ਦੇਸ਼ ਦੇ 4 ਕਰੋੜ ਘਰ ਹਾਲੇ ਵੀ ਬਿਜਲੀ ਤੋਂ ਵਾਂਝੇ

11/18/2017 10:41:53 AM

ਪਟਿਆਲਾ (ਪਰਮੀਤ)-ਦੇਸ਼ ਦੇ 4 ਕਰੋੜ ਘਰਾਂ 'ਚ ਰਹਿੰਦੇ 30 ਕਰੋੜ ਲੋਕ ਹਾਲੇ ਵੀ ਬਿਜਲੀ ਦੀ ਸਹੂਲਤ ਤੋਂ ਵਾਂਝੇ ਹਨ। ਜਿਹੜੇ ਲੋਕਾਂ ਨੂੰ ਬਿਜਲੀ ਮਿਲ ਰਹੀ ਹੈ, ਉਹ ਵੀ ਕੱਟਾਂ ਦਾ ਸਾਹਮਣਾ ਕਰ ਰਹੇ ਹਨ। ਇਹ ਦਿਲਚਸਪ ਸਥਿਤੀ ਉਦੋਂ ਦੀ ਹੈ, ਜਦੋਂ ਦੇਸ਼ ਵਿਚ ਬਿਜਲੀ ਦੀ ਮੰਗ 1 ਲੱਖ 60 ਹਜ਼ਾਰ ਮੈਗਾਵਾਟ ਹੈ। ਬਿਜਲੀ ਦੀ ਪੈਦਾਵਾਰ 3 ਲੱਖ 38 ਹਜ਼ਾਰ ਮੈਗਾਵਾਟ ਹੈ। 
ਇਹ ਦਿਲਚਸਪੀ ਭਰਿਆ ਪ੍ਰਗਟਾਵਾ ਆਲ ਇੰਡੀਆ ਪਾਵਰ ਇੰਜੀਨੀਅਰਜ਼ ਫੈੱਡਰੇਸ਼ਨ ਨੇ ਕੇਂਦਰੀ ਬਿਜਲੀ ਮੰਤਰੀ ਨਾਲ ਮੁਲਾਕਾਤ ਸਮੇਂ ਕੀਤਾ ਹੈ। ਫੈੱਡਰੇਸ਼ਨ ਦੇ ਬੁਲਾਰੇ ਵੀ. ਕੇ. ਗੁਪਤਾ ਅਨੁਸਾਰ ਦੇਸ਼ ਵਿਚ ਬਿਜਲੀ ਪੈਦਾਵਾਰ ਨੂੰ ਲੈ ਕੇ ਕਾਰਗਰ ਨੀਤੀਆਂ ਨਹੀਂ ਬਣਾਈਆਂ ਜਾ ਰਹੀਆਂ। ਕੇਂਦਰ ਤੇ ਰਾਜ ਸਰਕਾਰਾਂ ਦੀਆਂ ਗਲਤ ਨੀਤੀਆਂ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਫੈੱਡਰੇਸ਼ਨ ਨੇ ਪ੍ਰਾਈਵੇਟ ਬਿਜਲੀ ਉਤਪਾਦਕਾਂ ਤੋਂ ਨਿਰਭਰਤਾ ਘਟਾਉਣ ਦੀ ਮੰਗ ਜ਼ੋਰ-ਸ਼ੋਰ ਨਾਲ ਉਠਾਈ ਹੈ। ਫੈੱਡਰੇਸ਼ਨ ਦੇ ਚੇਅਰਮੈਨ ਸ਼ੈਲੇਂਦਰ ਦੂਬੇ ਦੀ ਅਗਵਾਈ ਹੇਠ ਕੇਂਦਰੀ ਬਿਜਲੀ ਮੰਤਰੀ ਨੂੰ ਮਿਲੇ ਵਫਦ ਨੇ ਮੰਗ ਕੀਤੀ ਹੈ ਕਿ ਬਿਜਲੀ ਕੰਪਨੀਆਂ ਦਾ ਏਕੀਕਰਨ ਸਹੀ ਨਹੀਂ ਤੇ ਨਾ ਹੀ ਸਰਕਾਰੀ ਖੇਤਰ ਦੇ ਬਿਜਲੀ ਪਲਾਂਟਾਂ ਨੂੰ ਬੰਦ ਕਰਨਾ ਚਾਹੀਦਾ ਹੈ। ਬਿਜਲੀ ਸੋਧ ਐਕਟ ਦੇ ਸਾਰੇ ਹੀ ਬਿਜਲੀ ਇੰਜੀਨੀਅਰਜ਼ ਖਿਲਾਫ ਹਨ। 
ਉਨ੍ਹਾਂ ਮੰਗ ਕੀਤੀ ਹੈ ਕਿ ਬਿਜਲੀ ਉਤਪਾਦਨ ਦੇ ਮਾਮਲੇ ਵਿਚ ਨਵੀਆਂ ਨੀਤੀਆਂ ਲਿਆਉਣ ਤੋਂ ਪਹਿਲਾਂ ਪਿਛਲੇ 2 ਦਹਾਕਿਆਂ ਦੌਰਾਨ ਅਪਣਾਈਆਂ ਗਈਆਂ ਬਿਜਲੀ ਨੀਤੀਆਂ ਦੀ ਸਮੀਖਿਆ ਹੋਣੀ ਚਾਹੀਦੀ ਹੈ।