ਅਕਾਲੀ ਦਲ 'ਤੇ ਚੀਮਾ ਨੇ ਲਗਾਏ ਵੱਡੇ ਦੋਸ਼ (ਵੀਡੀਓ)

09/07/2018 9:47:27 AM

ਸੁਲਤਾਨਪੁਰਲੋਧੀ(ਧੀਰ)—ਪੰਚਾਇਤ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਦੀਆਂ ਚੋਣਾਂ 'ਚ ਸਥਿਤੀ ਹੋਰ ਹਾਸੋਹੀਣੀ ਬਣ ਚੁੱਕੀ ਹੈ। ਜਦੋਂ ਉਸ ਨੂੰ ਉਮੀਦਵਾਰਾਂ ਦੇ ਨਾਮ ਲੱਭਣੇ ਔਖੇ ਹੋ ਚੁੱਕੇ ਹਨ ਅਤੇ ਉਹ ਪੈਸੇ ਦੇ ਕੇ ਉਮੀਦਵਾਰਾਂ ਨੂੰ ਸ਼ਰਮੋ-ਸ਼ਰਮੀ ਖੜ੍ਹੇ ਕਰਨ ਲਈ ਮਜਬੂਰ ਹੋ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਵੀਰਵਾਰ ਨੂੰ ਕੀਤੀ ਪ੍ਰੈੱਸ ਕਾਨਫਰੰਸ ਰਾਹੀਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਆਪਣੇ ਸਾਰੇ ਉਮੀਦਵਾਰਾ ਐਲਾਨੇ ਜਾ ਚੁੱਕੇ ਹਨ, ਜਦਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਹਾਲੇ ਤਕ ਆਪਣੇ ਉਮੀਦਵਾਰਾਂ ਦੀ ਲਿਸਟ ਹੀ ਫਾਈਨਲ ਨਹੀਂ ਕਰ ਸਕੀ ਹੈ।

ਉਨ੍ਹਾਂ ਕਿਹਾ ਕਿ ਨਾਮਜ਼ਦਗੀ ਪੇਪਰ ਦਾਖਲ ਕਰਨ ਦੀ ਪ੍ਰੀਕਿਰਿਆ ਵੀ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਅਕਾਲੀ ਦਲ ਉਮੀਦਵਾਰਾਂ ਨੂੰ ਚੋਣਾਂ 'ਚ ਖੜ੍ਹੇ ਹੋਣ ਲਈ ਮਿੰਨਤਾਂ ਤਰਲੇ ਕਰ ਰਿਹਾ ਹੈ ਪਰ ਕੋਈ ਵੀ ਜਥੇਦਾਰ ਪੰਜਾਬ 'ਚ ਅਕਾਲੀ ਦਲ ਦੀ ਪਤਲੀ ਹਾਲਤ ਨੂੰ ਵੇਖਦਿਆਂ ਖੜ੍ਹੇ ਹੋਣ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਥਿਤੀ ਦਾ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਕਾਲੀ ਦਲ ਨੇ ਕਬੀਰਪੁਰ ਜ਼ੋਨ ਤੋਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਅਤੇ ਗੁ. ਸ੍ਰੀ ਬੇਰ ਸਾਹਿਬ ਦੇ ਮੈਨੇਜਰ ਦੀ ਪਤਨੀ ਨੂੰ ਮਜਬੂਰਨ ਮੈਦਾਨ 'ਚ ਉਤਾਰਿਆ ਹੈ, ਉਨ੍ਹਾਂ ਕਿਹਾ ਕਿ ਜਨਰਲ ਵਰਗ ਦੀਆਂ ਸੀਟਾਂ 'ਤੇ ਐੱਸ. ਸੀ ਵਰਗ ਦੇ ਉਮੀਦਵਾਰ ਖੜ੍ਹੇ ਕਰਨ ਲਈ ਅਕਾਲੀ ਦਲ ਮਜਬੂਰ ਹੈ ਅਤੇ ਉਨ੍ਹਾਂ ਨੂੰ ਵੀ ਪੈਸਿਆਂ ਦਾ ਲਾਲਚ ਦੇ ਕੇ ਉਮੀਦਵਾਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਨਾਮੋਸ਼ੀ ਵਾਲੀ ਹਾਰ ਝੱਲਣੀ ਪਵੇਗੀ ਕਿਉਂਕਿ ਲੋਕ ਇਸ ਦੀਆਂ ਨੀਤੀਆਂ ਤੋਂ ਬਹੁਤ ਤੰਗ ਆ ਚੁੱਕੇ ਹਨ, ਸ਼੍ਰੀ ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਯੋਗ ਉਮੀਦਵਾਰਾਂ ਤੇ ਟਕਸਾਲੀ ਆਗੂਆਂ ਨੂੰ ਹੀ ਟਿਕਟ ਦੇ ਕੇ ਨਵਾਜਿਆ ਹੈ।