ਕਸ਼ਮੀਰੀ ਵਿਦਿਆਰਥੀਆਂ ਸਮੇਤ ਸਾਰੇ ਬਾਹਰੀ ਵਿਦਿਆਰਥੀਆਂ ਦੀ ਪੁਲਸ ਕਰੇਗੀ ਵੈਰੀਫਿਕੇਸ਼ਨ

10/11/2018 9:35:30 PM

ਚੰਡੀਗਡ਼੍ਹ (ਰਮਨਜੀਤ): ਜਲੰਧਰ ਦੇ ਨਿੱਜੀ ਟ੍ਰੇਨਿੰਗ ਸੰਸਥਾ ਤੋਂ ਕਸ਼ਮੀਰੀ ਨੌਜਵਾਨਾਂ ਦੇ ਅੱਤਵਾਦੀ ਗਤੀਵਿਧੀਆਂ 'ਚ ਦੋਸ਼ੀ ਪਾਏ ਜਾਣ ਤੋਂ ਬਾਅਦ ਹੁਣ ਰਾਜ ਭਰ 'ਚ ਪੰਜਾਬ ਪੁਲਸ ਵੱਡੀ ਮੁਹਿੰਮ ਚਲਾਕੇ ਵੈਰੀਫਿਕੇਸ਼ਨ ਕਰੇਗੀ। ਇਸ ਮੁਹਿੰਮ 'ਚ ਜੰਮੂ-ਕਸ਼ਮੀਰ ਤੋਂ ਪੰਜਾਬ 'ਚ ਪਡ਼੍ਹਨ ਆਏ ਹੋਏ ਨੌਜਵਾਨ ਅਤੇ ਨਕਸਲ ਪ੍ਰਭਾਵਿਤ ਰਾਜਾਂ ਤੋਂ ਆਏ ਹੋਏ ਵਿਦਿਆਰਥੀਆਂ 'ਤੇ ਖਾਸ ਧਿਆਨ ਦਿੱਤਾ ਜਾਵੇਗਾ। ਹਾਸਟਲ ਕਮਰੇ ਤੋਂ ਏ.ਕੇ. 56 ਵਰਗੇ ਹਥਿਆਰ ਬਰਾਮਦ ਹੋਣ ਕਾਰਨ ਪੁਲਸ ਵੈਰੀਫਿਕੇਸ਼ਨ ਦਾ ਫੋਕਸ ਹਾਸਟਲ ਅਤੇ ਪੀ.ਜੀ. ਕਮਰਿਆਂ 'ਤੇ ਵੀ ਰਹੇਗਾ। ਇਸ ਕੰਮ ਲਈ ਪੰਜਾਬ ਪੁਲਸ ਦੇ ਇੰਟੈਲੀਜੈਂਸ ਵਿੰਗ ਨੂੰ ਜਿੰਮੇਵਾਰੀ ਸੌਂਪੀ ਗਈ ਹੈ।
ਪੁਲਸ ਸੂਤਰਾਂ ਅਨੁਸਾਰ ਜੰਮੂ-ਕਸ਼ਮੀਰ ਪੁਲਸ ਦੇ ਇਨਪੁਟਸ ਦੇ ਆਧਾਰ 'ਤੇ ਪਿਛਲੇ ਹਫ਼ਤੇ ਦੌਰਾਨ ਪੰਜਾਬ ਪੁਲਸ ਵੱਲੋਂ ਬਨੂਡ਼ ਅਤੇ ਮੋਹਾਲੀ 'ਚ ਸਥਿਤ ਟ੍ਰੇਨਿੰਗ ਸੰਸਥਾਨਾਂ ਤੋਂ ਵੀ ਕਸ਼ਮੀਰੀ ਮੂਲ ਦੇ ਵਿਦਿਆਰਥੀਆਂ ਨੂੰ ਪੁੱਛਗਿਛ ਲਈ ਹਿਰਾਸਤ ਵਿਚ ਲਿਆ ਸੀ ਅਤੇ ਉਨ੍ਹਾਂ ਤੋਂ ਹੋਈ ਪੁੱਛਗਿਛ ਦਾ ਬਿਓਰਾ ਕਸ਼ਮੀਰ ਪੁਲਸ ਨਾਲ ਸਾਂਝਾ ਕੀਤਾ ਗਿਆ ਸੀ। ਹਾਲਾਂਕਿ ਉਕਤ ਮਾਮਲਿਆਂ 'ਚ ਜਿਆਦਾ ਕੁਝ ਹੱਥ ਨਹੀਂ ਲੱਗਾ ਸੀ, ਪਰ ਪਤਾ ਚੱਲਿਆ ਹੈ ਕਿ ਕਸ਼ਮੀਰ ਵੈਲੀ 'ਚ ਉਨ੍ਹਾਂ ਦੇ ਬਿਆਨਾਂ 'ਤੇ ਹੋਈ ਜਾਂਚ ਤੋਂ ਬਾਅਦ ਪੁਲਸ ਦੇ ਹੱਥ ਅਜਿਹੇ ਸੁਰਾਗ ਲੱਗੇ, ਜਨ੍ਹਿਾਂ ਤੋਂ ਜਲੰਧਰ ਸਥਿਤ ਟ੍ਰੇਨਿੰਗ ਸੰਸਥਾ 'ਚ ਪਡ਼੍ਹਨ ਵਾਲੇ ਕਸ਼ਮੀਰੀ ਨੌਜਵਾਨਾਂ ਦੇ ਅੱਤਵਾਦੀ ਸੰਗਠਨ ਨਾਲ ਸੰਪਰਕਾਂ ਦਾ ਪਤਾ ਚੱਲਿਆ। ਉਸ ਦੇ ਆਧਾਰ 'ਤੇ ਹਾਲੀਆ ਛਾਪਾਮਾਰੀ ਕਰਕੇ ਤਿੰਨ ਨੌਜਵਾਨਾਂ ਦੀ ਗ੍ਰਿਫਤਾਰੀ ਸੰਭਵ ਹੋ ਸਕੀ ਸੀ।