਚੌਕ-ਚੌਰਾਹਿਆਂ 'ਚ ਸਵੇਰੇ 7 ਵਜੇ ਤੋਂ ਪੁਤਲੀਘਰ, ਗੇਟ ਖਜ਼ਾਨਾ, ਕੋਟ ਖਾਲਸਾ ਚੌਕ, ਤਰਨਤਾਰਨ ਰੋਡ, ਬਟਾਲਾ ਰੋਡ, ਵੇਰਕਾ ਤੇ ਵੱਲ੍ਹਾ ਚੌਕ, ਮਕਬੂਲਪੁਰਾ, ਦਬੁਰਜੀ ਜੀ. ਟੀ. ਰੋਡ, ਫਤਾਹਪੁਰ ਆਦਿ ਇਲਾਕਿਆਂ 'ਚ ਮਜ਼ਦੂਰ ਖੜ੍ਹੇ ਦਿਖਾਈ ਦਿੰਦੇ ਹਨ, ਜੋ ਪਿੰਡਾਂ ਤੋਂ ਸ਼ਹਿਰ ਦਿਹਾੜੀ ਲਾਉਣ ਆਉਂਦੇ ਹਨ ਪਰ ਇਨ੍ਹਾਂ ਦਿਨਾਂ 'ਚ ਲੋਕ ਛੋਟੇ ਦਿਨ ਸਮਝਣ ਕਰ ਕੇ ਕੋਈ ਕੰਮ ਨਹੀਂ ਕਰਵਾਉਂਦੇ, ਜਿਸ ਕਰ ਕੇ ਮਜ਼ਦੂਰਾਂ ਨੂੰ ਸਰਦੀ ਦੇ ਮੌਸਮ 'ਚ ਆਪਣੀ ਰੋਜ਼ੀ-ਰੋਟੀ ਕਮਾਉਣੀ ਬਹੁਤ ਔਖੀ ਹੋ ਜਾਂਦੀ ਹੈ।

ਬਜ਼ੁਰਗਾਂ ਤੇ ਬੱਚਿਆਂ ਨੂੰ ਘਰ 'ਚ ਹੀ ਰਹਿਣ ਦੀ ਸਲਾਹ
ਡਾਕਟਰਾਂ ਨੇ ਇਸ ਅੱਤ ਦੀ ਠੰਡ 'ਚ ਬਜ਼ੁਰਗਾਂ ਅਤੇ ਬੱਚਿਆਂ ਨੂੰ ਘਰਾਂ ਵਿਚ ਹੀ ਰਹਿਣ ਦੀ ਸਲਾਹ ਦਿੱਤੀ ਹੈ। ਅੰਮ੍ਰਿਤਸਰ ਦੇ ਮਾਹਿਰ ਡਾ. ਅਪਰਾਜਿਤ ਦਾ ਕਹਿਣਾ ਹੈ ਕਿ ਠੰਡ ਦੇ ਦਿਨਾਂ 'ਚ ਬਜ਼ੁਰਗਾਂ ਅਤੇ ਬੱਚਿਆਂ ਨੂੰ ਘੱਟ ਹੀ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ। ਇਨ੍ਹਾਂ ਦਿਨਾਂ 'ਚ ਨਿਮੋਨੀਆ ਹੋਣ ਦਾ ਖਤਰਾ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਅੱਤ ਦੀ ਸਰਦੀ ਵਿਚ ਬੱਚਿਆਂ ਨੂੰ ਠੰਡ ਤੋਂ ਬਚਾ ਕੇ ਰੱਖਣਾ ਅਤਿ-ਜ਼ਰੂਰੀ ਹੈ। ਠੰਡ 'ਚ ਸੈਰ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। 60 ਸਾਲ ਤੋਂ ਉਪਰ ਦੀ ਉਮਰ ਦੇ ਬਜ਼ੁਰਗਾਂ ਲਈ ਇਨ੍ਹਾਂ ਦਿਨਾਂ 'ਚ ਰੋਗਾਂ ਦਾ ਖਤਰਾ ਵੱਧ ਜਾਂਦਾ ਹੈ।

ਬੇਸਹਾਰਿਆਂ ਲਈ ਸੰਕਟ ਦੀ ਘੜੀ
ਸੜਕਾਂ 'ਤੇ ਰਹਿਣ ਵਾਲੇ ਬੇਸਹਾਰਾ ਲੋਕਾਂ ਲਈ ਕੜਾਕੇ ਦੀ ਠੰਡ 'ਚ ਖੁੱਲ੍ਹੇ ਆਸਮਾਨ ਹੇਠ ਬੈਠਣਾ ਅਤੇ ਫਿਰ ਰਾਤ ਕੱਟਣੀ ਸੰਕਟ ਦੀ ਘੜੀ ਹੈ। ਠੰਡ ਇਨ੍ਹਾਂ ਲਈ ਬਹੁਤ ਖਤਰਨਾਕ ਹੈ। ਇਹ ਲੋਕ ਠੰਡ ਤੋਂ ਬਚਣ ਲਈ ਚੌਕ-ਚੌਰਾਹਿਆਂ ਦੇ ਫੁੱਟਪਾਥਾਂ ਜਾਂ ਕਿਸੇ ਦੁਕਾਨ ਦੇ ਅੱਗੇ ਆਪਣਾ ਬਿਸਤਰਾ ਵਿਛਾ ਕੇ ਬੈਠੇ ਦਿਖਾਈ ਦਿੰਦੇ ਹਨ। ਇਨ੍ਹਾਂ ਬੇਸਹਾਰਾ ਲੋਕਾਂ ਨੂੰ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਅਜੇ ਤੱਕ ਕੋਈ ਕੰਬਲ ਅਤੇ ਹੋਰ ਵਰਤੋਂ ਵਾਲੀਆਂ ਵਸਤੂਆਂ ਦੇਣ ਦਾ ਸਿਲਸਿਲਾ ਸ਼ੁਰੂ ਨਹੀਂ ਕੀਤਾ ਗਿਆ, ਜੋ ਹਰ ਸਾਲ ਸਰਦੀ ਦੇ ਦਿਨਾਂ 'ਚ ਸਮਾਜ ਸੇਵੀ ਤੇ ਹੋਰ ਲੋਕ ਭਲਾਈ ਸੋਸਾਇਟੀਆਂ ਅਜਿਹਾ ਦਾਨ-ਪੁੰਨ ਕਰਦੀਆਂ ਨਜ਼ਰ ਆਉਂਦੀਆਂ ਸਨ।

ਮੂੰਗਫਲੀ ਤੇ ਚਾਹ-ਪਕੌੜੇ ਵਾਲੇ ਦੁਕਾਨਦਾਰਾਂ ਦੀ ਚਾਂਦੀ
ਠੰਡ ਤੋਂ ਰਾਹਤ ਪਾਉਣ ਲਈ ਹਰ ਵਰਗ ਚਾਹ ਦੀਆਂ ਚੁਸਕੀਆਂ ਲੈਣ ਤੋਂ ਇਲਾਵਾ ਮੂੰਗਫਲੀ ਖਾਂਦਾ ਨਜ਼ਰ ਆਉਂਦਾ ਹੈ। ਇਨ੍ਹਾਂ ਦਿਨਾਂ 'ਚ ਮੂੰਗਫਲੀ ਤੇ ਚਾਹ-ਪਕੌੜੇ ਦੀਆਂ ਦੁਕਾਨਾਂ, ਰਾਤ ਸਮੇਂ ਸੂਪ, ਅੰਡਿਆਂ ਤੇ ਸਰੀਰ ਨੂੰ ਗਰਮ ਕਰਨ ਵਾਲੀਆਂ ਹੋਰ ਚੀਜ਼ਾਂ ਦੇ ਦੁਕਾਨਦਾਰਾਂ ਦੀ ਖੂਬ ਚਾਂਦੀ ਹੋ ਰਹੀ ਹੈ। ਬਾਜ਼ਾਰਾਂ 'ਚ ਗਰਮ ਕੱਪੜਿਆਂ ਦੇ ਮੁੱਲ ਵੀ ਧੜੱਲੇ ਨਾਲ ਵੱਧਦੇ ਨਜ਼ਰ ਆ ਰਹੇ ਹਨ।

Baljeet Kaur

This news is Content Editor Baljeet Kaur