ਮਾਛੀਵਾੜਾ ਸਾਹਿਬ ''ਚ ਅਕਾਲੀ ਦਲ ਨੇ ਦਫ਼ਤਰ ਦਾ ਕੀਤਾ ਉਦਘਾਟਨ

06/12/2021 2:38:02 PM

ਮਾਛੀਵਾੜਾ ਸਾਹਿਬ (ਟੱਕਰ) : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਮਰਾਲਾ ਤੋਂ ਥਾਪੇ ਗਏ ਨਵੇਂ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਵਲੋਂ ਵਿਧਾਨ ਸਭਾ ਚੋਣਾਂ ਦਾ ਬਿਗੁਲ ਵਜਾਉਂਦਿਆਂ ਮਾਛੀਵਾੜਾ ਵਿਖੇ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਖੋਲ੍ਹਿਆ ਗਿਆ। ਅੱਜ ਬੱਸ ਸਟੈਂਡ ਰੋਡ ’ਤੇ ਅਕਾਲੀ ਦਲ ਦਫ਼ਤਰ ਦੇ ਉਦਘਾਟਨ ਮੌਕੇ ਇਕੱਤਰ ਹੋਏ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੌਮੀ ਜਨਰਲ ਸਕੱਤਰ ਜੱਥੇ. ਸੰਤਾ ਸਿੰਘ ਉਮੈਦਪੁਰ, ਜ਼ਿਲ੍ਹਾ ਜੱਥੇ. ਰਘਵੀਰ ਸਿੰਘ ਸਹਾਰਨ ਮਾਜਰਾ, ਸਾਬਕਾ ਪ੍ਰਧਾਨ ਉਜਾਗਰ ਸਿੰਘ ਬੈਨੀਪਾਲ, ਸਰਕਲ ਜੱਥੇ. ਕੁਲਦੀਪ ਸਿੰਘ ਜਾਤੀਵਾਲ, ਸ਼੍ਰੋਮਣੀ ਕਮੇਟੀ ਮੈਂਬਰ ਹਰਜਤਿੰਦਰ ਸਿੰਘ ਬਾਜਵਾ, ਸਾਬਕਾ ਪ੍ਰਧਾਨ ਮਹਿੰਦਰ ਸਿੰਘ ਭੰਗਲਾਂ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਨੇ ਹਲਕਾ ਸਮਰਾਲਾ ਤੋਂ ਇੱਕ ਸੂਝਵਾਨ ਤੇ ਪੜ੍ਹੇ-ਲਿਖੇ ਨੌਜਵਾਨ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਜਿਸਦਾ ਸਾਨੂੰ ਸਾਰਿਆਂ ਨੂੰ ਇੱਕਜੁਟ ਹੋ ਕੇ ਸਾਥ ਦੇਣਾ ਚਾਹੀਦਾ ਹੈ। ਉਕਤ ਆਗੂਆਂ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਕੁਝ ਹੀ ਮਹੀਨੇ ਬਾਕੀ ਹਨ, ਇਸ ਲਈ ਸਾਨੂੰ ਸਾਰੇ ਆਗੂਆਂ ਤੇ ਵਰਕਰਾਂ ਨੂੰ ਗਿਲ੍ਹੇ-ਸ਼ਿਕਵੇ ਭੁਲਾ ਪਾਰਟੀ ਦੀ ਜਿੱਤ ਲਈ ਇੱਕਜੁਟ ਹੋ ਕੇ ਕੰਮ ਕਰਨਾ ਚਾਹੀਦਾ ਹੈ।

ਆਗੂਆਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਮਾਛੀਵਾੜਾ ’ਚ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਖੋਲ੍ਹਿਆ ਗਿਆ ਹੈ, ਜਿੱਥੇ ਆਮ ਲੋਕਾਂ ਤੇ ਵਰਕਰਾਂ ਨੂੰ ਸਰਕਾਰੀ ਦਫ਼ਤਰਾਂ ’ਚ ਕੋਈ ਵੀ ਸਮੱਸਿਆ ਆਉਂਦੀ ਹੋਵੇ, ਉਸਦਾ ਹੱਲ ਕੱਢਿਆ ਜਾਵੇਗਾ, ਉੱਥੇ ਨਾਲ ਹੀ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕੀਤਾ ਜਾਵੇਗਾ। ਇਸ ਮੌਕੇ ਸੀਨੀਅਰ ਅਕਾਲੀ ਆਗੂ ਰਜਿੰਦਰ ਸਿੰਘ ਢਿੱਲੋਂ, ਸਾਬਕਾ ਕੌਂਸਲਰ ਭੁਪਿੰਦਰ ਸਿੰਘ ਢਿੱਲੋਂ, ਜਥੇ. ਹਰਦੀਪ ਸਿੰਘ ਬਹਿਲੋਲਪੁਰ, ਕੋਰ ਕਮੇਟੀ ਮੈਂਬਰ ਰੁਪਿੰਦਰ ਸਿੰਘ ਬੈਨੀਪਾਲ, ਪ੍ਰਧਾਨ ਹਰਜਿੰਦਰ ਸਿੰਘ ਖੇੜਾ, ਟਹਿਲ ਸਿੰਘ ਔਜਲਾ, ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ, ਬਲਾਕ ਸੰਮਤੀ ਮੈਂਬਰ ਹਰਜੋਤ ਸਿੰਘ ਮਾਂਗਟ, ਐਡਵੋਕੇਟ ਗੁਰਜੀਤ ਸਿੰਘ ਮਿੱਠੇਵਾਲ, ਅਰਵਿੰਦਰਪਾਲ ਸਿੰਘ ਵਿੱਕੀ, ਸੁਰਜੀਤ ਸਿੰਘ ਕਾਹਲੋਂ, ਗੁਰਦੇਵ ਸਿੰਘ ਛੌੜੀਆਂ, ਮਹਿੰਦਰ ਸਿੰਘ ਈਸਾਪੁਰ, ਅਮਰੀਕ ਸਿੰਘ ਹੇੜੀਆਂ, ਗਿਆਨ ਪ੍ਰਕਾਸ਼ ਕਕਰਾਲਾ, ਚਰਨਜੀਤ ਸਿੰਘ ਲੱਖੋਵਾਲ, ਦੇਸਰਾਜ ਰਹੀਮਾਬਾਦ, ਜਸਮੇਲ ਸਿੰਘ ਬੌਂਦਲੀ, ਮੇਵਾ ਸਿੰਘ ਰਾਣਵਾਂ, ਗੁਰਪ੍ਰੀਤ ਸਿੰਘ ਮਾਨ, ਠੇਕੇਦਾਰ ਰਾਜਵੀਰ ਸਿੰਘ ਖੁਰਾਣਾ, ਪੀਏ ਗੁਰਮੀਤ ਸਿੰਘ ਭੌਰਲਾ, ਨੰਬਰਦਾਰ ਰੌਸ਼ਨ ਹੰਸ, ਠੇਕੇਦਾਰ ਲਾਲੀ ਹੰਸ, ਸਾਬਕਾ ਸਰਪੰਚ ਹਰਵਿੰਦਰ ਸਿੰਘ ਸ਼ੇਰੀਆਂ, ਨੌਨਿਹਾਲ ਸਿੰਘ, ਸਿਮਰਨਜੀਤ ਸਿੰਘ ਗੋਗੀਆ, ਲਾਲ ਚੰਦ ਆਦਿ ਵੀ ਮੌਜੂਦ ਸਨ।

ਸਾਡੇ ਤੋਂ ਬਾਅਦ ਆਏ ਐੱਮ.ਪੀ. ਤੇ ਵਿਧਾਇਕ ਬਣ ਗਏ ਪਰ ਅਸੀਂ ਪਾਰਟੀ ਪ੍ਰਤੀ ਵਫ਼ਾਦਾਰੀ ਨਿਭਾਈ : ਉਮੈਦਪੁਰ, ਸਹਾਰਨ ਮਾਜਰਾ

ਸ਼੍ਰੋਮਣੀ ਅਕਾਲੀ ਹਾਈਕਮਾਂਡ ਵਲੋਂ ਪਰਮਜੀਤ ਸਿੰਘ ਢਿੱਲੋਂ ਨੂੰ ਮੁੱਖ ਸੇਵਾਦਾਰ ਥਾਪੇ ਜਾਣ ਤੋਂ ਬਾਅਦ ਕੁਝ ਆਗੂਆਂ ਵਲੋਂ ਪਾਰਟੀ ਛੱਡੇ ਜਾਣ ’ਤੇ ਅਸਿੱਧੇ ਢੰਗ ਨਾਲ ਪ੍ਰਤੀਕਿਰਿਆ ਕਰਦਿਆਂ ਜੱਥੇ. ਸੰਤਾ ਸਿੰਘ ਉਮੈਦਪੁਰ ਤੇ ਸਹਾਰਨ ਮਾਜਰਾ ਨੇ ਕਿਹਾ ਕਿ ਸਾਡੇ ਤੋਂ ਬਾਅਦ ਪਾਰਟੀ ’ਚ ਆਏ ਆਗੂ ਐੱਮ. ਪੀ. ਅਤੇ ਵਿਧਾਇਕ ਬਣ ਗਏ ਪਰ ਉਨ੍ਹਾਂ ਕਦੇ ਵੀ ਨਾਰਾਜ਼ ਹੋ ਕੇ ਪਾਰਟੀ ਪ੍ਰਤੀ ਵਫ਼ਾਦਾਰੀ ਨਹੀਂ ਛੱਡੀ। ਉਕਤ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹੀ ਉਨ੍ਹਾਂ ਦਾ ਨਾਮ ਤੇ ਪਛਾਣ ਬਣਾਈ ਹੈ ਅਤੇ ਜਿਹੜੇ ਪਾਰਟੀ ਛੱਡਣ ਵਾਲੇ ਹਨ, ਉਨ੍ਹਾਂ ਦਾ ਜੋ ਅੱਜ ਨਾਮ ਹੈ ਉਹ ਅਕਾਲੀ ਦਲ ਸਦਕਾ ਹੀ ਬਣਿਆ, ਇਸ ਲਈ ਹੁਣ ਵੀ ਅਪੀਲ ਕਰਦੇ ਹਨ ਕਿ ਪਾਰਟੀ ਮਾਂ ਹੁੰਦੀ ਹੈ, ਉਹ ਵਾਪਸ ਪਰਤ ਆਉਣ ਅਤੇ ਵਿਧਾਨ ਸਭਾ ਚੋਣਾਂ ਦੀ ਜਿੱਤ ਵਿਚ ਆਪਣਾ ਅਹਿਮ ਯੋਗਦਾਨ ਪਾਉਣ।

ਗਠਜੋੜ ਦਾ ਐਲਾਨ ਹੁੰਦਿਆਂ ਹੀ ਬਸਪਾ ਆਗੂ ਵੀ ਅਕਾਲੀ ਦਲ ਦੇ ਸਮਾਗਮ ’ਚ ਪੁੱਜੇ
ਚੰਡੀਗੜ੍ਹ ਵਿਖੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦਾ ਐਲਾਨ ਹੋ ਰਿਹਾ ਸੀ, ਉੱਥੇ ਮਾਛੀਵਾੜਾ ਵਿਚ ਵੀ ਇਸਦਾ ਅਸਰ ਦੇਖਣ ਨੂੰ ਮਿਲਿਆ, ਜਿੱਥੇ ਅਕਾਲੀ ਦਲ ਦਫ਼ਤਰ ਦੇ ਉਦਘਾਟਨ ਮੌਕੇ ਬਸਪਾ ਆਗੂਆਂ ਨੇ ਸਮਾਗਮ ਵਿਚ ਸ਼ਮੂਲੀਅਤ ਕੀਤੀ। ਮਾਛੀਵਾੜਾ ਇਲਾਕੇ ਵਿਚ ਬਸਪਾ ਦਾ ਪੱਕਾ ਵੋਟ ਬੈਂਕ ਹੈ ਕਿਉਂਕਿ ਪਾਰਟੀ ਦਾ ਉਮੀਦਵਾਰ ਜਿੱਤੇ ਚਾਹੇ ਹਾਰੇ ਪਰ ਵਰਕਰ ਇੰਨੇ ਕੱਟੜ ਹਨ ਕਿ ਉਹ ਹਾਥੀ ਚੋਣ ਨਿਸ਼ਾਨ ਨੂੰ ਹੀ ਵੋਟ ਪਾਉਂਦੇ ਹਨ। ਇਸ ਵਾਰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਬਸਪਾ ਨਾਲ ਗਠਜੋੜ ਦਾ ਲਾਭ ਮਿਲੇਗਾ ਅਤੇ ਪਾਰਟੀ ਦਾ ਪੱਕਾ ਵੋਟ ਬੈਂਕ ਅਕਾਲੀ ਉਮੀਦਵਾਰ ਦਾ ਡਟ ਕੇ ਸਾਥ ਦੇਵੇਗਾ।  

Babita

This news is Content Editor Babita