ਮੀਂਹ ਦੇ ਪਾਣੀ ਦੀ ਨਿਕਾਸੀ ਦੇ ਸਾਰੇ ਪ੍ਰਬੰਧ ਹੋਏ ਖੋਖਲੇ

09/01/2017 6:07:00 AM

ਸੁਲਤਾਨਪੁਰ ਲੋਧੀ, (ਸੋਢੀ)- ਸੁਲਤਾਨਪੁਰ ਲੋਧੀ 'ਚ ਅੱਜ ਪਏ ਮੀਂਹ ਨਾਲ ਲੋਕਾਂ ਨੂੰ ਜਿਥੇ ਗਰਮੀ ਤੋਂ ਰਾਹਤ ਮਿਲੀ, ਉਥੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਵੀ ਵੱਧ ਗਈਆਂ ਹਨ। ਨਗਰ ਕੌਂਸਲ ਵਲੋਂ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਕੀਤੇ ਸਾਰੇ ਪ੍ਰਬੰਧ ਮੀਂਹ ਪੈਣ ਤੋਂ ਬਾਅਦ ਖੋਖਲੇ ਸਾਬਤ ਹੋਏ। ਸ਼ਹਿਰ ਦੇ ਨਗਰ ਕੌਂਸਲ ਦਫ਼ਤਰ ਨੇੜਿਓਂ ਹੀ ਬੀ. ਡੀ. ਪੀ. ਓ. ਦਫ਼ਤਰ ਨੂੰ ਜਾਂਦੀ ਮਾਰਕੀਟ 'ਚ ਕਈ ਘੰਟੇ ਮੀਂਹ ਦਾ ਇਕੱਠਾ ਹੋਇਆ ਪਾਣੀ ਸਥਾਨਕ ਦੁਕਾਨਦਾਰਾਂ ਤੇ ਹੋਰ ਲੋਕਾਂ ਲਈ ਮੁਸੀਬਤ ਬਣਿਆ ਰਿਹਾ। ਹੋਰ ਸੜਕਾਂ 'ਤੇ ਵੀ ਪਾਣੀ ਜਮ੍ਹਾ ਹੋਣ ਕਾਰਨ ਵਾਹਨ ਚਾਲਕਾਂ ਨੂੰ ਵੀ ਭਾਰੀ ਸਮੱਸਿਆ ਆਈ। ਮੀਂਹ ਦੇ ਪਾਣੀ ਦੀ ਨਿਕਾਸੀ ਲਈ ਭਾਵੇਂ ਨਗਰ ਕੌਂਸਲ ਵਲੋਂ ਆਰੀਆ ਸਮਾਜ ਚੌਕ ਤੋਂ ਬੀ. ਡੀ. ਪੀ. ਓ. ਦਫ਼ਤਰ ਤਕ ਸੜਕ ਦੇ ਹੇਠਾਂ ਪਾਈਪ ਲਾਈਨ ਵੀ ਪਾਈ ਗਈ ਹੈ ਪਰ ਪਤਾ ਨਹੀਂ ਫਿਰ ਵੀ ਮੀਂਹ ਦਾ ਪਾਣੀ ਇਸ ਸੜਕ 'ਤੇ ਇੰਨਾ ਕਿਵੇਂ ਇਕੱਠਾ ਹੋ ਜਾਂਦਾ ਹੈ ਕਿ ਕਈ ਦੁਕਾਨਾਂ ਅੰਦਰ ਚਲੇ ਜਾਂਦਾ ਹੈ। ਇਸੇ ਤਰ੍ਹਾਂ ਹੀ ਮੋਰੀ ਮੁਹੱਲਾ 'ਚ ਵੀ ਪਾਣੀ ਸੜਕਾਂ 'ਤੇ ਭਰਿਆ ਹੋਇਆ ਸੀ ਤੇ ਸ਼ਹਿਰ ਦੀ ਟੈਲੀਫੋਨ ਐਕਸਚੇਂਜ ਦੇ ਮੁੱਖ ਗੇਟ ਮੂਹਰੇ ਵੀ ਪਾਣੀ ਦਾ ਛੱਪੜ ਲੱਗਾ ਹੋਇਆ ਹੈ।