ਕਰੰਸੀ ਨੋਟਾਂ ਨੂੰ ਲੈ ਕੇ ਦਿੱਤੇ ਬਿਆਨ ’ਤੇ ਅਕਾਲੀ ਦਲ ਨੇ ਕੇਜਰੀਵਾਲ ’ਤੇ ਕੀਤਾ ਵੱਡਾ ਹਮਲਾ

10/27/2022 8:25:49 PM

ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆਖਿਆ ਕਿ ਉਹ ਕਰੰਸੀ ਨੋਟਾਂ ’ਤੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਛਪਵਾਉਣ ਦੀ ਮੰਗ ਕਰ ਕੇ ਭਾਰਤੀ ਸਿਆਸਤ ਦਾ ਫਿਰਕੂਕਰਨ ਕਰਨ ਤੋਂ ਗੁਰੇਜ਼ ਕਰਨ ਅਤੇ ਜ਼ੋਰ ਦੇ ਕੇ ਆਖਿਆ ਕਿ ਅਜਿਹੇ ਗ਼ੈਰ-ਜ਼ਿੰਮੇਵਾਰਾਨਾ ਬਿਆਨ ਦੇਸ਼ ’ਚ ਫ਼ਿਰਕੂ ਸਦਭਾਵਨਾ ਨੂੰ ਸੱਟ ਮਾਰਨਗੇ। ਇਥੇ ਜਾਰੀ ਕੀਤੇ ਇਕ ਬਿਆਨ ’ਚ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਇਕ ਆਈ. ਆਈ. ਟੀ. ਗ੍ਰੈਜੂਏਟ ਇੰਨਾ ਹੇਠਾਂ ਡਿਗ ਗਿਆ ਹੈ ਕਿ ਸਿਆਸੀ ਲਾਹਾ ਲੈਣ ਵਾਸਤੇ ਫ਼ਿਰਕੂ ਮੰਗ ਰੱਖ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਕੋਈ ਵੀ ਪੜ੍ਹਿਆ-ਲਿਖਿਆ ਵਿਅਕਤੀ ਇਹ ਸਮਝਦਾ ਹੈ ਕਿ ਹਿੰਦੂ ਦੇਵੀ-ਦੇਵਤਿਆਂ ਦੀ ਤਸਵੀਰ ਭਾਰਤੀ ਕਰੰਸੀ ’ਤੇ ਛਪਵਾਉਣ ਨਾਲ ਭਾਰਤੀ ਅਰਥਚਾਰੇ ’ਚ ਕੋਈ ਸੁਧਾਰ ਹੋਣ ਵਾਲਾ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ : ਸਮੁੱਚਾ ਸਿੱਖ ਪੰਥ ਇਕ ਪਲੇਟਫਾਰਮ ’ਤੇ ਇਕੱਠਾ ਹੋ ਕੇ ਘੱਟਗਿਣਤੀਆਂ ਦੀ ਸੁਰੱਖਿਆ ਲਈ ਹੋਵੇ ਮਜ਼ਬੂਤ : ਸਿਮਰਨਜੀਤ ਮਾਨ

ਉਨ੍ਹਾਂ ਕਿਹਾ ਕਿ ਕਿਉਂਕਿ ਕੇਜਰੀਵਾਲ ਨੇ ਇਹ ਬਿਆਨ ਦਿੱਤਾ ਹੈ ਇਸ ਤੋਂ ਸਪੱਸ਼ਟ ਹੈ ਕਿ ਉਹ ਸੌੜੇ ਸਿਆਸੀ ਹਿੱਤਾਂ ਵਾਸਤੇ ਦੇਸ਼ ਦਾ ਸਮਾਜਿਕ ਸਰੂਪ ਤਹਿਸ-ਨਹਿਸ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਪੂਜਣਯੋਗ ਹਨ ਤੇ ਇਹ ਪਵਿੱਤਰ ਥਾਵਾਂ ’ਤੇ ਰੱਖੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਇਹ ਮੀਟ ਦੀਆਂ ਦੁਕਾਨਾਂ ਤੇ ਸ਼ਰਾਬ ਦੀਆਂ ਦੁਕਾਨਾਂ ’ਤੇ ਰੱਖੀਆਂ ਗਈਆਂ ਤਾਂ ਇਸ ਨਾਲ ਬੇਚੈਨੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਤਸਵੀਰਾਂ ਨਾਲ ਦੇਵੀ-ਦੇਵਤਿਆਂ ਦੀ ਅਜਿਹੀਆਂ ਥਾਵਾਂ ’ਤੇ ਬੇਅਦਬੀ ਵੀ ਹੋ ਸਕਦੀ ਹੈ। ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਦਾ ਬਿਆਨ ਦੇਸ਼ ਦੇ ਧਰਮ ਨਿਰਪੱਖ ਸਰੂਪ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਭਾਰਤ ਇਕ ਬਹੁ-ਸੱਭਿਆਚਾਰ ਵਾਲਾ ਤੇ ਬਹੁ-ਭਾਸ਼ਾਈ ਮੁਲਕ ਹੈ ਤੇ ਦੇਸ਼ ਦੇ ਸੰਵਿਧਾਨ ਦਾ ਸਾਰੇ ਧਰਮ ਤੇ ਸੱਭਿਆਚਾਰ ਸਨਮਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ’ਚ ਕਿਸੇ ਨੂੰ ਵੀ ਧਰਮ ਦੇ ਨਾਂ ’ਤੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਹੈ।

ਇਹ ਖ਼ਬਰ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੇ ਸੰਕੇਤ, ਪੰਜਾਬ ’ਚ ਬੰਦ ਹੋਣਗੇ ਟੋਲ ਪਲਾਜ਼ਾ 

ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਗੈਰ-ਕਾਨੂੰਨੀ ਵੀ ਹੈ ਕਿਉਂਕਿ ਬਿਆਨ ਰਾਹੀਂ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਚੋਣਾਂ ’ਚ ਭਾਜਪਾ ਨਾਲ ਮੁਕਾਬਲਾ ਕਰਨ ਦੀ ਮਨਸ਼ਾ ਵੀ ਜ਼ਾਹਿਰ ਹੋ ਰਹੀ ਹੈ। ਸਾਬਕਾ ਮੰਤਰੀ ਨੇ ਕਿਹਾ ਕਿ ਇਹ ਉਹ ਬਦਲਾਅ ਨਹੀਂ ਹੈ, ਜਿਸ ਦਾ ਵਾਅਦਾ ਦੇਸ਼ ਤੇ ਪੰਜਾਬੀਆਂ ਨਾਲ ‘ਆਪ’ ਨੇ ਕੀਤਾ ਸੀ। ਵਾਹਨਾਂ ਕਿਹਾ ਕਿ ਇੱਥੇ ਗੱਲ ‘ਆਪ’ ਦੇ ਇਰਾਦਿਆਂ ਦੀ ਹੈ। ਉਨ੍ਹਾਂ ਕਿਹਾ ਕਿ ਸਪੱਸ਼ਟ ਹੈ ਕਿ ‘ਆਪ’ ਤੇ ਇਸ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦਾ ਕੋਈ ਇਰਾਦਾ ਨਹੀਂ ਰੱਖਦੇ। ਉਨ੍ਹਾਂ ਕਿਹਾ ਕਿ ਅਸੀਂ ਇਹ ਪੰਜਾਬ ’ਚ ਵੇਖਿਆ ਹੈ ਜਿਥੇ ਕਿਸਾਨਾਂ, ਮੁਲਾਜ਼ਮਾਂ ਤੇ ਨੌਜਵਾਨਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਗਏ ਪਰ ਦਿੱਤਾ ਕੁਝ ਨਹੀਂ ਗਿਆ। ਉਨ੍ਹਾਂ ਕਿਹਾ ਕਿ ਇਹ ਵੀ ਸੱਚਾਈ ਹੈ ਕਿ ਦਿੱਲੀ ਮਾਡਲ ਸਮੇਤ ‘ਆਪ’ ਦੇ ਸਾਰੇ ਮਾਡਲ ਨਿਰਪੱਖ ਸਰਵੇਖਣਾਂ ਵਿਚ ਲੀਰੋ-ਲੀਰ ਹੋ ਗਏ ਹਨ ਤੇ ਇਸੇ ਕਾਰਨ ਹੁਣ ਕੇਜਰੀਵਾਲ ਧਰਮ ਵਾਲੇ ਪਾਸੇ ਹੋ ਗਏ ਹਨ ਤਾਂ ਜੋ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਲਾਹਾ ਲਿਆ ਜਾ ਸਕੇ। ਮਜੀਠੀਆ ਨੇ ‘ਆਪ’ ਦੇ ਕਨਵੀਨਰ ਨੂੰ ਸਲਾਹ ਦਿੱਤੀ ਕਿ ਉਹ ਜੋ ਪ੍ਰਚਾਰ ਕਰਦੇ ਹਨ, ਉਸ ’ਤੇ ਡਟਣ ਦੀਆਂ ਕੋਸ਼ਿਸ਼ਾਂ ਕਰਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਕਰੰਸੀ ਨੋਟਾਂ ’ਤੇ ਦੇਵੀ-ਦੇਵਤਿਆਂ ਦੀ ਤਸਵੀਰ ਛਪਵਾਉਣ ਦੀ ਮੰਗ ਕਰ ਕੇ ਆਪਣੇ ਆਪ ਨੂੰ ਕੱਟੜ ਹਿੰਦੂ ਵਜੋਂ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਪਰ ਉਨ੍ਹਾਂ ਨੂੰ ਆਪਣੇ ਚੁਣੇ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਰਾਬੀ ਹੋਣ ’ਤੇ ਕੋਈ ਅਫ਼ਸੋਸ ਨਹੀਂ ਹੈ। ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਜੇਕਰ ਕੇਜਰੀਵਾਲ ਜਨਤਕ ਜੀਵਨ ਵਿਚ ਆਪਣੇ ਕਹੇ ’ਤੇ ਖਰਾ ਉਤਰਦੇ ਅਤੇ ਪੰਜਾਬ ਵਿਚ ਆਪਣੇ ਮੰਤਰੀਆਂ ਤੇ ਵਿਧਾਇਕਾਂ ਨੂੰ ਸਮਾਜਿਕ ਤੇ ਨੈਤਿਕ ਤੌਰ ’ਤੇ ਆਪਣੇ ਗੁਨਾਹਾਂ ਲਈ ਜ਼ਿੰਮੇਵਾਰ ਬਣਾਉਂਦੇ ਤੇ ਉਨ੍ਹਾਂ ਦੇ ਭ੍ਰਿਸ਼ਟਾਚਾਰ ਲਈ ਵੀ ਉਨ੍ਹਾਂ ਨੂੰ ਨਕੇਲ ਪਾਉਂਦੇ ਤੇ ਨੈਤਿਕ ਕਦਰਾਂ-ਕੀਮਤਾਂ ਵੀ ਸਿਖਾਉਂਦੇ।

Manoj

This news is Content Editor Manoj