ਸੰਗਰੂਰ ''ਚ ਬਾਦਲਾਂ ਦਾ ਸ਼ਕਤੀ ਪ੍ਰਦਰਸ਼ਨ, ਰੈਲੀ ''ਚ ਪਾਸ ਕੀਤੇ 6 ਮਤੇ

02/02/2020 6:36:48 PM

ਸੰਗਰੂਰ : ਅਕਾਲੀ ਦਲ ਵਲੋਂ ਅੱਜ ਢੀਂਡਸਿਆਂ ਦੇ ਗੜ੍ਹ ਸੰਗਰੂਰ ਵਿਚ ਵੱਡੀ ਰੈਲੀ ਕੀਤੀ ਗਈ। ਭਾਵੇਂ ਇਸ ਰੈਲੀ ਦਾ ਨਾਮ ਰੋਸ ਰੈਲੀ ਸੀ ਅਤੇ ਕਿਹਾ ਜਾ ਰਿਹਾ ਸੀ ਕਿ ਇਹ ਰੈਲੀ ਢੀਂਡਸਾ ਪਰਿਵਾਰ ਦੇ ਖਿਲਾਫ ਨਾ ਹੋ ਕੇ ਸਗੋਂ ਕਾਂਗਰਸ ਵਿਰੋਧੀ ਨੀਤੀਆਂ ਖਿਲਾਫ ਹੈ ਪਰ ਰੈਲੀ ਵਿਚ ਜ਼ਿਆਦਾ ਫੌਕਸ ਢੀਂਡਸਾ ਪਰਿਵਾਰ ਦੀ ਭੰਡੀ ਕਰਨ 'ਤੇ ਹੀ ਰਿਹਾ। ਸ਼ਾਇਦ ਇਹੋ ਕਾਰਨ ਸੀ ਕਿ ਢੀਂਡਸਿਆਂ ਦੀ ਬਗਾਵਤ ਤੋਂ ਬਾਅਦ ਹੁਣ ਤਕ ਚੁੱਪ ਬੈਠੇ ਪ੍ਰਕਾਸ਼ ਸਿੰਘ ਬਾਦਲ ਨੇ ਢੀਂਡਸਾ ਪਰਿਵਾਰ 'ਤੇ ਖੁੱਲ੍ਹ ਕੇ ਹਮਲੇ ਬੋਲੇ।

ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਸਿਰਫ ਸਿਆਸੀ ਹੀ ਨਹੀਂ ਸਗੋਂ ਪਰਿਵਾਰਕ ਸਾਂਝ ਵੀ ਸੀ। ਇਹੋ ਕਾਰਨ ਸੀ ਕਿ ਉਹ ਉਨ੍ਹਾਂ ਨਾਲ ਪਰਿਵਾਰਕ ਮਾਮਲਿਆਂ ਵਿਚ ਵੀ ਸਲਾਹ ਲੈਂਦੇ ਸਨ। ਬਾਦਲ ਨੇ ਆਖਿਆ ਕਿ ਜਿਨ੍ਹਾਂ ਲੋਕਾਂ ਨੂੰ ਪਾਰਟੀ ਨੇ ਇੰਨਾ ਵੱਡਾ ਮਾਣ ਸਤਕਾਰ ਦਿੱਤਾ, ਉਨ੍ਹਾਂ ਨੇ ਹੀ ਲੋੜ ਵੇਲੇ ਪਾਰਟੀ ਦੀ ਪਿੱਠ 'ਚ ਛਰਾ ਮਾਰ ਦਿੱਤਾ। ਇਸ ਰੈਲੀ ਵਿਚ ਅਕਾਲੀ ਦਲ ਬਾਦਲ ਦੀ ਸਮੁੱਚੀ ਲੀਡਰਸ਼ਿਪ ਤੋਂ ਇਲਾਵਾ ਭਾਜਪਾ ਆਗੂ ਵੀ ਮੌਜੂਦ ਸਨ। ਰੈਲੀ ਦੌਰਾਨ ਖਾਸ ਗੱਲ ਇਹ ਰਹੀ ਕਿ ਇਸ ਮੌਕੇ ਅਕਾਲੀ ਦਲ ਵਲੋਂ ਛੇ ਮਤੇ ਪਾਸ ਕੀਤੇ ਗਏ। 

ਕਿਹੜੇ ਹਨ ਮਤੇ 
1. ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ 'ਚੋਂ ਬਰਖਾਸਤ ਕੀਤਾ ਜਾਵੇ। 
2. ਕਾਂਗਰਸ ਪਾਰਟੀ ਖਾਸ ਕਰਕੇ ਗਾਂਧੀ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਗੁਰਦੁਆਰਿਆਂ 'ਤੇ ਕਬਜ਼ਾ ਕਰਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦੀ ਇਕੱਤਰਤਾ ਨਿੰਦਾ ਕਰਦਾ ਹੈ।
3. ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਨਵੇਂ ਕਾਨੂੰਨ ਸੀ. ਏ. ਏ. ਵਿਚ ਮੁਸਲਿਮ ਭਾਈਚਾਰੇ ਨੂੰ ਵੀ ਸ਼ਾਮਲ ਕੀਤਾ ਜਾਵੇ। 
4. ਪਾਰਟੀ 'ਚੋਂ ਅਸਤੀਫਾ ਦੇਣ ਦੀ ਡਰਾਮੇਬਾਜ਼ੀ ਕਰਨ ਵਾਲੇ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਢੀਂਡਸਾ ਲਾਭ ਦੇ ਅਹੁਦਿਆਂ ਰਾਜ ਸਭਾ ਅਤੇ ਵਿਧਾਨ ਸਭਾ 'ਚੋਂ ਵੀ ਅਸਤੀਫਾ ਦੇਣ। 
5. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਮੁਸਤੂਆਣਾ ਸਾਹਿਬ ਨੂੰ ਢੀਂਡਸਿਆਂ ਦੇ ਕਬਜ਼ੇ 'ਚੋਂ ਮੁਕਤ ਕਰਵਾਵੇ। 
6. ਬਹਿਬਲ ਕਲਾਂ ਕਾਂਡ ਦੇ ਮੁੱਖ ਗਵਾਹ ਦੀ ਮੌਤ ਲਈ ਜ਼ਿੰਮੇਵਾਰ ਕਾਂਗਰਸੀਆਂ ਖਿਲਾਫ ਹੋਵੇ ਕਾਰਵਾਈ ਅਤੇ ਕੈਪਟਨ ਅਮਰਿੰਦਰ ਸਿੰਘ ਇਸ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਉਣ।

Gurminder Singh

This news is Content Editor Gurminder Singh