ਸ. ਬਾਦਲ ਦੇ ਭੋਗ ਸਮਾਗਮ 'ਚ ਬੋਲੇ ਅਮਿਤ ਸ਼ਾਹ, ਸਿੱਖ ਪੰਥ ਨੇ ਆਪਣਾ ਇਕ ਸੱਚਾ ਸਿਪਾਹੀ ਖੋਹਿਆ

05/04/2023 2:04:27 PM

ਸ੍ਰੀ ਮੁਕਤਸਰ ਸਾਹਿਬ (ਵੈੱਬ ਡੈਸਕ, ਸ਼ਾਮ ਜੁਨੇਜਾ) : ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਰਧਾਂਜਲੀ ਦਿੰਦਿਆਂ ਆਖਿਆ ਕਿ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਨਾਲ ਸਿਰਫ਼ ਪੰਜਾਬ ਨੂੰ ਨਹੀਂ ਸਗੋਂ ਪੂਰੇ ਦੇਸ਼ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਜਿਸ ਨੂੰ ਲੰਬੇ ਸਮੇਂ ਤੱਕ ਭਰਿਆ ਨਹੀਂ ਜਾ ਸਕਦਾ। ਸਿੱਖ ਪੰਥ ਨੇ ਆਪਣਾ ਸੱਚਾ ਸਿਪਾਹੀ, ਦੇਸ਼ ਨੇ ਇਕ ਦੇਸ਼ਭਗਤ, ਕਿਸਾਨਾਂ ਨੇ ਆਪਣਾ ਸੱਚਾ ਹਮਦਰਦ ਗੁਆਇਆ ਹੈ। 70 ਸਾਲ ਦਾ ਸਿਆਸੀ ਜੀਵਨ ਕੱਟਣ ਤੋਂ ਬਾਅਦ ਵੀ ਕੋਈ ਦੁਸ਼ਮਣ ਨਾ ਹੋਵੇ, ਅਜਿਹੇ ਆਜ਼ਾਦ ਵਿਅਕਤੀ ਵਰਗਾ ਜੀਵਨ ਬਾਦਲ ਸਾਬ੍ਹ ਤੋਂ ਬਿਨਾਂ ਕੋਈ ਨੀ ਜੀ ਸਕਦਾ। ਅਮਿਤ ਸ਼ਾਹ ਨੇ ਦੱਸਿਆ ਕਿ ਜਦੋਂ ਵੀ ਬਾਦਲ ਸਾਬ੍ਹ ਨਾਲ ਮੁਲਾਕਾਤ ਕੀਤੀ ਹੈ, ਮੈਂ ਹਮੇਸ਼ਾ ਉਨ੍ਹਾਂ ਤੋਂ ਕੁੱਝ ਨਾ ਕੁੱਝ ਸਿੱਖ ਕੇ ਗਿਆ ਹਾਂ ਤੇ ਉਹ ਹਮੇਸ਼ਾ ਮੈਨੂੰ ਸੱਚਾ ਰਾਹ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹੇ ਸਨ। ਬੇਸ਼ੱਕ ਸਾਡੇ ਰਾਹ ਵੱਖ ਸਨ ਪਰ ਉਨ੍ਹਾਂ ਹਮੇਸ਼ਾ ਉਹੀ ਕੀਤਾ, ਜੋ ਸਾਡੀ ਪਾਰਟੀ ਲਈ ਸਹੀ ਸੀ। ਸ਼ਾਹ ਨੇ ਆਖਿਆ ਕਿ ਇੰਨੀ ਨਿਰਪੱਖਤਾ ਨਾਲ ਸਿਆਸੀ ਜੀਵਨ 'ਚ ਸਲਾਹ ਦੇਣਾ ਮਹਾਮਾਨਵ ਤੋਂ ਬਿਨਾਂ ਕੋਈ ਨਹੀਂ ਕਰ ਸਕਦਾ। 

ਇਹ ਵੀ ਪੜ੍ਹੋ- ਜੱਦੀ ਪਿੰਡ ਬਾਦਲ ਵਿਖੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਹੋਈ ਅੰਤਿਮ ਅਰਦਾਸ, ਅਮਿਤ ਸ਼ਾਹ ਸਣੇ ਪੁੱਜੇ ਕਈ ਸਿਆਸੀ ਆਗੂ

ਸ਼ਾਹ ਨੇ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਜੀਵਨ ਬਾਰੇ ਗੱਲ ਕਰਦਿਆਂ ਕਿਹਾ ਕਿ ਬਾਦਲ ਸਾਬ੍ਹ ਨੇ ਪੰਜਾਬ ਵਿਧਾਨ ਸਭਾ ਤੇ ਸਿਆਸਤ 'ਚ ਸਭ ਤੋਂ ਵੱਧ ਸਮਾਂ ਬਤੀਤ ਕੀਤਾ ਹੈ ਤੇ ਜਨਤਕ ਨੁਮਾਇੰਦੇ ਰਹਿਣ ਦਾ ਰਿਕਾਰਡ ਵੀ ਬਾਦਲ ਸਾਬ੍ਹ ਦਾ ਹੈ। ਇਸ ਤੋਂ ਇਲਾਵਾ ਉਹ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ ਤੇ ਮੈਂ ਇਸ ਰਿਕਾਰਡ ਦੇ ਆਧਾਰ 'ਤੇ ਕਹਿ ਸਕਦਾ ਹਾਂ ਕਿ ਨਵੇਂ ਪੰਜਾਬ ਦੀ ਨੀਂਹ ਦਾ ਕੰਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ। ਉਨ੍ਹਾਂ ਦੇ ਜਾਣ ਨਾਲ ਭਾਈਚਾਰੇ ਦਾ ਸਰਦਾਰ ਚਲਾ ਗਿਆ ਕਿਉਂਕਿ ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਹਿੰਦੂ-ਸਿੱਖ ਏਕਤਾ ਲਈ ਸਮਰਪਿਤ ਕੀਤਾ। 

ਇਹ ਵੀ ਪੜ੍ਹੋ-  ਪਟਿਆਲਾ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ PRTC ਠੇਕੇਦਾਰ ਦਾ ਗੋਲ਼ੀਆਂ ਮਾਰ ਕੇ ਕਤਲ

ਸ਼ਾਹ ਨੇ ਆਖਿਆ ਕਿ ਪ੍ਰਕਾਸ਼ ਸਿੰਘ ਬਾਦਲ ਆਪਣੇ ਖ਼ਿਲਾਫ਼ ਕੀਤੇ ਜਾ ਰਹੇ ਵਿਰੋਧਾਂ ਦਾ ਸਾਹਮਣੇ ਕਰਦਿਆਂ ਸਭ ਨੂੰ ਇਕਜੁੱਟ ਰੱਖਣ ਲਈ ਕੰਮ ਕਰਦੇ ਰਹੇ। ਸ਼ਾਹ ਨੇ ਦੱਸਿਆ ਕਿ ਸੁਖਬੀਰ ਬਾਦਲ ਨੇ ਦੱਸਿਆ ਕਿ ਪਿੰਡ ਬਾਦਲ 'ਚ ਮੰਦਿਰ, ਮਸਜਿਦ ਅਤੇ ਗੁਰਦੁਆਰਾ ਵੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਣਾਇਆ ਗਿਆ ਹੈ। ਜੇਕਰ ਅਜਿਹੇ ਵਿਅਕਤੀ ਨੂੰ ਦੀਵਾ ਲੈ ਕੇ ਵੀ ਲੱਭਿਆ ਜਾਵੇ ਤਾਂ ਰਾਜਨੀਤਕ ਅਤੇ ਸਮਾਜਿਕ ਜੀਵਨ 'ਚ ਪ੍ਰਕਾਸ਼ ਸਿੰਘ ਬਾਦਲ ਜਿਹਾ ਵਿਅਕਤੀ ਨਹੀਂ ਮਿਲੇਗਾ। 1970 ਤੋਂ ਲੈ ਕੇ ਅੱਜ ਤੱਕ ਜਦੋਂ ਵੀ ਦੇਸ਼ ਲਈ ਖੜ੍ਹੇ ਹੋਣ ਦਾ ਮੌਕਾ ਆਇਆ ਤਾਂ ਉਨ੍ਹਾਂ ਨੇ ਕਦੇ ਵੀ ਪਿੱਠ ਨਹੀਂ ਦਿਖਾਈ। ਬਾਦਲ ਸਾਬ੍ਹ ਦਾ ਜਾਣਾ ਪੂਰੇ ਦੇਸ਼ ਲਈ ਵੱਡਾ ਘਾਟਾ ਹੈ ਤੇ ਮੇਰੇ ਵਰਗੇ ਕਈ ਆਗੂਆਂ ਲਈ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ। ਸ਼ਾਹ ਨੇ ਕਿਹਾ ਕਿ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਬਾਦਲ ਸਾਬ੍ਹ ਦੇ ਜੀਵਨ ਤੋਂ ਸਬਕ ਲੈਣ ਤੇ ਉਨ੍ਹਾਂ ਜਿਸ ਰਾਹ 'ਤੇ ਚੱਲਣ ਦੀ ਸਿੱਖ ਦਿੱਤੀ, ਉਸ ਰਾਹ 'ਤੇ ਚੱਲਣ ਦੀ ਵਾਹਿਗੁਰੂ ਸਾਨੂੰ ਸ਼ਕਤੀ ਦੇਵੇ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto