ਦਰਜ ਪਰਚਾ ਰੱਦ ਕਰਵਾਉਣ ਲਈ ਅੰਬੇਡਕਰ ਸੁਰੱਖਿਆ ਸੈਨਾ ਵਲੋਂ ਰੋਸ ਧਰਨਾ

08/19/2018 6:02:35 AM

ਕਪੂਰਥਲਾ,  (ਮੱਲ੍ਹੀ)-  ਭਗਵਾਨ ਵਾਲਮੀਕਿ ਅਧਿਕਾਰ ਸੁਰੱਖਿਆ ਸੈਨਾ ਪੰਜਾਬ ਵਲੋਂ ਅੱਜ ਸਥਾਨਕ ਪੁਰਾਣੀ ਕਚਹਿਰੀ ਸਾਹਮਣੇ ਸੈਨਾ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮਾਲਡ਼ੀ, ਸੂਬਾਈ ਚੇਅਰਮੈਨ ਧਰਮਿੰਦਰ ਨੰਗਲ ਤੇ ਯੂਥ ਪ੍ਰਧਾਨ ਸੁਖਵਿੰਦਰ ਸਿੰਘ ਇੱਬਣ ਆਦਿ ਨੇ ਪਿੰਡ ਰੱਤਡ਼ਾ ਦੇ ਦਲਿਤ ਸਮਾਜ ਭਾਈਚਾਰੇ ਦੇ ਲੋਕਾਂ ’ਤੇ ਫੱਤੂਢੀਂਗਾ ਪੁਲਸ ਵਲੋਂ ਸਿਆਸੀ ਸ਼ਹਿ ’ਤੇ ਰੱਤਡ਼ਾ ਨਿਵਾਸੀਆਂ ਖਿਲਾਫ ਦਰਜ ਮੁਕੱਦਮੇ ਨੂੰ ਰੱਦ ਕਰਾਉਣ ਲਈ ਰੋਸ ਧਰਨਾ ਕੀਤਾ ਗਿਆ। ਵੱਡੀ ਗਿਣਤੀ ’ਚ ਹਾਜ਼ਰ ਹੋਏ ਦਲਿਤ ਸਮਾਜ ਦੇ ਲੋਕਾਂ ਦੀ ਹਾਜ਼ਰੀ ਦੌਰਾਨ ਪ੍ਰਦਰਸ਼ਨਕਾਰੀ ਸੈਨਾ ਆਗੂ ਬਲਵਿੰਦਰ ਮਾਲਡ਼ੀ ਤੇ ਧਰਮਿੰਦਰ ਨੰਗਲ ਨੇ ਕਿਹਾ ਕਿ ਰੱਤਡ਼ਾ ਨਿਵਾਸੀ ਰਾਜੀ ਪਤਨੀ ਹਰੀ ਰਾਮ ਨੇ ਫੱਤੂਢੀਂਗਾ ਪੁਲਸ ਨੂੰ ਆਪਣੇ ਪੁੱਤਰ ਸੰਨੀ ’ਤੇ 40 ਦੇ ਕਰੀਬ ਵਿਅਕਤੀਆਂ ਵਲੋਂ ਕੀਤੇ ਜਾਨਲੇਵਾ ਹਮਲੇ ਦੀ ਲਿਖਤੀ ਰਿਪੋਰਟ 13 ਅਗਸਤ 2018 ਨੂੰ ਦਿੱਤੀ ਸੀ, ਜਿਸ ’ਤੇ ਥਾਣਾ ਫੱਤੂਢੀਂਗਾ ਨੇ ਕਥਿਤ ਤੌਰ ’ਤੇ ਲੋਡ਼ੀਂਦੀ ਕਾਰਵਾਈ ਨਹੀਂ ਕੀਤੀ। ਬੁਲਾਰਿਆਂ ਨੇ ਕਿਹਾ ਕਿ ਮੁਡ਼ ਫਿਰ ਦੋਹਾਂ ਧਿਰਾਂ ਵਿਚਕਾਰ ਰਾਜ਼ੀਨਾਮੇ ਨੂੰ ਲੈ ਕੇ ਇਲਾਕੇ ਦੇ ਮੋਹਤਬਰਾਂ ਨੇ ਇਕ ਅਹਿਮ ਮੀਟਿੰਗ ਬੁਲਾਈ, ਜਿਸ ’ਚ ਹੋਰ ਤਾਂ ਕੋਈ ਖਾਸ ਸਿੱਟਾ ਨਹੀਂ ਨਿਕਲਿਆ ਪਰ ਰੱਤਡ਼ਾ ਨਿਵਾਸੀ ਪ੍ਰਭਾਵਿਤ ਧਿਰ ਖਿਲਾਫ ਪੁਲਸ ਨੇ ਸਿਆਸੀ ਸ਼ਹਿ ’ਤੇ ਝੂਠਾ ਮੁਕੱਦਮਾ ਦਰਜ ਕਰ ਦਿੱਤਾ ਹੈ, ਜਿਸ ਨੂੰ ਬਿਨਾਂ ਸ਼ਰਤ ਖਾਰਿਜ ਕੀਤਾ ਜਾਣਾ ਚਾਹੀਦਾ ਹੈ ਤੇ ਸਬੰਧਤ ਮੁਲਜ਼ਮਾਂ ਖਿਲਾਫ ਪਰਚੇ ਦਰਜ ਕਰ ਕੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। 
ਲਗਭਗ 3-4 ਘੰਟੇ ਚੱਲੇ ਉਕਤ ਰੋਸ ਧਰਨੇ ਨੂੰ ਖਤਮ ਕਰਾਉਣ ਲਈ ਪੁਲਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀ ਅਗਵਾਈ ਕਰਤਾ ਆਗੂਆਂ ਦੀ ਮੀਟਿੰਗ ਜ਼ਿਲਾ ਪੁਲਸ ਕਪਤਾਨ ਸਤਿੰਦਰ ਸਿੰਘ ਨਾਲ ਕਰਵਾਈ, ਜਿਨ੍ਹਾਂ ਵੱਲੋਂ ਉਕਤ ਮਾਮਲੇ ਦੀ ਨਿਰਪੱਖ ਜਾਂਚ ਕਰਾਉਣ ਦੇ ਦਿੱਤੇ ਭਰੋਸੇ ਮਗਰੋਂ ਸੈਨਾ ਆਗੂਆਂ ਨੇ ਰੋਸ ਧਰਨਾ ਖਤਮ ਕੀਤਾ।