2 ਕਰੋੜ ਦੀ ਅਮਰੀਕਨ ਕੋਕੀਨ ਸਣੇ ਜਲੰਧਰ ਤੇ ਅੰਮ੍ਰਿਤਸਰ ਦੇ ਸਮੱਗਲਰ ਗ੍ਰਿਫਤਾਰ

09/10/2019 10:55:29 PM

ਅੰਮ੍ਰਿਤਸਰ,(ਨੀਰਜ): ਐੱਨ. ਸੀ. ਪੀ. (ਨਾਰਕੋਟਿਕਸ ਕੰਟਰੋਲ ਬਿਊਰੋ) ਦੀ ਟੀਮ ਨੇ ਅੱਜ ਪੰਜਾਬ, ਦਿੱਲੀ ਤੇ ਮੁੰਬਈ 'ਚ ਇਕ ਵੱਡੀ ਕਾਰਵਾਈ ਕਰਦਿਆਂ 442 ਗ੍ਰਾਮ ਅਮਰੀਕਨ ਕੋਕੀਨ ਤੇ ਹੋਰ ਨਸ਼ੇ ਵਾਲੇ ਪਦਾਰਥਾਂ ਦੀ ਖੇਪ ਸਣੇ ਜਲੰਧਰ ਤੇ ਅੰਮ੍ਰਿਤਸਰ ਦੇ 2 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ। ਜਾਣਕਾਰੀ ਅਨੁਸਾਰ ਐੱਨ. ਸੀ. ਬੀ. ਨੇ ਇਕ ਛਾਪੇਮਾਰੀ ਦੌਰਾਨ ਪਹਿਲਾਂ ਜਲੰਧਰ ਵਾਸੀ ਯੋਗੇਸ਼ ਕੁਮਾਰ ਧੁੰਨਾ ਨੂੰ ਗ੍ਰਿਫਤਾਰ ਕੀਤਾ। ਉਸ ਤੋਂ ਬਾਅਦ ਅੰਮ੍ਰਿਤਸਰ ਤੇ ਤਰਨਤਾਰਨ 'ਚ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲੇ ਅਕਸ਼ਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ। ਅਕਸ਼ਿੰਦਰ ਨੂੰ ਤਰਨਤਾਰਨ ਦੇ ਕਸਬੇ ਪੱਟੀ ਤੋਂ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ, ਜਦੋਂ ਉਹ ਨਸ਼ੇ ਵਾਲੇ ਪਦਾਰਥਾਂ ਦੀ ਇਕ ਖੇਪ ਨੂੰ ਕਿਸੇ ਸਮੱਗਲਰ ਕੋਲ ਸਪਲਾਈ ਕਰਨ ਜਾ ਰਿਹਾ ਸੀ।

ਇਸ ਛਾਪੇਮਾਰੀ 'ਚ ਅੰਮ੍ਰਿਤਸਰ ਐੱਨ. ਸੀ. ਬੀ. ਦੀ ਜ਼ੋਨਲ ਟੀਮ ਨੇ ਅਹਿਮ ਭੂਮਿਕਾ ਨਿਭਾਈ। ਐੱਨ. ਸੀ. ਬੀ. ਦੇ ਅਧਿਕਾਰੀਆਂ ਅਨੁਸਾਰ ਹਾਈ ਕੁਆਲਿਟੀ ਦੀ ਅਮਰੀਕਨ ਕੋਕੀਨ ਦੀ ਇਸ ਖੇਪ ਨੂੰ ਸਮੱਗਲਰਾਂ ਨੇ ਸ਼ਿਪਮੈਂਟ ਜ਼ਰੀਏ ਇਕ ਮਸ਼ੀਨ ਦੇ ਪਾਰਸਲ 'ਚ ਬੜੀ ਹੀ ਚਲਾਕੀ ਨਾਲ ਲੁਕਾ ਰੱਖਿਆ ਸੀ ਪਰ ਐੱਨ. ਸੀ. ਬੀ. ਨੂੰ ਚਕਮਾ ਦੇਣ 'ਚ ਸਮੱਗਲਰ ਨਾਕਾਮ ਰਹੇ। ਇਸ ਮਾਮਲੇ 'ਚ ਪੰਜਾਬ, ਦਿੱਲੀ, ਮੁੰਬਈ, ਅਮਰੀਕਾ ਤੇ ਕੈਨੇਡਾ ਸਮੇਤ ਕੁਝ ਹੋਰ ਦੇਸ਼ਾਂ ਦਾ ਵੱਡਾ ਡਰੱਗ ਰੈਕੇਟ ਸਾਹਮਣੇ ਆਇਆ ਹੈ। ਗ੍ਰਿਫਤਾਰ ਕੀਤੇ ਗਏ ਸਮੱਗਲਰਾਂ ਤੋਂ ਵਿਭਾਗ ਨੇ ਹਸ਼ੀਸ਼ ਅਤੇ ਕੁਝ ਹੋਰ ਨਸ਼ੇ ਵਾਲੇ ਪਦਾਰਥ ਵੀ ਜ਼ਬਤ ਕੀਤੇ ਹਨ।

ਦੱਸਣਯੋਗ ਹੈ ਕਿ ਪੱਟੀ ਦੇ ਜਿਸ ਇਲਾਕੇ ਤੋਂ ਅਕਸ਼ਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਥੋਂ ਕੁਝ ਕਿਲੋਮੀਟਰ ਦੂਰ ਹਵੇਲੀਆਂ ਪਿੰਡ ਹੈ, ਜਿਥੇ ਆਈ. ਸੀ. ਪੀ. ਅਟਾਰੀ 'ਤੇ 532 ਕਿਲੋਮੀਟਰ ਹੈਰੋਇਨ ਅਤੇ 52 ਕਿਲੋ ਮਿਕਸਡ ਨਾਰਕੋਟਿਕਸ ਫੜੇ ਜਾਣ ਦੇ ਮਾਮਲੇ ਦਾ ਮੋਸਟਵਾਂਟੇਡ ਰਣਜੀਤ ਸਿੰਘ ਚੀਤਾ ਤੇ ਉਸ ਦੇ ਦੂਜੇ ਸਾਥੀ ਰਹਿੰਦੇ ਹਨ, ਜੋ ਅਜੇ ਤੱਕ ਕਸਟਮ ਵਿਭਾਗ ਜਾਂ ਐੱਨ. ਆਈ. ਏ. ਦੇ ਹੱਥ ਨਹੀਂ ਲੱਗੇ।