ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 20.50 ਲੱਖ ਰੁਪਏ ਲੁੱਟਣ ਵਾਲਾ ਅਕਾਲੀ ਨੇਤਾ ਗ੍ਰਿਫਤਾਰ

03/11/2018 5:18:53 AM

ਕਪੂਰਥਲਾ,  (ਭੂਸ਼ਣ)—  ਪਤੀ-ਪਤਨੀ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 20.50 ਲੱਖ ਰੁਪਏ ਦੀ ਰਕਮ ਠੱਗਣ ਦੇ ਮਾਮਲੇ ਵਿਚ ਲੋੜੀਂਦੇ ਅਕਾਲੀ ਨੇਤਾ ਨੂੰ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਛਾਪੇਮਾਰੀ ਕਰਕੇ ਗ੍ਰਿਫਤਾਰ ਕਰ ਲਿਆ ਹੈ, ਜਿਸ ਨੂੰ ਅਦਾਲਤ ਨੇ 2 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਨਰੇਸ਼ ਕੁਮਾਰ ਪੁੱਤਰ ਕੇਵਲ ਕਿਸ਼ਨ ਨਿਵਾਸੀ ਮੁਹੱਲਾ ਲਾਹੌਰੀ ਗੇਟ ਕਪੂਰਥਲਾ ਨੇ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਰਾਕੇਸ਼ ਕੁਮਾਰ ਗੁਜਰਾਲ ਉਰਫ ਰਾਂਝਾ ਪੁੱਤਰ ਰਾਜ ਕੁਮਾਰ ਵਾਸੀ ਕੇਸਰੀ ਬਾਗ ਨੇ ਸਾਥੀਆਂ ਦੀ ਮਦਦ ਨਾਲ ਉਸਨੂੰ ਅਤੇ ਉਸ ਦੀ ਪਤਨੀ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 20.50 ਲੱਖ ਰੁਪਏ ਦੀ ਰਕਮ ਠੱਗ ਲਈ ਹੈ ਅਤੇ ਮੁਲਜ਼ਮ ਲੰਬੇ ਸਮੇਂ ਤੋਂ ਉਸ ਦੀ ਰਕਮ ਵਾਪਸ ਨਹੀਂ ਕਰ ਰਿਹਾ ਹੈ, ਜਿਸ 'ਤੇ 3 ਜਨਵਰੀ ਨੂੰ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਰਾਕੇਸ਼ ਕੁਮਾਰ ਗੁਜਰਾਲ ਉਰਫ ਰਾਂਝਾ ਤੇ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਸੀ ਪਰ ਇਸ ਦੌਰਾਨ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋਈ ਸੀ। ਇਸ ਦੌਰਾਨ ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਗੱਬਰ ਸਿੰਘ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਅਕਾਲੀ ਨੇਤਾ ਰਾਕੇਸ਼ ਕੁਮਾਰ, ਗੁਜਰਾਲ ਉਰਫ ਰਾਂਝਾ ਸ਼ਹਿਰ ਵਿਚ ਘੁੰਮ ਰਿਹਾ ਹੈ, ਜਿਸ 'ਤੇ ਪੁਲਸ ਨੇ ਛਾਪਾਮਾਰੀ ਕਰਕੇ ਮੁਲਜ਼ਮ ਰਾਂਝਾ ਨੂੰ ਗ੍ਰਿਫਤਾਰ ਕਰ ਲਿਆ ।