ਸਿੱਧੂ ਦੇ ਹਲਕੇ ''ਚ ਡਰੱਗ ਓਵਰਡੋਜ਼ ਕਾਰਨ ਇਕ ਮਹੀਨੇ ''ਚ 12ਵੀਂ ਮੌਤ (ਵੀਡੀਓ)

06/24/2018 2:24:50 PM

ਅੰਮ੍ਰਿਤਸਰ (ਸੁਮਿਤ) : ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਹੁੰਆਂ ਖਾਧੀਆਂ ਸਨ ਤੇ ਨਵਜੋਤ ਸਿੰਘ ਸਿੱਧੂ ਨੇ ਵੀ ਉਨ੍ਹਾਂ ਦੇ ਸੁਰ ਨਾਲ ਸੁਰ ਮਿਲਾਏ ਸਨ ਪਰ ਸੱਚ ਤਾਂ ਇਹ ਹੈ ਕਿ ਪੰਜਾਬ ਦੇ ਨੌਜਵਾਨ ਨਸ਼ੇ ਦੇ ਟੀਕੇ ਲਗਾ ਕੇ ਮਰ ਰਹੇ ਹਨ। ਅਜਿਹਾ ਹੀ ਇਕ ਮਾਮਲਾ ਨਵਜੋਤ ਸਿੰਘ ਸਿੱਧੂ ਦੇ ਹਲਕੇ 'ਚ ਦੇਖਣ ਨੂੰ ਮਿਲਿਆ, ਜਿਥੇ ਨਸ਼ੇ ਦੇ ਟੀਕੇ ਲਗਾਉਣ ਕਾਰਨ ਸਰਵਣ ਸਿੰਘ ਦੀ ਮੌਤ ਹੋ ਗਈ। ਸਰਵਨ ਸਿੰਘ ਕੁਝ ਸਮੇਂ ਤੋਂ ਗਾਇਬ ਸੀ ਤੇ ਅੱਜ ਸਵੇਰੇ ਉਸ ਦੀ ਲਾਸ਼ ਵੇਰਕਾ ਰੇਲਵੇ ਲਾਇਨ ਨੇੜੇ ਮਿਲੀ ਤੇ ਉਸ ਦੀ ਬਾਂਹ 'ਤੇ ਟੀਕੇ ਦੇ ਨਿਸ਼ਾਨ ਵੀ ਪਾਏ ਗਏ ਹਨ। ਉਸ ਦੀ ਲਾਸ਼ ਨੇੜੇ ਹੀ ਕਈ ਟੀਕੇ ਵੀ ਪਾਏ ਗਏ, ਜਿਨ੍ਹਾਂ ਤੋਂ ਇਹ ਸਾਫ ਹੈ ਕਿ ਉਹ ਥਾਂ ਨਸ਼ੇੜੀਆਂ ਦਾ ਅੱਡਾ ਹੈ। ਪਰ ਇਸ ਥਾਂ ਦੀ ਭਿਣਕ ਪੁਲਸ ਜਾ ਪ੍ਰਸ਼ਾਸਨ ਨੂੰ ਲੱਗੀ। ਜਦੋਂ ਅੱਜ ਪੁਲਸ ਉੱਥੇ ਪਹੁੰਚੀ ਤਾਂ ਉਦੋਂ ਤੱਕ ਇਕ ਜ਼ਿੰਦਗੀ ਖਤਮ ਹੋ ਚੁੱਕੀ ਸੀ। 
ਜਾਣਕਾਰੀ ਮੁਤਾਬਕ ਸਿੱਧੂ ਦੇ ਹਲਕੇ 'ਚ ਬੀਤੇ ਇਕ ਮਹੀਨੇ ਇਹ 12ਵੀਂ ਮੌਤ ਹੈ, ਜੋ ਡਰੱਗ ਓਵਰਡੋਜ਼ ਕਾਰਨ ਹੋਈ ਹੈ। ਇਸ ਸਬੰਧੀ ਜਦੋਂ ਇਲਾਕੇ ਦੇ ਕਾਂਗਰਸੀ ਨੇਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵੇਰਕਾ 'ਚ ਨਸ਼ਾ ਸਭ ਤੋਂ ਜ਼ਿਆਦਾ ਹੈ। ਉਨ੍ਹਾਂ ਨੇ ਪੁਲਸ 'ਤੇ ਵੀ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ।