ਵੱਡੇ ਪੱਧਰ ''ਤੇ ਚੱਲ ਰਿਹੈ ਅਲਕੋਹਲ ਦਾ ਕਾਰੋਬਾਰ

07/24/2017 6:11:18 AM

ਝਬਾਲ,   (ਲਾਲੂਘੁੰਮਣ)-  ਜ਼ਿਲਾ ਤਰਨਤਾਰਨ ਦੇ ਸਰਹੱਦੀ ਖੇਤਰ ਅੰਦਰ ਜਿੱਥੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦਾ ਬੋਲਬਾਲਾ ਹੋਣ ਕਰ ਕੇ ਨੌਜਵਾਨ ਪੀੜ੍ਹੀ ਬੁਰੀ ਤਰ੍ਹਾਂ ਮਾਰੂ ਨਸ਼ਿਆਂ ਦੀ ਲਤ 'ਚ ਗਲਤਾਨ ਹੋਈ ਪਈ ਹੈ, ਉਥੇ ਹੀ ਇਸ ਖੇਤਰ ਦੇ ਕਈ ਪਿੰਡਾਂ ਦੇ ਅੰਦਰ ਅਲਕੋਹਲ ਤੋਂ ਨਾਜਾਇਜ਼ ਢੰਗ ਨਾਲ ਤਿਆਰ ਕੀਤੀ ਜਾਂਦੀ ਜ਼ਹਿਰੀਲੀ ਸ਼ਰਾਬ ਦਾ ਕਾਰੋਬਾਰ ਵੀ ਵੱਡੇ ਪੱਧਰ 'ਤੇ ਚੱਲ ਰਿਹਾ ਹੈ। 
ਜਾਣਕਾਰੀ ਅਨੁਸਾਰ ਅਲਕੋਹਲ ਤੋਂ ਨਾਜਾਇਜ਼ ਤਰੀਕੇ ਨਾਲ ਤਿਆਰ ਹੋ ਰਹੀ ਸ਼ਰਾਬ ਦਾ ਸੇਵਨ ਕਰਨ ਨਾਲ ਥਾਣਾ ਝਬਾਲ ਦੇ ਪਿੰਡ ਜਗਤਪੁਰਾ ਦੇ ਦਰਜਨਾਂ ਲੋਕ ਭਾਵੇਂ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ ਪਰ ਇਸ ਪਿੰਡ 'ਚ ਅਲਕੋਹਲ ਦੀ ਸਮੱਗਲਿੰਗ ਕਰਨ ਵਾਲੇ ਅਨਸਰ ਪੂਰੀ ਤਰ੍ਹਾਂ ਅਜੇ ਵੀ ਸਰਗਰਮ ਹਨ, ਜਿਸ ਦੀ ਪ੍ਰਤੱਖ ਮਿਸਾਲ ਅੱਜ ਪਿੰਡ ਜਗਤਪੁਰਾ ਤੋਂ ਫੜੇ ਗਏ ਦੋ ਡਰੰਮ (ਕਰੀਬ 400 ਲੀਟਰ ਅਲਕੋਹਲ) ਤੋਂ ਮਿਲਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਐਕਸਾਈਜ਼ ਇੰਸਪੈਕਟਰ ਰਾਜਵਿੰਦਰ ਕੌਰ ਨੇ ਦੱਸਿਆ ਕਿ ਪਿੰਡ ਜਗਤਪੁਰਾ ਵਾਸੀ ਕਸ਼ਮੀਰ ਸਿੰਘ ਉਰਫ ਭੱਲਾ ਪੁੱਤਰ ਦੀਦਾਰ ਸਿੰਘ ਦੇ ਘਰ ਛਾਪਾ ਮਰਨ 'ਤੇ ਉਸ ਦੇ ਘਰੋਂ ਅਲਕੋਹਲ ਨਾਲ ਭਰੇ ਉਕਤ ਦੋ ਡਰੰਮ ਬਰਾਮਦ ਕੀਤੇ ਗਏ, ਜਿਨ੍ਹਾਂ 'ਚ ਕਰੀਬ 400 ਲੀਟਰ ਅਲਕੋਹਲ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਮੌਕੇ ਉਪਰ ਦੋਸ਼ੀ ਕਸ਼ਮੀਰ ਸਿੰਘ ਟੀਮ ਦੇ ਕਾਬੂ ਨਹੀਂ ਆਇਆ ਹੈ. ਜਿਸ ਦੇ ਵਿਰੁੱਧ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
ਗੌਰਤਲਬ ਹੈ ਕਿ ਬਿਨਾਂ ਕਿਸੇ ਵੱਡੀ ਖੇਚਲ ਤੋਂ ਇਕ ਲੀਟਰ ਅਲਕੋਹਲ ਨਾਲ ਧੰਦੇਬਾਜ਼ਾਂ ਵੱਲੋਂ 10 ਦੇ ਕਰੀਬ ਬੋਤਲਾਂ ਨਾਜਾਇਜ਼ ਸ਼ਰਾਬ ਤਿਆਰ ਕਰ ਲਈ ਜਾਂਦੀ ਹੈ, ਜਦੋਂਕਿ ਸ਼ਰਾਬ ਦੀਆਂ ਫੈਕਟਰੀਆਂ ਵਿਚ ਇਸ ਦੀ ਵਰਤੋਂ ਕੇਵਲ ਡਿਗਰੀ ਸੈੱਟ ਕਰਨ ਲਈ ਕੀਤੀ ਜਾਂਦੀ ਹੈ। ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਸ਼ਰਾਬ ਦੀਆਂ ਫੈਕਟਰੀਆਂ ਨੂੰ ਕੋਟੇ ਦੇ ਹਿਸਾਬ ਨਾਲ ਮਿਲਦੀ ਅਲਕੋਹਲ ਬਾਹਰ ਧੰਦੇਬਾਜ਼ਾਂ ਕੋਲ ਕਿਸ ਤਰ੍ਹਾਂ ਪੁੱਜਦੀ ਹੈ। ਇਹ ਮਾਮਲਾ ਐਕਸਾਈਜ਼ ਵਿਭਾਗ ਲਈ ਇਕ ਵੰਗਾਰ ਤੋਂ ਘੱਟ ਵਾਲੀ ਗੱਲ ਨਹੀਂ ਹੈ। 
ਸੂਤਰਾਂ ਅਨੁਸਾਰ ਸ਼ਹਿਰੀ ਖੇਤਰ ਦੇ ਨੇੜਲੇ ਪਿੰਡਾਂ ਵਿਚ ਅਜਿਹੀ ਸ਼ਰਾਬ ਤਿਆਰ ਕਰ ਕੇ ਸ਼ਹਿਰੀ ਖੇਤਰ ਦੇ (ਸਲੱਮ ਏਰੀਏ) ਗਰੀਬ ਇਲਾਕਿਆਂ 'ਚ ਵੇਚੀ ਜਾਂਦੀ ਹੈ। ਬੜੀ ਆਸਾਨੀ ਨਾਲ ਤਿਆਰ ਹੁੰਦੀ ਅਜਿਹੀ ਸ਼ਰਾਬ ਤੋਂ ਧੰਦੇਬਾਜ਼ਾਂ ਨੂੰ ਚੋਖੀ ਕਮਾਈ ਹੁੰਦੀ ਹੈ ਪਰ ਜੇਕਰ ਇਸ ਨਾਲ ਹੋਣ ਵਾਲੇ ਨੁਕਸਾਨ ਦੀ ਗੱਲ ਕੀਤੀ ਜਾਏ ਤਾਂ ਅਜਿਹੀ ਸ਼ਰਾਬ ਪੀਣ ਨਾਲ ਹੁਣ ਤੱਕ ਇਸ ਸਰਹੱਦੀ ਖੇਤਰ ਅੰਦਰ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਮੌਤ ਦੀ ਘਾਟ ਉਤਰ ਚੁੱਕੇ ਹਨ।
ਥਾਣਾ ਮੁਖੀ ਝਬਾਲ ਹਰਚੰਦ ਸਿੰਘ ਦਾ ਕਹਿਣਾ ਹੈ ਕਿ ਨਾਜਾਇਜ਼ ਸ਼ਰਾਬ ਦੇ ਕਾਰੋਬਾਰੀਆਂ ਵਿਰੁੱਧ ਪੁਲਸ ਦੀ ਮੁਹਿੰਮ ਪੂਰੀ ਸਖਤੀ ਨਾਲ ਚੱਲ ਰਹੀ ਹੈ ਅਤੇ ਬਹੁਤ ਜਲਦ ਅਜਿਹੇ ਧੰਦੇਬਾਜ਼ਾਂ ਨੂੰ ਜੇਲ 'ਚ ਬੰਦ ਕੀਤਾ ਜਾਵੇਗਾ।