ਰਾਜਨਾਥ ਤੇ ਅਮਰਿੰਦਰ ਸਿੰਘ ਦਾ ਜੋਧਪੁਰ ਨਜ਼ਰਬੰਦਾਂ ਨੂੰ ਮੁਆਵਜ਼ੇ ਲਈ ਰਾਸ਼ੀ ਰਿਲੀਜ਼ ਕਰਨ ਦਾ ਫੈਸਲਾ ਸ਼ਲਾਘਾਯੋਗ

07/05/2018 6:24:07 AM

ਅੰਮ੍ਰਿਤਸਰ (ਵਾਲੀਆ) - ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ, ਫੈੱਡਰੇਸ਼ਨ ਦੇ ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ ਤੇ ਸਕੱਤਰ ਜਨਰਲ ਐਡਵੋਕਟ ਅਮਰਜੀਤ ਸਿੰਘ ਪਠਾਨਕੋਟ ਨੇ ਇਕ ਸਾਂਝੇ ਬਿਆਨ ਵਿਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਵੱਡਾ ਦਿਲ ਦਿਖਾਉਂਦਿਆਂ ਜੋਧਪੁਰ ਨਜ਼ਰਬੰਦਾਂ ਦੇ ਮੁਆਵਜ਼ੇ ਲਈ ਬਣਦੀ ਰਾਸ਼ੀ ਰਿਲੀਜ਼ ਕਰਨ ਦਾ ਸ਼ਲਾਘਾਯੋਗ ਫੈਸਲਾ ਕੀਤਾ, ਦਾ ਤਹਿ-ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਰਾਜਨਾਥ ਸਿੰਘ ਤੇ ਕੈਪਟਨ ਅਮਰਿੰਦਰ ਸਿੰਘ ਜੋਧਪੁਰ ਨਜ਼ਰਬੰਦਾਂ ਦਾ ਮਸਲਾ ਨਿੱਜੀ ਦਿਲਚਸਪੀ ਲੈ ਕੇ ਹੱਲ ਨਾ ਕਰਦੇ ਤਾਂ ਇਹ ਮਸਲਾ 20-25 ਸਾਲ ਹੋਰ ਲਟਕ ਜਾਣਾ ਸੀ, ਜਿਵੇਂ ਕਿ ਪਹਿਲਾਂ 27 ਸਾਲ ਲਟਕਿਆ ਰਿਹਾ।
ਉਨ੍ਹਾਂ ਆਸ ਪ੍ਰਗਟਾਈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੇਂਦਰ ਸਰਕਾਰ 40 ਸਿੱਖ ਨਜ਼ਰਬੰਦਾਂ ਵਾਲੇ ਪੈਟਰਨ 'ਤੇ ਬਾਕੀ ਬਚੇ 325 ਸਿੱਖ ਨਜ਼ਰਬੰਦਾਂ ਨੂੰ ਵੀ ਉਨ੍ਹਾਂ ਦੀ ਬਣਦੀ ਰਾਸ਼ੀ ਜਲਦੀ ਰਿਲੀਜ਼ ਕਰਨਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਾਲੇ ਪਾਸੇ ਪੰਜਾਬ ਦੇ ਰਾਜ ਗਾਇਕ ਅਤੇ ਭਾਜਪਾ ਦੇ ਉੱਘੇ ਆਗੂ ਹੰਸ ਰਾਜ ਹੰਸ ਤੇ ਪੰਜਾਬ ਸਰਕਾਰ ਵਾਲੇ ਪਾਸੇ ਪੱਟੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਜੋਧਪੁਰ ਨਜ਼ਰਬੰਦਾਂ ਦੇ ਸਿਆਸੀ ਵਕੀਲ ਬਣ ਕੇ ਕ੍ਰਮਵਾਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਇਹ ਮਸਲਾ ਹੱਲ ਕਰਵਾਇਆ ਹੈ। ਇਸੇ ਤਰ੍ਹਾਂ ਕਾਨੂੰਨੀ ਤੌਰ 'ਤੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਜੋਧਪੁਰ ਨਜ਼ਰਬੰਦਾਂ ਦਾ ਕੇਸ ਸੈਸ਼ਨ ਕੋਰਟ ਅੰਮ੍ਰਿਤਸਰ 'ਚ ਜਿੱਤ ਕੇ ਇਕ ਵੱਡੀ ਅਤੇ ਇਤਿਹਾਸਕ ਭੂਮਿਕਾ ਨਿਭਾਈ ਹੈ। ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਹੰਸ ਰਾਜ ਹੰਸ, ਹਰਮਿੰਦਰ ਸਿੰਘ ਗਿੱਲ ਤੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੀ ਹੈ।