ਬਿਕਰਮਜੀਤ ਚੌਧਰੀ ਨੇ ਗੁਰਾਇਆ ਨੂੰ ਮੁੱਖ ਮੰਤਰੀ ਕੋਲੋਂ ਦਿਵਾਈ 13.14 ਕਰੋੜ ਦੀ ਗ੍ਰਾਂਟ

10/18/2017 3:39:00 PM

ਜਲੰਧਰ(ਧਵਨ)— ਪੰਜਾਬ-ਹਰਿਆਣਾ ਕਮੇਟੀ ਦੇ ਜਨਰਲ ਸਕੱਤਰ ਬਿਕਰਮਜੀਤ ਸਿੰਘ ਚੌਧਰੀ ਨੇ ਗੁਰਾਇਆ ਨਗਰ ਕੌਂਸਲ ਨੂੰ ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਕੋਲੋਂ 13.14 ਕਰੋੜ ਦੀ ਗ੍ਰਾਂਟ ਚੰਡੀਗੜ੍ਹ ਵਿਚ ਇਕ ਸਮਾਰੋਹ ਦੌਰਾਨ ਦਿਵਾਈ। ਮੁੱਖ ਮੰਤਰੀ ਕੋਲੋਂ ਗ੍ਰਾਂਟ ਦੇ ਕਾਗਜ਼ ਲੈਂਦੇ ਹੋਏ ਬਿਕਰਮਜੀਤ ਚੌਧਰੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵਿਕਾਸਪੁਰਸ਼ ਦੱਸਦਿਆਂ ਕਿਹਾ ਕਿ ਹੁਣ ਅਕਾਲੀਆਂ ਦੇ ਮੂੰਹ ਬੰਦ ਹੋਣ ਜਾਣਗੇ, ਜੋ ਕਹਿ ਰਹੇ ਸਨ ਪਿਛਲੇ 6 ਮਹੀਨਿਆਂ ਤੋਂ ਵਿਕਾਸ ਦੇ ਕੰਮ ਰੁਕੇ ਹੋਏ ਹਨ। 
ਚੰਡੀਗੜ੍ਹ ਵਿਚ ਸਥਾਨਕ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਆਯੋਜਿਤ ਪ੍ਰੋਗਰਾਮ ਵਿਚ ਕੈਪਟਨ ਅਮਰਿੰਦਰ ਸਿੰਘ ਗ੍ਰਾਂਟਾਂ ਦੇ ਚੈੱਕ ਵੱਖ-ਵੱਖ ਨਗਰ ਕੌਂਸਲਾਂ ਨੂੰ ਵੰਡਣ ਲਈ ਆਏ ਹੋਏ ਸਨ।
ਇਸ ਮੌਕੇ ਬਿਕਰਮਜੀਤ ਚੌਧਰੀ ਨੇ ਕਿਹਾ ਕਿ 13.14 ਕਰੋੜ ਦੀ ਗ੍ਰਾਂਟ ਮਿਲਣ ਤੋਂ ਬਾਅਦ ਗੁਰਾਇਆ ਵਿਚ ਆਮ ਜਨਤਾ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਛੁਟਕਾਰਾ ਮਿਲੇਗਾ ਅਤੇ ਜਲਦੀ ਹੀ ਵਿਕਾਸ ਕਾਰਜਾਂ ਦੇ ਟੈਂਡਰ ਲਾ ਕੇ ਕੰਮਾਂ ਨੂੰ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਖ ਮੰਤਰੀ ਅਮਰਿੰਦਰ ਸਿੰਘ ਨੇ ਪਿਛਲੇ ਮਹੀਨੇ ਹੀ ਉਨ੍ਹਾਂ ਨੂੰ ਕਿਹਾ ਸੀ ਕਿ ਜਲਦੀ ਹੀ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇ ਚੈੱਕ ਦੇ ਦਿੱਤੇ ਜਾਣਗੇ, ਜਿਸ 'ਤੇ ਕੈਪਟਨ ਅਮਰਿੰਦਰ ਸਿੰਘ ਖਰੇ ਉਤਰੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਵਿਕਾਸ ਕਾਰਜਾਂ ਲਈ ਹੋਰ ਚੈੱਕ ਗੁਰਾਇਆ ਤੇ ਫਿਲੌਰ ਨਗਰ ਕੌਂਸਲਾਂ ਨੂੰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਕਾਂਗਰਸ ਵਿਕਾਸ ਦਾ ਦੂਜਾ ਨਾਂ ਮੰਨੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਏਜੰਡਾ ਵਿਕਾਸ ਹੈ ਅਤੇ ਉਹ ਬਦਲੇ ਦੀ ਰਾਜਨੀਤੀ ਵਿਚ ਵਿਸ਼ਵਾਸ ਨਹੀਂ ਰੱਖਦੀ। ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਵੀ ਹਾਜ਼ਰ ਸਨ।