ਸੂਬਾ ਇੰਚਾਰਜ ਨੂੰ ਵਿਧਾਨ ਸਭਾ ਹਲਕਾ ਪ੍ਰਧਾਨਾਂ ਨੇ ਸੁਣਾਈਆਂ ਖਰੀਆਂ-ਖਰੀਆਂ

04/26/2018 6:21:43 PM

ਜਲੰਧਰ (ਚੋਪੜਾ)—ਜ਼ਿਲਾ ਕਾਂਗਰਸ ਦਿਹਾਤੀ ਦੀ ਪ੍ਰਧਾਨਗੀ ਦੇ ਵਿਵਾਦ ਤੋਂ ਬਾਅਦ ਬੁੱਧਵਾਰ ਯੂਥ ਕਾਂਗਰਸ 'ਚ ਉਸ ਸਮੇਂ ਰੌਲਾ ਪੈ ਗਿਆ ਜਦੋਂ ਸਥਾਨਕ ਸਰਕਟ ਹਾਊਸ 'ਚ ਯੂਥ ਕਾਂਗਰਸ ਜਲੰਧਰ ਲੋਕ ਸਭਾ ਹਲਕੇ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਨ ਆਏ ਆਲ ਇੰਡੀਆ ਯੂਥ ਕਾਂਗਰਸ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹੇਮੰਤ ਓਗੇਲ ਨੂੰ ਵਿਧਾਨ ਸਭਾ ਹਲਕਾ ਪ੍ਰਧਾਨਾਂ ਨੇ ਖਰੀਆਂ-ਖਰੀਆਂ ਸੁਣਾਈਆਂ। ਇਸ ਦੌਰਾਨ ਯੂਥ ਕਾਂਗਰਸ ਵਿਧਾਨ ਸਭਾ ਹਲਕਾ ਪ੍ਰਧਾਨਾਂ ਪਰਮਜੀਤ ਬੱਲ, ਰਾਜੇਸ਼ ਅਗਨੀਹੋਤਰੀ, ਭਵਨੇਸ਼ ਕੰਡਾ, ਪਵਨ ਪੁੰਜ ਜਿੰਮੀ, ਅਜੇ ਕੁਮਾਰ, ਜਗਦੀਪ ਸਿੰਘ ਸੋਨੂੰ ਅਤੇ ਹੋਰਨਾਂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਬਣੇ ਨੂੰ ਇਕ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਪਰ ਯੂਥ ਕਾਂਗਰਸ ਅਹੁਦੇਦਾਰਾਂ ਦੀ ਨਾ ਤਾਂ ਸਰਕਾਰ ਵਿਚ ਕੋਈ ਸੁਣਵਾਈ ਹੈ ਅਤੇ ਨਾ ਹੀ ਹਲਕਾ ਵਿਧਾਇਕ, ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀ ਉਨ੍ਹਾਂ ਦੀ ਸੁਣਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲੇ ਵਿਚ ਮੁੱਖ ਮੰਤਰੀ ਜਾਂ ਕਿਸੇ ਵੀ ਕੈਬਨਿਟ ਮੰਤਰੀ ਦੇ ਆਉਣ 'ਤੇ ਯੂਥ ਕਾਂਗਰਸ ਨੂੰ ਕੋਈ ਮਹੱਤਤਾ ਨਹੀਂ ਮਿਲਦੀ। ਯੂਥ ਆਗੂਆਂ ਨੇ ਕਿਹਾ ਕਿ ਵਿਰੋਧੀ ਧਿਰ 'ਚ ਰਹਿੰਦਿਆਂ ਯੂਥ ਕਾਂਗਰਸ ਵਲੋਂ ਦਿੱਤੇ ਪ੍ਰੋਗਰਾਮਾਂ ਨੂੰ ਉਹ ਸੂਬਾ ਕਾਂਗਰਸ ਵਾਂਗ ਕਰਦੇ ਰਹੇ। ਜਦੋਂ ਨਿਗਮ ਚੋਣਾਂ 'ਚ ਟਿਕਟਾਂ ਦੇਣ  ਦੀ ਗੱਲ ਆਈ ਤਾਂ ਉਨ੍ਹਾਂ ਨੂੰ ਹਲਕਾ ਵਿਧਾਇਕਾਂ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਕਿਉਂਕਿ ਟਿਕਟਾਂ ਵਿਧਾਇਕਾਂ ਦੀਆਂ ਸਿਫਾਰਸ਼ਾਂ 'ਤੇ ਮਿਲਣੀਆਂ ਸਨ। 
ਉਨ੍ਹਾਂ ਕਿਹਾ ਕਿ ਨਿਗਮ ਦੀਆਂ 80 ਸੀਟਾਂ 'ਚੋਂ ਯੂਥ ਕਾਂਗਰਸ ਨੂੰ ਇਕ ਟਿਕਟ ਤੱਕ ਨਸੀਬ ਨਹੀਂ ਹੋਈ, ਸਗੋਂ 10 ਸਾਲਾਂ ਤੱਕ ਅਕਾਲੀ-ਭਾਜਪਾ ਆਗੂਆਂ ਦੀਆਂ ਲਾਲ ਬੱਤੀ ਕਾਰਾਂ ਵਿਚ ਘੁੰਮਣ ਵਾਲੇ ਨੇਤਾਵਾਂ ਨੂੰ ਕਾਂਗਰਸ 'ਚ ਸ਼ਾਮਲ ਕਰਕੇ ਟਿਕਟਾਂ ਨਾਲ ਨਿਵਾਜਿਆ ਗਿਆ ਅਤੇ ਉਹ ਲੋਕ ਹੁਣ ਕਾਂਗਰਸ 'ਚ ਸੱਤਾ ਦਾ ਸੁੱਖ ਭੋਗ ਰਹੇ ਹਨ। ਇਕ ਅਹੁਦੇਦਾਰ ਨੇ ਸੂਬਾ ਇੰਚਾਰਜ ਨੂੰ ਇਥੋਂ ਤੱਕ ਸੁਣਾਇਆ ਕਿ ਹੁਣ ਫਿਰ ਧਰਨੇ ਰੈਲੀਆਂ ਦੀ ਲੋੜ ਪਈ ਤਾਂ ਯੂਥ ਕਾਂਗਰਸ 'ਤੇ ਭੀੜ ਇਕੱਠੀ ਕਰਨ ਦੀ ਜ਼ਿੰਮੇਵਾਰੀ ਪਾਈ ਜਾ ਰਹੀ ਹੈ। ਤੁਸੀਂ ਵੀ ਜਦੋਂ ਮੀਟਿੰਗ ਕਰਨੀ ਹੋਵੇ ਤਾਂ ਵਿਧਾਇਕਾਂ ਕੋਲੋਂ ਹੀ ਸਾਨੂੰ ਕਹਾਇਆ ਕਰੋ ਤਾਂ ਜੋ ਵਿਧਾਇਕਾਂ ਅਤੇ ਯੂਥ ਕਾਂਗਰਸ ਵਿਚ ਬਣੀ ਖਾਈ ਖਤਮ ਹੋ ਸਕੇ। ਬੱਲ ਨੇ ਕਿਹਾ ਕਿ ਨਿਗਮ ਦੇ ਖਿਲਾਫ ਪ੍ਰਦਰਸ਼ਨ ਕਰਨ 'ਤੇ ਅਕਾਲੀ-ਭਾਜਪਾ ਦੀ ਸ਼ਹਿ 'ਤੇ ਉਨ੍ਹਾਂ 'ਤੇ ਝੂਠਾ ਪੁਲਸ ਕੇਸ ਦਰਜ ਹੋਇਆ ਪਰ ਹੁਣ ਕਾਂਗਰਸ ਦੀ ਸਰਕਾਰ ਆਉਣ 'ਤੇ ਵੀ ਉਹ ਅਦਾਲਤਾਂ ਦੇ ਧੱਕੇ ਖਾਣ ਨੂੰ ਮਜਬੂਰ ਹਨ। ਸੂਬਾ ਇੰਚਾਰਜ ਨੇ ਕਿਹਾ ਕਿ ਸਾਰਿਆਂ ਦੀਆਂ ਮੁਸ਼ਕਲਾਂ ਅਤੇ ਸ਼ਿਕਾਇਤਾਂ ਨੂੰ ਜਲਦ ਹੀ ਦੂਰ ਕੀਤਾ ਜਾਵੇਗਾ। ਇਸ ਮੌਕੇ ਕੈਂਟ ਵਿਧਾਨ ਸਭਾ ਹਲਕੇ ਦੇ ਪ੍ਰਧਾਨ ਅੰਗਦ ਦੱਤਾ, ਪਰਮਵੀਰ  ਸੁੱਖਾ, ਤਰਸੇਮ ਥਾਪਰ, ਵਿਕਾਸ ਨਾਹਰ, ਜਸਕਰਨ ਸਿੰਘ, ਅਖਿਲ ਭਾਰਤੀ, ਸਤੀਸ਼ ਗੋਲਡੀ, ਵਰੁਣ ਚੱਢਾ, ਰਿੱਕੀ ਮਦਾਨ ਤੇ ਹੋਰ ਵੀ ਮੌਜੂਦ ਸਨ।

ਯੂਥ ਆਗੂਆਂ ਦੀਆਂ ਮੁਸ਼ਕਲਾਂ ਤੇ ਰੋਸ ਨੂੰ ਸੀਨੀਅਰ ਲੀਡਰਸ਼ਿਪ ਸਾਹਮਣੇ ਰੱਖਾਂਗੇ: ਅਸ਼ਵਨ ਭੱਲਾ
ਜਲੰਧਰ ਲੋਕ ਸਭਾ ਹਲਕੇ ਦੇ ਪ੍ਰਧਾਨ ਅਸ਼ਵਨ ਭੱਲਾ ਨੇ ਕਿਹਾ ਕਿ ਆਲ ਇੰਡੀਆ ਕਾਂਗਰਸ ਵੱਲੋਂ 29 ਅਪ੍ਰੈਲ ਨੂੰ ਰਾਮ ਲੀਲਾ ਗਰਾਊਂਡ ਵਿਚ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਕੀਤੀ ਜਾ ਰਹੀ ਰੈਲੀ ਵਿਚ ਜਲੰਧਰ ਤੋਂ ਵੱਡੀ ਗਿਣਤੀ ਵਿਚ ਯੂਥ ਕਾਂਗਰਸ ਵਰਕਰ ਸ਼ਾਮਲ ਹੋਣਗੇ। ਭੱਲਾ ਨੇ ਕਿਹਾ ਕਿ ਵਿਰੋਧੀ ਧਿਰ ਵਿਚ ਬੇਹੱਦ ਸਰਗਰਮ ਰਹਿਣ ਵਾਲੇ ਯੂਥ ਆਗੂ ਜੇਕਰ ਸਰਕਾਰ ਬਣਨ ਤੋਂ ਬਾਅਦ ਕੰਮ ਬੰਦ ਕਰ ਦੇਣਗੇ ਤਾਂ ਉਨ੍ਹਾਂ ਦੇ ਸਿਆਸੀ ਕੈਰੀਅਰ 'ਤੇ ਮਾੜਾ ਪ੍ਰਭਾਵ ਪਵੇਗਾ। ਉਨ੍ਹਾਂ ਕਿਹਾ ਕਿ ਨਿਗਮ ਚੋਣਾਂ ਵਿਚ ਜੇਕਰ ਇਸ ਵਾਰ ਵੀ ਟਿਕਟ ਨਾ ਮਿਲੀ ਤਾਂ ਅਗਲੀ ਵਾਰ ਮਿਲ ਜਾਵੇਗੀ, ਯੂਥ ਆਗੂਆਂ ਨੂੰ ਸਿਰਫ ਟਿਕਟ ਲੈਣ ਦੀ ਸੋਚ ਨਹੀਂ ਰੱਖਣੀ ਚਾਹੀਦੀ ਕਿਉਂਕਿ ਪਾਰਟੀ ਕੋਲ ਉਨ੍ਹਾਂ ਨੂੰ ਦੇਣ ਲਈ ਬਹੁਤ ਕੁਝ ਹੈ। ਭੱਲਾ ਨੇ ਕਿਹਾ ਕਿ ਯੂਥ ਆਗੂਆਂ ਦੀਆਂ ਮੁਸ਼ਕਲਾਂ ਅਤੇ ਰੋਸ ਨੂੰ ਸੀਨੀਅਰ ਲੀਡਰਸ਼ਿਪ ਸਾਹਮਣੇ ਰੱਖਣਗੇ।
ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਲੈ ਕੇ ਯੂਥ ਕਾਂਗਰਸ ਚਲਾਏਗੀ ਹਸਤਾਖਰ ਮੁਹਿੰਮ: ਹੇਮੰਤ ਔਗੇਲ
ਸੂਬਾ ਇੰਚਾਰਜ ਹੇਮੰਤ ਔਗੇਲ ਨੇ ਦੱਸਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਮੋਦੀ ਸਰਕਾਰ ਨੇ ਪੰਜਾਬ ਦੇ 1615 ਕਰੋੜ ਰੁਪਏ ਦੇ ਫੰਡ ਰੋਕੇ ਹੋਏ ਹਨ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਕਾਲਜਾਂ, ਯੂਨੀਵਰਸਿਟੀਆਂ ਵਿਚ ਜਾ ਕੇ ਹਸਤਾਖਰ ਮੁਹਿੰਮ ਚਲਾਏਗੀ ਅਤੇ ਜਿਨ੍ਹਾਂ ਦਲਿਤ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਨਹੀਂ ਮਿਲੀ, ਉਨ੍ਹਾਂ ਦੇ ਹਸਤਾਖਰ ਲਏ ਜਾਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇਸ਼ ਭਰ ਵਿਚ ਸ਼ੁਰੂ ਕੀਤੀ ਜਾਣ ਵਾਲੀ ਇਸ ਮੁਹਿੰਮ ਨੂੰ ਰਾਸ਼ਟਰ  ਪੱਧਰੀ ਅੰਦੋਲਨ ਬਣਾਵੇਗੀ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਵਿਚ ਅਨੁਸ਼ਾਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਹਰੇਕ ਮੀਟਿੰਗ ਵਿਚ ਸਾਰੇ ਅਹੁਦੇਦਾਰਾਂ ਦੇ ਕੰਮਾਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਜੋ ਨੇਤਾ ਕੰਮ ਨਹੀਂ ਕਰੇਗਾ ਉਸ ਨੂੰ ਯੂਥ ਕਾਂਗਰਸ ਦੇ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੋਵੇਗਾ।