ਸਵਾਲਾਂ 'ਚ ਘਿਰਿਆ ਠੇਕੇ ਚੋਂ ਸ਼ਰਾਬ ਚੋਰੀ ਦਾ ਮਾਮਲਾ

11/12/2017 1:15:14 PM

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਬੀਤੇ ਕੱਲ ਕਸਬਾ ਗੱਗੋਬੂਆ ਸਥਿਤ ਸ਼ਰਾਬ ਦੇ ਠੇਕੇ ਤੋਂ ਕਰੀਬ ਸਵਾ ਲੱਖ ਰੁਪਏ ਦੀ ਸ਼ਰਾਬ ਚੋਰੀ ਹੋਣ ਦਾ ਮਾਮਲਾ ਇਸ ਸਮੇਂ ਪੂਰੀ ਤਰ੍ਹਾਂ ਇਸ ਕਰਕੇ ਸਵਾਲਾਂ 'ਚ ਘਿਰਿਆ ਦਿਖਾਈ ਦੇ ਰਿਹਾ ਹੈ ਕਿਉਂਕਿ ਪੁਲਸ ਇਸ ਨੂੰ ਚੋਰੀ ਨਹੀਂ ਸਗੋਂ ਡਰਾਮਾ ਕਰਾਰ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਕਸਬਾ ਗੱਗੋਬੂਆ ਦੀ ਲਿੰਕ ਸੜਕ 'ਤੇ ਸਥਿਤ ਅਨਾਜ਼ ਟ੍ਰੇਡਿੰਗ ਕੰਪਨੀ ਦੇ ਨਾਂ 'ਤੇ ਖੁਲ੍ਹੇ ਇਕ ਸ਼ਰਾਬ ਦੇ ਠੇਕੇ ਚੋਂ ਕਰੀਬ ਸਵਾ ਲੱਖ ਰੁਪਏ ਦੀ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਚੋਰੀ ਹੋਣ ਦੀ ਠੇਕਾ ਮਾਲਕ ਵਲੋਂ ਪੁਸ਼ਟੀ ਕੀਤੀ ਗਈ ਸੀ। ਚੋਰਾਂ ਵੱਲੋਂ ਠੇਕੇ ਚੋਂ ਸ਼ਰਾਬ ਨਾਟਕੀ ਢੰਗ ਨਾਲ ਚੋਰੀ ਕੀਤੀ ਗਈ ਸੀ, ਕਿਉਂਕਿ ਜਿਥੇ ਸ਼ਰਾਬ ਦੇ ਠੇਕੇ ਦੇ ਸ਼ਟਰ ਨੂੰ ਲੱਗੇ ਦੋਵੇਂ ਜ਼ਿੰਦਰੇ ਗਾਇਬ ਸਨ ਉਥੇ ਹੀ ਸ਼ਟਰ ਦੇ ਸੈਂਟਰ ਲਾਕ ਦੀਆਂ ਚਾਬੀਆਂ ਵੀ ਠੇਕੇ ਦੇ ਅੰਦਰੋਂ ਪੁਲਸ ਨੂੰ ਬਰਾਮਦ ਹੋਈਆਂ ਹਨ, ਜਦਕਿ ਠੇਕੇ ਦੇ ਅੱਗੇ ਗੱਡੀ ਖੜੀ ਕਰਕੇ ਕਥਿਤ ਚੋਰਾਂ ਵਲੋਂ ਵਧੀਆ ਕੁਆਲਟੀ ਦੀ ਸ਼ਰਾਬ ਹੀ ਚੋਰੀ ਕੀਤੀ ਗਈ ਹੈ। ਇਸ ਚੋਰੀ ਦੀ ਘਟਨਾ ਦੇ ਮਾਮਲੇ 'ਚ ਠੇਕੇ ਦੇ ਮਾਲਕ ਸੰਦੀਪ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਪਿੱਛਲੇ ਸਮੇਂ ਕੁਝ ਸੇਲਜ਼ਮੈਨਾਂ ਨੂੰ ਹਟਾਇਆ ਗਿਆ ਸੀ ਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਚੋਰੀ ਦੀ ਵਾਰਦਾਤ 'ਚ ਉਕਤ ਲੋਕਾਂ ਦਾ ਹੀ ਹੱਥ ਹੋਵੇਗਾ। 
'ਚੋਰੀ ਨਹੀਂ ਡਰਾਮਾ'- ਇੰ. ਹਰਪ੍ਰੀਤ ਸਿੰਘ 
ਠੇਕੇ ਚੋਂ ਸ਼ਰਾਬ ਚੋਰੀ ਦੇ ਮਾਮਲੇ 'ਚ ਥਾਣਾ ਝਬਾਲ ਦੇ ਮੁੱਖੀ ਇੰ. ਹਰਪ੍ਰੀਤ ਸਿੰਘ ਦਾ ਦਾਅਵਾ ਹੈ ਕਿ ਠੇਕੇ ਤੋਂ ਸ਼ਰਾਬ ਚੋਰੀ ਹੀ ਨਹੀਂ ਹੋਈ ਬਲਕਿ ਠੇਕਾ ਮਾਲਕਾਂ ਵੱਲੋਂ ਡਰਾਮਾਂ ਰਚਿਆ ਜਾ ਰਿਹਾ ਹੈ। ਜਗਬਾਣੀ ਨਾਲ ਗੱਲਬਾਤ ਕਰਦਿਆਂ ਇੰ. ਹਰਪ੍ਰੀਤ ਸਿੰਘ ਨੇ ਕਿਹਾ ਕਿ ਮੌਕੇ ਤੋਂ ਸ਼ਟਰ ਦੇ ਜ਼ਿੰਦਰੇ ਨਾ ਮਿਲਣਾ ਅਤੇ ਸ਼ਟਰ ਦੇ ਸੈਂਟਰ ਲਾਕ ਦੀਆਂ ਚਾਬੀਆਂ ਠੇਕੇ ਦੇ ਅੰਦਰੋਂ ਮਿਲਣਾ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਇਸ ਮਾਮਲੇ 'ਚ ਕੁਝ ਗੋਲਮਾਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਠੇਕੇਦਾਰਾਂ ਵਲੋਂ ਠੇਕਾ ਬਦਲਣ ਲਈ ਇਕ ਦਿਨ ਪਹਿਲਾਂ ਹੀ ਸ਼ਰਾਬ ਪੈਕ ਕਰਕੇ ਪੇਟੀਆਂ 'ਚ ਰੱਖੀ ਗਈ ਸੀ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੁੱਧ ਦਾ ਦੁੱਧ 'ਤੇ ਪਾਣੀ ਦਾ ਪਾਣੀ ਕਰ ਦਿੱਤਾ ਜਾਵੇਗਾ।