ਮੈਡੀਕਲ ਪ੍ਰੈਕਟੀਸ਼ਨਰਜ਼ ਵੱਲੋਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ

04/26/2018 12:03:11 AM

ਨਵਾਂਸ਼ਹਿਰ, (ਤ੍ਰਿਪਾਠੀ)- ਮੈਡੀਕਲ ਪ੍ਰੈਕਟੀਸ਼ਨਰਜ਼ ਦੀਆਂ ਸਮੱਸਿਆਵਾਂ ਦਾ ਹੱਲ ਨਾ ਕਰਨ ਦੇ ਦੋਸ਼ਾਂ ਤਹਿਤ ਅੱਜ ਮੈਡੀਕਲ ਪ੍ਰੈਕਟੀਸ਼ਨਰਜ਼ ਨੇ ਸ਼ਹਿਰ ਦੇ ਮੁੱਖ ਮਾਰਗਾਂ 'ਤੇ ਰੋਸ ਮਾਰਚ ਕੱਢ ਕੇ ਡੀ.ਸੀ. ਕੰਪਲੈਕਸ 'ਚ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
  ਉਪਰੰਤ ਪ੍ਰਦਰਸ਼ਨਕਾਰੀਆਂ ਦੇ ਵਫਦ ਨੇ ਪਿਛਲੇ ਦਿਨ ਸੁਪਰੀਮ ਕੋਰਟ ਵੱਲੋਂ ਮੈਡੀਕਲ ਪ੍ਰੈਕਟੀਸ਼ਨਰਜ਼ ਦੇ ਕਿੱਤੇ ਨੂੰ ਪ੍ਰਭਾਵਿਤ ਕਰਨ ਵਾਲੇ ਇਕ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਦੀ ਮੰਗ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਪੰਜਾਬ ਦੇ ਚੇਅਰਮੈਨ ਦਿਲਦਾਰ ਸਿੰਘ, ਧਰਮਪਾਲ, ਗੁਰਦੇਵ ਸਿੰਘ ਪਾਬਲਾ, ਅਵਤਾਰ ਸਿੰਘ, ਧਰਮਜੀਤ, ਰਾਮਜੀ ਦਾਸ, ਬਿਮਲ ਤੇ ਤੇਜਿੰਦਰ ਜੋਤ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਕਾਂਗਰਸ ਦੀ ਸਰਕਾਰ ਨੇ ਚੋਣਾਂ ਵੇਲੇ ਮੈਡੀਕਲ ਪ੍ਰੈਕਟੀਸ਼ਨਰਜ਼ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਦਿੰਦੇ ਹੋਏ ਚੋਣ ਘੋਸ਼ਣਾ ਪੱਤਰ 'ਚ ਸ਼ਾਮਲ ਕੀਤਾ ਸੀ ਪਰ 1 ਸਾਲ ਤੋਂ ਵੱਧ ਦਾ ਸੱਤਾ ਸੁੱਖ ਹਾਸਲ ਕਰਨ ਦੇ ਬਾਵਜੂਦ ਵੀ ਸਰਕਾਰ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ 
ਕੋਈ ਠੋਸ ਕੋਸ਼ਿਸ਼ ਨਹੀਂ ਕੀਤੀ, ਜਿਸ ਕਾਰਨ ਸਮੂਹ ਮੈਡੀਕਲ ਪ੍ਰੈਕਟੀਸ਼ਨਰਜ਼ 'ਚ ਪੰਜਾਬ ਸਰਕਾਰ ਖਿਲਾਫ਼ ਭਾਰੀ ਰੋਸ ਹੈ। ਉਪਰੰਤ ਜ਼ਿਲਾ ਪ੍ਰਸ਼ਾਸਨ ਨੂੰ ਸੌਂਪੇ ਮੰਗ ਪੱਤਰ 'ਚ ਵਫਦ 
ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਨਾਲ ਦੇਸ਼ ਦੇ ਲੱਖਾਂ ਮੈਡੀਕਲ ਪ੍ਰੈਕਟੀਸ਼ਨਰਜ਼ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋਵੇਗੀ। 
ਇਸ ਮੌਕੇ ਹਰਜਿੰਦਰ ਸਿੰਘ, ਉਜਾਗਰ ਸਿੰਘ, ਇੰਦਰਜੀਤ ਸਿੰਘ, ਓਂਕਾਰ ਸਿੰਘ, ਲਾਲ ਚੰਦ, ਮਨਜੀਤ ਸਿੰਘ, ਵਿਕਾਸ, ਸੁਭਾਸ਼ ਆਦਿ ਮੌਜੂਦ ਸਨ।