ਅਮਰਨਾਥ ਯਾਤਰਾ ਖਰਾਬ ਮੌਸਮ ਕਾਰਨ ਤੀਜੇ ਦਿਨ ਵੀ ਰੁਕੀ

06/30/2018 8:34:14 AM

ਸ਼੍ਰੀਨਗਰ (ਨਰਿੰਦਰ) : ਜੰਮੂ-ਕਸ਼ਮੀਰ 'ਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਲੈਂਡ ਸਲਾਈਡਿੰਗ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਸ ਤੋਂ ਬਾਅਦ ਸਾਵਧਾਨੀ ਦੇ ਚੱਲਦਿਆਂ ਅਮਰਨਾਥ ਯਾਤਰਾ ਨੂੰ ਤੀਜੇ ਦਿਨ ਵੀ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਹੈ। ਖਰਾਬ ਮੌਸਮ ਨੂੰ ਦੇਖਦੇ ਹੋਏ ਸ਼ਰਧਾਲੂਆਂ ਨੂੰ ਜੰਮੂ ਕੈਂਪ 'ਚ ਹੀ ਰੋਕਿਆ ਗਿਆ ਹੈ। ਯਾਤਰਾ ਮਾਰਗ 'ਚ ਫਿਸਲਣ ਅਤੇ ਬਾਰਸ਼ ਹੋਣ ਕਾਰਨ ਅਮਰਨਾਥ ਯਾਤਰਾ 'ਤੇ ਬ੍ਰੇਕ ਲਾ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਯਾਤਰਾ ਦੇ ਪਹਿਲੇ ਦਿਨ ਮਤਲਬ ਕਿ 28 ਜੂਨ ਤੋਂ ਹੀ ਬਾਰਸ਼ ਹੋ ਰਹੀ ਹੈ, ਜਿਸ ਕਾਰਨ ਸੜਕਾਂ ਦੀ ਹਾਲਤ ਇੰਨੀ ਖਰਾਬ ਹੈ ਕਿ ਬਾਲਟਾਲ ਅਤੇ ਪਹਿਲਗਾਮ ਦੋਹਾਂ ਮਾਰਗਾਂ 'ਤੇ ਯਾਤਰਾ ਰੋਕ ਦਿੱਤੀ ਗਈ ਹੈ। ਪਵਿੱਤਰ ਗੁਫਾ ਦੇ ਰਸਤੇ 'ਚ ਕਰੀਬ 100 ਮੀਟਰ ਦਾ ਟ੍ਰੈਕ ਬਾਰਸ਼ 'ਚ ਰੁੜ੍ਹ ਗਿਆ ਹੈ। ਇਸ ਤੋਂ ਇਲਾਵਾ ਛੋਟੇ-ਛੋਟੇ ਪੁਲ ਵੀ ਰੁੜ੍ਹ ਗਏ ਹਨ। 
ਇਸ ਤੋਂ ਪਹਿਲਾਂ ਖਰਾਬ ਮੌਸਮ ਨੇ ਅਮਰਨਾਥ ਯਾਤਰਾ ਦੇ ਪਹਿਲੇ ਦਿਨ ਹੀ ਭਾਰੀ ਰੁਕਾਵਟ ਪੈਦਾ ਕੀਤੀ ਸੀ, ਜਿਸ ਦੇ ਚੱਲਦਿਆਂ ਸਿਰਫ 1,007 ਸ਼ਰਧਾਲੂ ਹੀ ਗੁਫਾ ਮੰਦਰ 'ਚ ਬਰਫ 'ਚ ਬਣੇ ਸ਼ਿਵਲਿੰਗ ਦੇ ਦਰਸ਼ਨ ਕਰ ਸਕੇ ਸਨ। ਤੁਹਾਨੂੰ ਦੱਸ ਦੇਈਏ ਕਿ ਅਮਰਨਾਥ ਯਾਤਰਾ 26 ਅਗਸਤ ਨੂੰ ਖਤਮ ਹੋਣੀ ਹੈ ਅਤੇ ਇਸ ਦਿਨ ਰੱਖੜੀ ਦਾ ਤਿਉਹਾਰ ਵੀ ਹੈ।