ਪੰਚਾਇਤ ਨੇ ਲਾਇਆ ਦੋਸ਼ ਪੁਲਸ ਦੀ ਮਿਲੀਭੁਗਤ ਨਾਲ ਚੱਲ ਰਿਹੈ ਸ਼ਰਾਬ ਦਾ ਨਾਜਾਇਜ਼ ਕਾਰੋਬਾਰ

10/03/2017 7:33:07 AM

ਸੰਗਰੂਰ(ਬਾਵਾ)- ਪਿੰਡ ਸਾਰੋਂ ਦੀ ਪੰਚਾਇਤ ਨੇ ਥਾਣਾ ਸਦਰ ਸੰਗਰੂਰ ਦੀ ਪੁਲਸ 'ਤੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਪੁਲਸ ਦੀ ਸ਼ਹਿ 'ਤੇ ਨਸ਼ਾ ਸਮੱਗਲਰ ਚਰਨਜੀਤ ਸਿੰਘ ਪਿੰਡ ਵਿਚ ਹਰ ਰੋਜ਼ ਕਰੀਬ 30 ਪੇਟੀਆਂ (360 ਬੋਤਲਾਂ ) ਸ਼ਰਾਬ ਦੀਆਂ ਗੈਰ-ਕਾਨੂੰਨੀ ਢੰਗ ਨਾਲ ਪਿੰਡ ਦੇ ਦਰਵਾਜ਼ੇ ਵਿਚ ਰੱਖ ਕੇ ਵੇਚਦਾ ਹੈ, ਜਿਸ ਨਾਲ ਪਿੰਡ ਦੇ ਬਹੁਤੇ ਲੋਕ ਸ਼ਰਾਬੀ ਹੋ ਗਏ ਹਨ। ਪੰਚਾਇਤ ਵੱਲੋਂ ਅੱਜ ਰੱਖੀ ਇਕ ਪ੍ਰੈੱਸ ਕਾਨਫਰੰਸ ਦੌਰਾਨ ਮੈਂਬਰ ਪੰਚਾਇਤ ਸਰਬਜੀਤ ਕੌਰ, ਸਾਬਕਾ ਸਰਪੰਚ ਕੌਰ ਸਿੰਘ, ਪਿੰਡ ਦੀ ਸਰਪੰਚ ਦੇ ਪਤੀ ਪ੍ਰਗਟ ਸਿੰਘ ਸਣੇ ਪਿੰਡ ਦੇ ਮੋਹਤਬਰਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿ ਉਕਤ ਮਾਮਲੇ ਸਬੰਧੀ ਕਈ ਵਾਰ ਥਾਣਾ ਸਦਰ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਸ ਨੇ ਕਾਰਵਾਈ ਕਰਦਿਆਂ ਚਰਨਜੀਤ ਸਿੰਘ ਨੂੰ ਸ਼ਰਾਬ ਸਣੇ ਹਿਰਾਸਤ ਵਿਚ ਵੀ ਲਿਆ ਸੀ ਪਰ ਕੁਝ ਹੀ ਸਮੇਂ ਬਾਅਦ ਉਹ ਮੁੜ ਆਪਣਾ ਕਾਰੋਬਾਰ ਸ਼ੁਰੂ ਕਰ ਦਿੰਦਾ ਸੀ। ਸਰਬਜੀਤ ਕੌਰ ਨੇ ਕਿਹਾ ਕਿ ਜਦੋਂ ਸਦਰ ਪੁਲਸ ਨੇ ਚਰਨਜੀਤ ਨੂੰ ਨਾਜਾਇਜ਼ ਸ਼ਰਾਬ ਦੀ ਵਿਕਰੀ ਕਰਨ ਤੋਂ ਨਾ ਰੋਕਿਆ ਤਾਂ ਮਜਬੂਰਨ ਉਨ੍ਹਾਂ ਨੂੰ ਜ਼ਿਲਾ ਪੁਲਸ ਮੁਖੀ ਮਨਦੀਪ ਸਿੰਘ ਨੂੰ ਸੂਚਿਤ ਕਰਨਾ ਪਿਆ, ਜਿਨ੍ਹਾਂ ਪਿੰਡ ਵਿਚ ਵਿਕਣ ਵਾਲੀ ਗੈਰ-ਕਾਨੂੰਨੀ ਸ਼ਰਾਬ ਮਾਮਲੇ ਦੀ ਪੜਤਾਲ ਸੀ. ਆਈ. ਏੇ. ਸਟਾਫ ਬਹਾਦਰ ਸਿੰਘ ਵਾਲਾ ਨੂੰ ਸੌਂਪ ਦਿੱਤੀ। ਪੁਲਸ ਨੇ ਚਰਨਜੀਤ ਸਿੰਘ ਦੀ ਪਤਨੀ ਗਾਇਤਰੀ ਦੇਵੀ ਨੂੰ ਉਸ ਦੇ ਘਰ ਵਿਚੋਂ ਸ਼ਰਾਬ ਸਣੇ ਹਿਰਾਸਤ ਵਿਚ ਲਿਆ ਸੀ, ਜਿਸ ਨੇ ਹਸਪਤਾਲ ਵਿਚ ਦਾਖਲ ਹੋ ਕੇ ਪੁਲਸ 'ਤੇ ਗੈਰ ਮਨੁੱਖੀ ਤਸ਼ੱਦਦ ਕਰਨ ਦਾ ਦੋਸ਼ ਲਾ ਕੇ ਪੁਲਸ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਪਿੰਡ ਦੇ ਸਾਬਕਾ ਸਰਪੰਚ ਕੌਰ ਸਿੰਘ ਨੇ ਕਿਹਾ ਕਿ ਚਰਨਜੀਤ ਨੇ ਆਪਣੇ ਸਾਥੀਆਂ ਦੀ ਮਿਲੀਭੁਗਤ ਨਾਲ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਤੋਂ 50 ਹਜ਼ਾਰ ਰੁਪਏ ਖੋਹ ਲਏ। ਪੁਲਸ ਨੇ ਮਾਮਲਾ ਦਰਜ ਕਰ ਕੇ ਚਰਨਜੀਤ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ। ਸਰਬਜੀਤ ਕੌਰ ਨੇ ਸਦਰ ਥਾਣੇ ਦੇ ਸਹਾਇਕ ਥਾਣੇਦਾਰ ਮਿੱਠੂ ਰਾਮ ਅਤੇ ਇਕ ਹੋਰ ਪੁਲਸ ਮੁਲਾਜ਼ਮ 'ਤੇ ਦੋਸ਼ ਲਾਇਆ ਕਿ ਚਰਨਜੀਤ ਨਾਲ ਉਨ੍ਹਾਂ ਦੀ ਮਿਲੀਭੁਗਤ ਹੈ, ਜੋ ਪੈਸੇ ਲੈ ਕੇ ਚਰਨਜੀਤ ਦੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਰੋਕਦੇ ਨਹੀਂ। ਇਲਾਕੇ ਦੇ ਕਿਸੇ ਪਿੰਡ ਵਿਚ ਨਾਜਾਇਜ਼ ਸ਼ਰਾਬ ਨਹੀਂ ਵਿਕਦੀ : ਥਾਣਾ ਮੁਖੀ : ਓਧਰ ਥਾਣਾ ਸਦਰ ਪੁਲਸ ਦੇ ਸਹਾਇਕ ਥਾਣੇਦਾਰ ਮਿੱਠੂ ਰਾਮ ਨੇ ਪਿੰਡ ਦੀ ਪੰਚਾਇਤ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪੰਚਾਇਤ ਝੂਠੇ ਦੋਸ਼ ਲਾ ਰਹੀ ਹੈ। ਉਨ੍ਹਾਂ ਚਰਨਜੀਤ ਤੋਂ ਕਦੇ ਰਿਸ਼ਵਤ ਨਹੀਂ ਲਈ । ਥਾਣਾ ਇੰਚਾਰਜ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਕਿਹਾ ਕਿ ਪੁਲਸ ਆਪਣੀ ਡਿਊੁਟੀ ਈਮਾਨਦਾਰੀ ਨਾਲ ਕਰ ਰਹੀ ਹੈ । ਸਦਰ ਥਾਣੇ ਅਧੀਨ ਕਿਸੇ ਵੀ ਪਿੰਡ ਵਿਚ ਸ਼ਰੇਆਮ ਨਾਜਾਇਜ਼ ਸ਼ਰਾਬ ਦੀ ਵਿਕਰੀ ਨਹੀਂ ਹੋ ਰਹੀ । ਪੰਚਾਇਤ ਦੇ ਦੋਸ਼ ਨਿਰਆਧਾਰਿਤ ਹਨ। 
ਪੰਚਾਇਤ ਵੱਲੋਂ ਪੁਲਸ 'ਤੇ ਲਾਏ ਦੋਸ਼ ਬੇਬੁਨਿਆਦ : ਡੀ. ਐੱਸ. ਪੀ. : ਡੀ. ਐੈੱਸ. ਪੀ. ਆਰ .ਸੰਦੀਪ ਵਡੇਰਾ ਨੇ ਦੱਸਿਆ ਕਿ ਲੁੱਟ- ਖੋਹ ਅਤੇ ਕੁੱਟਮਾਰ ਦੇ ਦੋਸ਼ ਵਿਚ ਗ਼੍ਰਿਫਤਾਰ ਕੀਤੇ ਚਰਨਜੀਤ ਸਿੰਘ 'ਤੇ ਨਾਜਾਇਜ਼ ਸ਼ਰਾਬ ਵੇਚਣ ਦੇ ਕਈ ਮਾਮਲੇ ਸਾਹਮਣੇ ਆਏ ਸਨ। ਅਗਸਤ ਮਹੀਨੇ ਵਿਚ ਚਰਨਜੀਤ ਸਿੰਘ 'ਤੇ 110 ਦਾ ਕਲੰਧਰਾ ਤਿਆਰ ਕਰ ਕੇ ਐੈੱਸ. ਡੀ. ਐੈੱਮ. ਦੀ ਕੋਰਟ ਵਿਚ ਪੇਸ਼ ਕੀਤਾ ਗਿਆ ਸੀ। ਪਿੰਡ ਦੀ ਪੰਚਾਇਤ ਨੂੰ ਸ਼ਾਇਦ ਇਸ ਬਾਰੇ ਜਾਣਕਾਰੀ ਨਹੀਂ ਸੀ। ਜਦੋਂ ਉਨ੍ਹਾਂ ਨੂੰ ਪਿੰਡ ਦੀ ਪੰਚਾਇਤ ਵੱਲੋਂ ਥਾਣਾ ਸਦਰ ਮੁਖੀ 'ਤੇ ਨਸ਼ਾ ਸਮੱਗਲਰਾਂ ਨਾਲ ਮਿਲੀਭੁਗਤ ਹੋਣ ਦੇ ਦੋਸ਼ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਦੋਸ਼ ਵਿਚ ਕੋਈ ਸੱਚਾਈ ਨਹੀਂ ਹੈ ਜੇਕਰ ਪਿੰਡ ਦੀ ਪੰਚਾਇਤ ਨੇ ਅਜਿਹੇ ਦੋਸ਼ ਲਾਏ ਹਨ ਤਾਂ ਮਾਮਲੇ ਦੀ ਮੁੜ ਤੋਂ ਪੜਤਾਲ ਕੀਤੀ ਜਾ ਸਕਦੀ ਹੈ।