ਕੀ ਗੁੱਲ ਖਿੜਾਏਗਾ ਭੂਆ-ਭਤੀਜੇ ਦਾ ਸਾਥ

01/13/2019 12:20:34 PM

ਜਲੰਧਰ - ਸਪਾ-ਬਸਪਾ ਦੇ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਗੱਠਜੋੜ ਦੇ ਰਸਮੀ ਐਲਾਨ ਤੋਂ ਬਾਅਦ ਇਹ ਗੱਲ ਤੈਅ ਹੈ ਕਿ ਇਸ ਰਾਹੀਂ ਦੇਸ਼ ਦੇ ਸਭ ਤੋਂ ਵੱਡੇ ਸੂਬੇ ਯੂ. ਪੀ. ਵਿਚ ਸਿਆਸੀ ਸਮੀਕਰਨ ਕਈ ਨਵੇਂ ਮੋੜ ਕੱਟਣਗੇ। ਦੋਵਾਂ ਪਾਰਟੀਆਂ ਦਾ ਯੂ. ਪੀ. ਵਿਚ ਕਿਉਂਕਿ ਚੰਗਾ  ਲੋਕ ਆਧਾਰ ਹੈ, ਇਸ ਲਈ ਉਨ੍ਹਾਂ ਦੇ ਇਸ ਗੱਠਜੋੜ ਕਾਰਨ ਭਾਜਪਾ ਸਮੇਤ ਸਭ ਪਾਰਟੀਆਂ ਦਾ ਸਿਆਸੀ ਗਣਿਤ ਪਲਟੇਗਾ। ਭੂਆ-ਭਤੀਜਾ ਦੇ ਇਸ ਸਿਆਸੀ ਮਾਸਟਰ ਸਟ੍ਰੋਕ ਪਿੱਛੋਂ ਸੂਬੇ ਵਿਚ ਜੋ ਨਵੀਂ ਸਿਆਸੀ ਫਿਜ਼ਾ ਜਨਮ ਲਏਗੀ, ਉਹ ਕਿਹੜਾ ਪਾਸਾ ਪਲਟੇਗੀ, ਇਸ ਦਾ ਜਵਾਬ ਤਾਂ ਫਿਲਹਾਲ ਭਵਿੱਖ ਦੇ ਗਰਭ ਵਿਚ ਹੈ ਪਰ ਸਪਾ-ਬਸਪਾ ਦੇ ਇਸ ਸਿਆਸੀ ਪੈਂਤੜੇ ਕਾਰਨ ਭਾਜਪਾ ਸਮੇਤ ਸਭ ਪਾਰਟੀਆਂ ਨੂੰ ਕਿਤੇ ਨਾ ਕਿਤੇ ਨੁਕਸਾਨ ਤਾਂ ਹੋਵੇਗਾ। ਇਸ ਨੁਕਸਾਨ ਦਾ ਆਯਾਮ ਕੀ ਹੋਵੇਗਾ? ਇਸ ਦੀ ਵਿਆਪਕਤਾ ਕਿੰਨੀ ਹੋਣ ਦਾ ਡਰ ਹੈ? ਕੀ ਭਾਜਪਾ ਭੂਆ-ਭਤੀਜੇ ਦੇ ਇਸ ਇਕਮੁੱਠ ਹਮਲੇ ਨੂੰ ਝੱਲ ਸਕੇਗੀ? ਆਪਣੀ ਹੋਂਦ ਦੀ ਜੰਗ ਵਿਚ ਉਲਝੀ ਕਾਂਗਰਸ ਅਤੇ ਰਾਸ਼ਟਰੀ ਲੋਕ ਦਲ ਵਰਗੀ ਛੋਟੀ ਪਾਰਟੀ ਸਪਾ-ਬਸਪਾ ਦੇ ਇਸ ਵਾਰ ਕਾਰਨ ਆਪਣੀ ਕਿਸਮਤ ਨੂੰ ਬਚਾ ਸਕੇਗੀ ਜਾਂ ਗੁਆ ਦੇਵੇਗੀ? ਆਖਿਰ ਕੀ ਗੁੱਲ ਖਿੜਾਏਗਾ ਭੂਆ-ਭਤੀਜੇ ਦਾ ਸਾਥ, ਪੇਸ਼ ਹੈ ਇਥੇ ਇਸ ਸਬੰਧੀ ਵੇਰਵਾ।

ਭਾਜਪਾ ਨੂੰ ਹੋ ਸਕਦਾ ਹੈ ਭਾਰੀ ਨੁਕਸਾਨ
ਜਿਥੋਂ ਤੱਕ ਭਾਜਪਾ ਦਾ ਸਵਾਲ ਹੈ, ਯੂ. ਪੀ. 'ਚ ਸਭ ਤੋਂ ਵੱਧ ਸੀਟਾਂ ਇਸ ਪਾਰਟੀ ਕੋਲ ਹਨ, ਇਸ ਲਈ ਭੂਆ-ਭਤੀਜੇ ਦੇ ਗੱਠਜੋੜ ਦਾ ਸਭ ਤੋਂ ਵੱਡਾ ਹਮਲਾ ਵੀ ਇਸ 'ਤੇ ਹੀ ਹੋਵੇਗਾ। 2014 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ ਮੋਦੀ ਲਹਿਰ 'ਤੇ ਸਵਾਰ ਹੋ ਕੇ ਰਾਮ ਲਹਿਰ ਨੂੰ ਵੀ ਪਛਾੜ ਦਿੱਤਾ ਸੀ ਪਰ ਇਸ ਵਾਰ ਭਾਜਪਾ ਦਾ ਰਾਹ ਸੌਖਾ ਨਹੀਂ ਹੈ। ਇਸ ਦਾ ਕਾਰਨ ਇਹ ਹੈ ਕਿ ਭਾਜਪਾ ਨੂੰ ਸੱਤਾ ਵਿਰੋਧੀ ਲਹਿਰ ਦਾ ਭਾਰ ਆਪਣੇ ਮੋਢਿਆਂ 'ਤੇ ਲੱਦ ਕੇ ਯੂ. ਪੀ. ਦੇ ਰਣ ਵਿਚ ਉਤਰਨਾ ਪਏਗਾ। ਉਥੇ ਉਸਦਾ ਸਾਹਮਣਾ ਪਿਛਲੀਆਂ ਚੋਣਾਂ ਵਾਂਗ ਖਿਲਰੇ ਵਿਰੋਧੀ ਧਿਰ ਨਾਲ ਨਹੀਂ, ਸਗੋਂ ਸਪਾ-ਬਸਪਾ ਵਰਗੇ ਇਕਮੁੱਠ ਗੱਠਜੋੜ ਨਾਲ ਹੋਵੇਗਾ। ਇਸ ਪੱਖੋਂ ਇਸ ਗੱਲ ਦਾ ਭਾਰੀ ਡਰ ਹੈ ਕਿ ਭਾਜਪਾ ਨੂੰ ਵੱਡਾ ਸਿਆਸੀ ਨੁਕਸਾਨ ਹੋ ਸਕਦਾ ਹੈ।

73 ਸੀਟਾਂ ਪਿਛਲੀ ਵਾਰ ਲੋਕ ਸਭਾ ਦੀਆਂ ਚੋਣਾਂ ਦੌਰਾਨ ਜਿੱਤੀਆਂ
ਕੁਲ ਵੋਟ 42.6 ਫੀਸਦੀ
ਗਠਜੋੜ ਕਾਰਨ ਕਿੰਨਾ ਹੋ ਸਕਦਾ ਹੈ ਨੁਕਸਾਨ
ਸਪਾ ਦਾ ਵੋਟ ਸ਼ੇਅਰ - 23.3 ਫੀਸਦੀ 
ਬਸਪਾ ਦਾ ਵੋਟ ਸ਼ੇਅਰ - 19.8 ਫੀਸਦੀ

ਇਸ ਤਰ੍ਹਾਂ ਸਪਾ-ਬਸਪਾ ਦੇ ਵੋਟ ਸ਼ੇਅਰ ਨੂੰ ਮਿਲਾ ਦਿੱਤਾ ਜਾਏ ਤਾਂ ਇਹ ਭਾਜਪਾ ਨਾਲੋਂ ਵੱਧ ਹੋ ਜਾਂਦਾ ਹੈ। ਇਸ ਪੱਖੋਂ ਭਾਜਪਾ ਨੂੰ ਹੋ ਸਕਦਾ ਹੈ
35 ਤੋਂ 40 ਸੀਟਾਂ ਦਾ ਨੁਕਸਾਨ

ਅਖਿਲੇਸ਼-ਮਾਇਆਵਤੀ ਦਾ ਦਾਅ ਪੁੱਠਾ ਵੀ ਪੈ ਸਕਦਾ ਹੈ
ਯੂ. ਪੀ. ਅਜੀਬ ਕਿਸਮ ਦੇ ਸਿਆਸੀ ਸਮੀਕਰਨਾਂ ਵਾਲਾ ਸੂਬਾ ਹੈ। ਇਥੇ ਵਧੇਰੇ ਵੋਟਰ ਧਰਮ ਤੇ ਜਾਤੀਆਂ ਵਿਚ ਵੰਡੇ ਹੋਏ ਹਨ। ਉਹ ਇਸੇ ਹਿਸਾਬ ਨਾਲ ਵੋਟ ਪਾਉਂਦੇ ਹਨ। ਜੇ ਇਸ ਸਮੀਕਰਨ ਵਿਚ  ਗੱਠਜੋੜ ਪਿੱਛੋਂ ਵੀ ਤਬਦੀਲੀ ਨਾ ਹੋਈ ਤਾਂ ਮਾਇਆ-ਅਖਿਲੇਸ਼ ਦਾ ਇਹ ਦਾਅ ਉਨ੍ਹਾਂ ਲਈ ਘਾਤਕ ਵੀ ਹੋ ਸਕਦਾ ਹੈ। 

ਵੋਟ ਸ਼ਿਫਟਿੰਗ ਦੀ ਸਮੱਸਿਆ ਬਣ ਸਕਦੀ ਹੈ ਰੋੜਾ
ਸਪਾ ਦਾ ਵੋਟ ਬੈਂਕ ਯਾਦਵ ਅਤੇ ਮੁਸਲਮਾਨ ਹਨ। ਬਸਪਾ ਦਾ ਲੋਕ ਆਧਾਰ ਦਲਿਤਾਂ ਵਿਚ ਹੈ। ਹੁਣ ਇਸ ਸਮੀਕਰਨ ਵਿਚ ਜਿਥੋਂ ਤੱਕ ਸਪਾ-ਬਸਪਾ ਦੇ ਮੁਸਲਿਮ ਵੋਟਰਾਂ ਦਾ ਸਬੰਧ ਹੈ, ਉਹ ਤਾਂ ਇਕ-ਦੂਜੇ ਦੇ ਉਮੀਦਵਾਰਾਂ ਵਿਚ ਸ਼ਿਫਟ ਹੋ ਜਾਣਗੇ ਪਰ ਅਸਲੀ ਘੁੰਢੀ ਦੋਵਾਂ ਪਾਰਟੀਆਂ ਦੇ ਯਾਦਵਾਂ ਅਤੇ ਸਵਰਨਾਂ ਦੇ ਨਾਲ-ਨਾਲ ਕੁਝ ਹੱਦ ਤੱਕ ਦਲਿਤ ਵੋਟਰਾਂ ਵਿਚ ਵੀ ਫਸੇਗੀ। ਇਸ ਲਈ ਇਸ ਗੱਲ ਦਾ ਬਹੁਤ ਡਰ ਹੈ ਕਿ ਜੇ ਦੋਵਾਂ ਦਾ ਵੋਟ ਬੈਂਕ ਇਕ-ਦੂਜੇ ਵਿਚ ਸ਼ਿਫਟ ਨਹੀਂ ਹੁੰਦਾ ਤਾਂ ਅਖਿਲੇਸ਼-ਮਾਇਆ ਲਈ ਇਹ ਨਵਾਂ ਸਿਆਸੀ ਰਾਹ ਔਖਾ ਹੋ ਸਕਦਾ ਹੈ।

ਉਪ ਚੋਣਾਂ 'ਚ ਨਜ਼ਰ ਆ ਚੁੱਕਾ ਹੈ ਟ੍ਰੇਲਰ
ਪਿਛਲੇ ਸਾਲ ਗੋਰਖਪੁਰ, ਫੂਲਪੁਰ ਅਤੇ ਕੇਰਾਨਾ ਵਿਖੇ ਲੋਕ ਸਭਾ ਦੀਆਂ ਉਪ ਚੋਣਾਂ ਵਿਚ ਵੋਟ ਸ਼ਿਫਟਿੰਗ ਦੀ ਇਸ ਘੁੰਢੀ ਦਾ ਟ੍ਰੇਲਰ ਨਜ਼ਰ ਆ ਚੁੱਕਾ ਹੈ। ਇਨ੍ਹਾਂ ਤਿੰਨਾਂ ਸੀਟਾਂ 'ਤੇ ਮਹਾਗੱਠਜੋੜ ਦੀ ਜਿੱਤ ਹੋਈ ਸੀ ਪਰ ਇਸ ਵਿਚ ਹੈਰਾਨ ਕਰ ਦੇਣ ਵਾਲੀ ਗੱਲ ਇਹ ਸੀ ਕਿ ਸਭ ਸੀਟਾਂ 'ਤੇ ਹਾਰ-ਜਿੱਤ ਦਾ ਫਰਕ 30 ਹਜ਼ਾਰ ਤੋਂ 52 ਹਜ਼ਾਰ ਤੱਕ ਰਿਹਾ। ਇਹ ਫਰਕ ਵੀ ਉਦੋਂ ਰਿਹਾ, ਜਦੋਂ ਕਾਂਗਰਸ ਅਤੇ ਰਾਸ਼ਟਰੀ ਲੋਕ ਦਲ  ਗੱਠਜੋੜ ਦਾ ਹਿੱਸਾ ਸਨ। ਇਸ ਲਈ ਇਸ ਗੱਲ ਵਿਚ ਦਮ ਨਜ਼ਰ ਆਉਂਦਾ ਹੈ ਕਿ ਕੁਝ ਹੱਦ ਤੱਕ ਸਪਾ-ਬਸਪਾ ਨੂੰ ਵੋਟ ਸ਼ਿਫਟਿੰਗ ਦੀ ਇਸ ਚੁਣੌਤੀ ਨਾਲ 2-4 ਹੋਣਾ ਹੀ ਪਏਗਾ। 

2014 : ਦੋਵਾਂ ਪਾਰਟੀਆਂ ਦਾ ਪ੍ਰਦਰਸ਼ਨ
ਸਪਾ - 05
ਬਸਪਾ - 00

ਭਵਿੱਖ ਵਿਚ ਹੋ ਸਕਦਾ ਹੈ ਦੋਵਾਂ ਪਾਰਟੀਆਂ ਨੂੰ ਘਾਟਾ
ਸਪਾ-ਬਸਪਾ ਵਿਚ ਹੋਏ ਗੱਠਜੋੜ ਦਾ ਲਾਭ ਦੋਵਾਂ ਪਾਰਟੀਆਂ ਨੂੰ ਮੌਜੂਦਾ ਸਮੇਂ ਵਿਚ ਤਾਂ ਹੁੰਦਾ ਨਜ਼ਰ ਆ ਰਿਹਾ ਹੈ ਪਰ ਲੰਮੇ ਸਮੇਂ ਦੌਰਾਨ ਦੋਵਾਂ ਲਈ ਇਹ ਸੌਦਾ ਘਾਟੇ ਵਾਲਾ ਵੀ ਹੋ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਗੱਠਜੋੜ ਦੀ ਹਾਲਤ ਵਿਚ ਦੋਵਾਂ ਪਾਰਟੀਆਂ ਦਾ ਕੋਰ ਵੋਟ ਬੈਂਕ ਖਿਸਕ ਸਕਦਾ ਹੈ ਜਾਂ ਸਥਿਰ ਵੀ ਰਹਿ ਸਕਦਾ ਹੈ। ਨੇੜਲੇ ਭਵਿੱਖ ਵਿਚ ਜੇ ਅਜਿਹੀ ਹਾਲਤ ਵਿਚ ਸਪਾ ਜਾਂ ਬਸਪਾ ਇਕ-ਦੂਜੇ ਤੋਂ ਵੱਖ ਹੋ ਜਾਂਦੇ ਹਨ ਤਾਂ ਇਨ੍ਹਾਂ ਵਿਚੋਂ ਕਿਸੇ ਵੀ ਪਾਰਟੀ ਲਈ ਆਪਣੇ ਦਮ 'ਤੇ ਸੂਬੇ ਦੀ 

ਕਾਂਗਰਸ ਲਈ ਕਰੋ ਜਾਂ ਮਰੋ ਵਾਲੀ ਹਾਲਤ
ਭਾਵੇਂ ਯੂ. ਪੀ. ਵਿਚ ਕਾਂਗਰਸ ਕੋਲ ਗੁਆਉਣ ਲਈ ਕੁਝ ਵੀ ਨਹੀਂ ਹੈ ਪਰ ਇਸ ਦੇ ਬਾਵਜੂਦ ਭੂਆ-ਭਤੀਜੇ ਦਾ ਗੱਠਜੋੜ ਇਸ ਲਈ ਬਹੁਤ ਵੱਡਾ ਝਟਕਾ ਹੈ। ਯੂ. ਪੀ. ਵਿਚ ਕਾਂਗਰਸ ਦਾ ਸੰਗਠਨ ਇੰਨਾ ਕਮਜ਼ੋਰ ਹੋ ਚੁੱਕਾ ਹੈ ਕਿ ਜੇ ਕਾਂਗਰਸ ਬਿਨਾਂ ਗੱਠਜੋੜ ਤੋਂ ਇਨ੍ਹਾਂ ਚੋਣਾਂ ਵਿਚ ਉਤਰਦੀ ਹੈ ਤਾਂ ਭਵਿੱਖ ਵਿਚ ਪਾਰਟੀ ਦੀ ਹੋਂਦ ਖਤਰੇ ਵਿਚ ਪੈ ਸਕਦੀ ਹੈ।
ਕੁਲ ਸੀਟਾਂ - 02
ਵੋਟ ਫੀਸਦੀ - 7.5

ਰਾਲੋਦ ਲਈ ਵੀ ਕਾਂਗਰਸ ਵਰਗੀ ਹਾਲਤ
ਕਿਸੇ ਸਮੇਂ ਪੱਛਮੀ ਯੂ. ਪੀ. ਵਿਚ ਜਾਟ-ਦਲਿਤ ਵੋਟਰਾਂ 'ਤੇ ਆਪਣੀ ਮਜ਼ਬੂਤ ਪਕੜ ਰੱਖਣ ਵਾਲੇ ਰਾਸ਼ਟਰੀ ਲੋਕ ਦਲ (ਰਾਲੋਦ) ਲਈ ਕਾਂਗਰਸ ਵਾਂਗ 'ਕਰੋ ਜਾਂ ਮਰੋ' ਵਾਲੀ ਹਾਲਤ ਬਣੀ ਹੋਈ ਹੈ। ਕਾਂਗਰਸ ਵਾਂਗ ਰਾਲੋਦ ਦਾ ਜਥੇਬੰਦਕ  ਢਾਂਚਾ ਵੀ ਇੰਨਾ ਕਮਜ਼ੋਰ ਹੋ ਗਿਆ ਹੈ ਕਿ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਵਿਚ ਪਾਰਟੀ 8 ਸੀਟਾਂ 'ਤੇ ਚੋਣ ਲੜੀ ਸੀ । ਇਸ ਵਿਚੋਂ  6 'ਤੇ ਉਸਦੀ ਜ਼ਮਾਨਤ ਜ਼ਬਤ ਹੋ ਗਈ ਸੀ।
ਕੁਲ ਸੀਟਾਂ - 00
ਵੋਟ ਫੀਸਦੀ - 01

ਚਾਚਾ ਵੀ ਬਣ ਸਕਦੇ ਹਨ ਰਾਹ ਦਾ ਰੋੜਾ
ਸਪਾ ਦਾ ਸਾਥ ਛੱਡ ਕੇ ਆਪਣੀ ਪਾਰਟੀ ਬਣਾਉਣ ਵਾਲੇ ਚਾਚਾ  ਸ਼ਿਵਪਾਲ ਯਾਦਵ ਵੀ ਭਤੀਜੇ ਅਖਿਲੇਸ਼ ਦੇ ਰਾਹ ਵਿਚ ਰੋੜਾ ਬਣ ਸਕਦੇ ਹਨ।  ਉਨ੍ਹਾਂ ਦੀ ਪਾਰਟੀ ਦਾ ਫਿਲਹਾਲ ਕੋਈ ਵੱਡਾ ਲੋਕ ਆਧਾਰ ਨਹੀਂ ਹੈ। ਇਸਦੇ ਬਾਵਜੂਦ ਉਹ 10 ਤੋਂ 15 ਸੀਟਾਂ 'ਤੇ ਸਪਾ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

rajwinder kaur

This news is Content Editor rajwinder kaur