ਬੱਸੀ ਦੇ ਸਿਰ ''ਤੇ ਸਜਿਆ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਾ ਤਾਜ

07/14/2019 12:28:03 PM

ਅੰਮ੍ਰਿਤਸਰ (ਮਹਿੰਦਰ/ਕਮਲ) - ਕਾਂਗਰਸ ਪਾਰਟੀ ਦੇ ਪੰਜਾਬ ਸਕੱਤਰ ਅਤੇ ਯੂਥ ਆਗੂ ਦਿਨੇਸ਼ ਬੱਸੀ ਨੇ ਸ਼ਨੀਵਾਰ ਨੂੰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ। ਇਸ ਤੋਂ ਪਹਿਲਾਂ ਜਿਥੇ ਕਾਂਗਰਸ ਪਾਰਟੀ ਦੀ ਸਥਾਨਕ ਇਕਾਈ ਨੇ ਟਰੱਸਟ ਦਫ਼ਤਰ 'ਚ ਬੱਸੀ ਦੇ ਸਵਾਗਤ ਲਈ ਬੜੇ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਕਰ ਰੱਖੀਆਂ ਸਨ, ਉਥੇ ਹੀ ਟਰੱਸਟ ਪ੍ਰਸ਼ਾਸਨ ਨੇ ਵੀ ਦਫ਼ਤਰ ਦੇ ਅੰਦਰ ਪੂਰੀ ਸਜਾਵਟ ਕਰ ਰੱਖੀ ਸੀ। ਬੱਸੀ ਨੂੰ ਕਾਰਜਭਾਰ ਸੌਂਪਣ ਲਈ ਵਿਸ਼ੇਸ਼ ਤੌਰ 'ਤੇ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਤੋਂ ਇਲਾਵਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਓਮ ਪ੍ਰਕਾਸ਼ ਸੋਨੀ, ਸੁਖਜਿੰਦਰ ਸਿੰਘ ਰੰਧਾਵਾ, ਭਾਰਤ ਭੂਸ਼ਣ ਆਸ਼ੂ, ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਤੇ ਸੁਨੀਲ ਦੱਤੀ ਵੀ ਉਨ੍ਹਾਂ ਨੂੰ ਆਸ਼ੀਰਵਾਦ ਦੇਣ ਪੁੱਜੇ ਹੋਏ ਸਨ। ਇਸ ਮੌਕੇ ਮੰਤਰੀ ਬ੍ਰਹਮਾ ਮਹਿੰਦਰਾ ਨੇ ਬੱਸੀ ਦਾ ਮੂੰਹ ਮਿੱਠਾ ਵੀ ਕਰਵਾਇਆ।

ਕਾਰਜਭਾਰ ਸੰਭਾਲਣ ਤੋਂ ਬਾਅਦ ਬੱਸੀ ਨਾਲ ਕੀਤੀ ਗਈ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਟਰੱਸਟ ਦਫ਼ਤਰ ਦੇ ਕੰਮ-ਕਾਜ ਨੂੰ ਬਹੁਤ ਵਧੀਆ ਢੰਗ ਨਾਲ ਚਲਾਉਣ ਲਈ ਇਕ ਤਰ੍ਹਾਂ ਸਖਤ ਰੁੱਖ ਦੇ ਸੰਕੇਤ ਵੀ ਦੇ ਦਿੱਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿਚ ਟਰੱਸਟ ਦਫ਼ਤਰ 'ਚ ਕਿਸੇ ਵੀ ਤਰ੍ਹਾਂ ਦੀ ਧਾਂਦਲੀ, ਘਪਲੇ ਅਤੇ ਭ੍ਰਿਸ਼ਟਾਚਾਰ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬੱਸੀ ਨੇ ਦੱਸਿਆ ਕਿ ਸੋਮਵਾਰ ਨੂੰ ਟਰੱਸਟ ਅਧਿਕਾਰੀਆਂ ਨਾਲ ਵਿਸ਼ੇਸ਼ ਬੈਠਕ ਆਯੋਜਿਤ ਕੀਤੀ ਜਾਵੇਗੀ ਅਤੇ ਟਰੱਸਟ ਦਫ਼ਤਰ 'ਚ ਸਾਰੇ ਤਰ੍ਹਾਂ ਦੇ ਕੰਮ-ਕਾਜ ਬਹੁਤ ਵਧੀਆ ਢੰਗ ਨਾਲ ਚਲਾਉਣ ਲਈ ਰੂਪ-ਰੇਖਾ ਤਿਆਰ ਕੀਤੀ ਜਾਵੇਗੀ।

ਟਰੱਸਟ ਦੀਆਂ ਜ਼ਮੀਨਾਂ 'ਤੇ ਨਾ ਨਾਜਾਇਜ਼ ਕਬਜ਼ੇ ਹੋਣ ਦੇਵਾਂਗੇ, ਨਾ ਕੋਈ ਧਾਂਦਲੀ
ਟਰੱਸਟ ਦੀਆਂ ਜ਼ਮੀਨਾਂ 'ਤੇ ਹੋ ਰਹੇ ਨਾਜਾਇਜ਼ ਕਬਜ਼ਿਆਂ ਅਤੇ ਗ਼ੈਰ-ਕਾਨੂੰਨੀ ਉਸਾਰੀਆਂ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ 'ਚ ਬੱਸੀ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਹੀ ਕਾਰਜਭਾਰ ਸੰਭਾਲਿਆ ਹੈ, ਮੁੱਖ ਮੰਤਰੀ ਦਾ ਸਾਫ਼ ਸੰਦੇਸ਼ ਹੈ ਕਿ ਟਰੱਸਟ ਦੀਆਂ ਜ਼ਮੀਨਾਂ 'ਤੇ ਨਾ ਤਾਂ ਨਾਜਾਇਜ਼ ਕਬਜ਼ੇ ਹੋਣ ਦੇਵਾਂਗੇ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਧਾਂਦਲੀ।

ਫਾਈਲਾਂ ਗੁੰਮ ਹੋਣ ਸਬੰਧੀ ਵਿਜੀਲੈਂਸ ਆਪਣੇ ਪੱਧਰ 'ਤੇ ਕਰੇਗੀ ਜਾਂਚ
ਬੱਸੀ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਹਾਲ ਹੀ 'ਚ ਵਿਜੀਲੈਂਸ ਬਿਊਰੋ ਵੱਲੋਂ ਟਰੱਸਟ ਦਫ਼ਤਰ ਵਿਚ ਕੀਤੀ ਗਈ ਰੇਡ ਦੌਰਾਨ ਕੁਝ ਮਹੱਤਵਪੂਰਨ ਫਾਈਲਾਂ ਗੁੰਮ ਹੋਣ ਦੀਆਂ ਗੱਲਾਂ ਸਾਹਮਣੇ ਆਈਆਂ ਸਨ ਤਾਂ ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਵਿਜੀਲੈਂਸ ਬਿਊਰੋ ਆਪਣਾ ਕੰਮ ਕਰ ਰਿਹਾ ਹੈ ਅਤੇ ਬਿਊਰੋ ਆਪਣੇ ਪੱਧਰ 'ਤੇ ਜਾਂਚ ਜਾਰੀ ਰੱਖੇਗਾ। ਇਸ ਵਿਚ ਕੋਈ ਵੀ ਦੋਸ਼ੀ ਸਾਬਿਤ ਹੋਵੇਗਾ ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਵੀ ਕੀਤੀ ਜਾਵੇਗੀ।

ਤਾਜਪੋਸ਼ੀ ਸਮਾਰੋਹ 'ਚ ਨਹੀਂ ਪੁੱਜੇ ਸਿੱਧੂ ਪਤੀ-ਪਤਨੀ ਤੇ ਚਹੇਤੇ 
ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਾ ਕਾਰਜਭਾਰ ਸੰਭਾਲਣ ਲਈ ਟਰੱਸਟ ਦਫ਼ਤਰ 'ਚ ਆਯੋਜਿਤ ਕੀਤੇ ਵਿਸ਼ੇਸ਼ ਪ੍ਰੋਗਰਾਮ ਵਿਚ ਜਿਥੇ ਟਰੱਸਟ ਦਫ਼ਤਰ ਦੇ ਅੰਦਰ ਅਤੇ ਬਾਹਰ ਕਾਂਗਰਸ ਪਾਰਟੀ ਦੇ ਕਰਮਚਾਰੀਆਂ ਦੀ ਭਾਰੀ ਭੀੜ ਉਮੜੀ ਹੋਈ ਸੀ, ਉਥੇ ਹੀ ਇਸ ਪ੍ਰੋਗਰਾਮ 'ਚ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ, ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਹੀ ਨਹੀਂ, ਸਗੋਂ ਉਨ੍ਹਾਂ ਦੇ ਚਹੇਤੇ ਕੌਂਸਲਰ ਵੀ ਕਿਤੇ ਦਿਖਾਈ ਨਹੀਂ ਦੇ ਰਹੇ ਸਨ। ਸਿੱਧੂ ਜੋੜੇ ਦੀ ਗੈਰ-ਹਾਜ਼ਰੀ ਬਾਰੇ ਪੁੱਛੇ ਗਏ ਸਵਾਲਾਂ ਨੂੰ ਲੈ ਕੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਬਚਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਸਨ। ਜਵਾਬ ਦੇਣ ਲਈ ਮਜਬੂਰ ਕਰਨ 'ਤੇ ਉਨ੍ਹਾਂ ਕਿਹਾ ਕਿ ਸਿੱਧੂ ਸਾਹਿਬ ਇਥੇ ਮੌਜੂਦ ਨਹੀਂ ਸਨ ਅਤੇ ਕਾਫ਼ੀ ਕੋਸ਼ਿਸ਼ ਕਰਨ ਦੇ ਬਾਵਜੂਦ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਟਰੱਸਟ ਦਫ਼ਤਰ 'ਚ ਵੀ ਸਿੱਧੂ ਜੋੜੇ ਨੂੰ ਕੀਤਾ ਗਿਆ ਨਜ਼ਰਅੰਦਾਜ਼
ਦਿਨੇਸ਼ ਬੱਸੀ ਨੂੰ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਬਣਾਉਣ ਦੇ ਐਲਾਨ ਤੋਂ ਬਾਅਦ ਸ਼ਹਿਰ 'ਚ ਹਰ ਪਾਸੇ ਲੱਗੇ ਹੋਰਡਿੰਗਾਂ ਤੋਂ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਪੂਰੀ ਤਰ੍ਹਾਂ ਨਾਲ ਨਜ਼ਰਅੰਦਾਜ਼ ਤਾਂ ਕੀਤਾ ਹੀ ਗਿਆ ਸੀ, ਸ਼ਨੀਵਾਰ ਨੂੰ ਟਰੱਸਟ ਦਫ਼ਤਰ ਵਿਚ ਆਯੋਜਿਤ ਤਾਜਪੋਸ਼ੀ ਪ੍ਰੋਗਰਾਮ ਦੌਰਾਨ ਵੀ ਸਿੱਧੂ ਜੋੜੇ ਨੂੰ ਪੂਰੀ ਤਰ੍ਹਾਂ ਨਾਲ ਅਣਗੌਲਿਆ ਗਿਆ। ਟਰੱਸਟ ਦਫ਼ਤਰ ਦੇ ਅੰਦਰ ਅਤੇ ਬਾਹਰ ਜਿਥੇ ਵੀ ਕਿਤੇ ਛੋਟੇ-ਵੱਡੇ ਹੋਰਡਿੰਗ ਲੱਗੇ ਹੋਏ ਸਨ, ਉਨ੍ਹਾਂ 'ਚ ਕਿਤੇ ਵੀ ਸਿੱਧੂ ਜੋੜੇ ਦੀ ਕੋਈ ਫੋਟੋ ਨਹੀਂ ਲਾਈ ਗਈ ਸੀ, ਜਿਸ ਨੂੰ ਲੈ ਕੇ ਹਰ ਪਾਸੇ ਚਰਚਾ ਛਿੜੀ ਰਹੀ ਕਿ ਅਜਿਹਾ ਲੱਗਦਾ ਹੈ ਕਿ ਕੈਪਟਨ ਸਰਕਾਰ ਹੁਣ ਸਿੱਧੂ ਜੋੜੇ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਨ ਦਾ ਪੂਰਾ ਮਨ ਬਣਾ ਚੁੱਕੀ ਹੈ ਕਿਉਂਕਿ ਉਨ੍ਹਾਂ ਦੀ ਗੈਰ-ਹਾਜ਼ਰੀ ਦਾ ਮਾਮਲਾ ਹੋਵੇ ਜਾਂ ਉਨ੍ਹਾਂ ਦੀ ਫੋਟੋ ਨਾ ਲੱਗਣ ਦਾ, ਇਸ 'ਤੇ ਕੋਈ ਵੀ ਕਾਂਗਰਸੀ ਨੇਤਾ ਖੁੱਲ੍ਹ ਕੇ ਬਿਆਨ ਦੇਣ ਨੂੰ ਤਿਆਰ ਨਹੀਂ ਸੀ।

ਪਾਰਟੀ 'ਚ ਚੰਗਾ ਕੰਮ ਕਰਨ 'ਤੇ ਬੱਸੀ ਨੂੰ ਮੁੱਖ ਮੰਤਰੀ ਕੈਪਟਨ ਨੇ ਬਣਾਇਆ ਚੇਅਰਮੈਨ
ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਸ਼ਨੀਵਾਰ ਨੂੰ ਆਯੋਜਿਤ ਪ੍ਰੋਗਰਾਮ ਦੌਰਾਨ ਦਿਨੇਸ਼ ਬੱਸੀ ਦੀ ਨਿਯੁਕਤੀ ਨੂੰ ਲੈ ਕੇ ਸੰਬੋਧਨ ਕਰ ਰਹੇ ਸਨ ਕਿ ਬੱਸੀ ਨੇ ਸਾਲ 2017 'ਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਅਤੇ ਉਸ ਤੋਂ ਬਾਅਦ ਵੀ ਲਗਾਤਾਰ ਬਾਖੂਬੀ ਪਾਰਟੀ ਦਾ ਕੰਮ ਕੀਤਾ। ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸਰਗਰਮੀਆਂ ਨੂੰ ਦੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿਨੇਸ਼ ਬੱਸੀ ਨੂੰ ਟਰੱਸਟ ਦਾ ਚੇਅਰਮੈਨ ਬਣਾਇਆ ਹੈ। ਇਸ ਲਈ ਉਹ ਪੂਰੀ ਉਮੀਦ ਕਰਦੇ ਹਨ ਕਿ ਬੱਸੀ ਨੇ ਜਿਸ ਤਰ੍ਹਾਂ ਪਾਰਟੀ ਵਿਚ ਪੂਰੀ ਮਿਹਨਤ ਨਾਲ ਕੰਮ ਕੀਤਾ, ਉਹ ਟਰੱਸਟ ਦਫ਼ਤਰ 'ਚ ਵੀ ਪੂਰੀ ਲਗਨ ਅਤੇ ਈਮਾਨਦਾਰੀ ਨਾਲ ਆਪਣਾ ਫਰਜ਼ ਨਿਭਾਉਣਗੇ।

Baljeet Kaur

This news is Content Editor Baljeet Kaur