ਸੁਤੰਤਰਤਾ ਸੰਗਰਾਮੀ ਦੇ ਪੋਤੇ ''ਤੇ ਤਸ਼ੱਦਦ ਦੇਣ ਦੇ ਮਾਮਲੇ ''ਚ ਰਾਜਾ ਵੜਿੰਗ ਤੇ ਮਜੀਠੀਆ ਹੋ ਸਕਦੇ ਹਨ ਆਹਮੋ-ਸਾਹਮਣੇ

08/01/2017 7:27:18 PM

ਚੰਡੀਗੜ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੁਤੰਤਰਤਾ ਸੰਗਰਾਮੀ ਗਿਆਨੀ ਲਾਭ ਸਿੰਘ ਦੇ ਪੋਤੇ 'ਤੇ ਤੀਜੀ ਡਿਗਰੀ ਦਾ ਤਸ਼ੱਦਦ ਢਾਹੁਣ ਲਈ ਜ਼ਿੰਮੇਵਾਰ ਸਾਰੇ ਸਿਆਸੀ ਆਗੂਆਂ ਅਤੇ ਪੁਲਸ ਅਧਿਕਾਰੀਆਂ ਖ਼ਿਲਾਫ ਤੁਰੰਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਇਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਸਾਰੀਆਂ ਵਿਰੋਧੀ ਆਵਾਜ਼ਾਂ ਨੂੰ ਕੁਚਲਣ ਲਈ ਛੇੜੀ ਮੁਹਿੰਮ ਦੌਰਾਨ ਕਾਂਗਰਸੀ ਆਗੂ ਅਤੇ ਵਰਕਰ ਸੁਤੰਤਰਤਾ ਸੰਗਰਾਮੀਆਂ ਦੇ ਬੱਚਿਆਂ ਨੂੰ ਵੀ ਨਹੀਂ ਬਖਸ਼ ਰਹੇ ਹਨ।
ਉਨ੍ਹਾਂ ਕਿਹਾ ਕਿ ਇਕ ਸੁਤੰਤਰਤਾ ਸੰਗਰਾਮੀ ਦੇ ਪੋਤੇ ਜਗਰੂਪ ਦੀ ਗਲਤੀ ਸਿਰਫ ਇਹੋ ਸੀ ਕਿ ਉਸ ਨੇ ਮੁਕਤਸਰ ਜ਼ਿਲੇ ਵਿਚ ਪੈਂਦੇ ਆਪਣੇ ਪਿੰਡ ਮਧੀਰ ਦੇ ਤਲਾਬ ਉਤੇ ਨਾਜਾਇਜ਼ ਕਬਜ਼ੇ ਨੂੰ ਹਟਾਉਣ ਲਈ ਪ੍ਰਸ਼ਾਸਨ ਨੂੰ ਅਰਜ਼ੀ ਦਿੱਤੀ ਸੀ। ਅਜਿਹਾ ਕਰਨ ਲਈ ਉਸ ਨੂੰ 32 ਘੰਟੇ ਤੱਕ ਨਾਜਾਇਜ਼ ਹਿਰਾਸਤ 'ਚ ਰੱਖ ਕੇ ਉਸ ਉਤੇ ਤੀਜੀ ਡਿਗਰੀ ਦਾ ਅੱਤਿਆਚਾਰ ਕੀਤਾ ਗਿਆ।
ਅਕਾਲੀ ਆਗੂ ਨੇ ਕਿਹਾ ਕਿ ਸਿਆਸੀ ਬਦਲਾਖੋਰੀ ਦੀਆਂ ਘਟਨਾਵਾਂ ਤੋਂ ਮੁਨਕਰ ਹੁੰਦੀ ਆ ਰਹੀ ਕਾਂਗਰਸ ਲਈ ਇਹ ਕੇਸ ਸ਼ਰਤੀਆ ਪਰਖ ਦੀ ਘੜੀ ਸਾਬਿਤ ਹੋਵੇਗਾ। ਇਸ ਕੇਸ ਵਿਚ ਜਗਰੂਪ ਖ਼ਿਲਾਫ ਸਿਆਸੀ ਬਦਲਾਖੋਰੀ ਦਾ ਦੋਸ਼ ਅਕਾਲੀ ਦਲ ਨੇ ਨਹੀਂ, ਸਗੋਂ ਸੁਤੰਤਰਤਾ ਸੰਗਰਾਮੀਆਂ ਦੇ ਵੰਸ਼ਜ਼ਾਂ ਦੀ ਸੰਸਥਾ ਵੱਲੋਂ ਲਾਇਆ ਗਿਆ ਹੈ।
ਇਸ ਸੰਸਥਾ ਦਾ ਕਹਿਣਾ ਹੈ ਕਿ ਜਗਰੂਪ ਉਤੇ ਇਹ ਤਸ਼ੱਦਦ ਮੁਕਤਸਰ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਇਸ਼ਾਰੇ ਉੁਤੇ ਕੀਤਾ ਗਿਆ ਹੈ। ਇਸ ਸੰਸਥਾ ਨੇ ਇਸ ਤਸ਼ੱਦਦ ਦਾ ਕਾਰਨ ਵੀ ਦੱਸਿਆ ਹੈ। ਹੁਣ ਸਾਰੀ ਗੱਲ ਸਰਕਾਰ ਉਤੇ ਆ ਗਈ ਹੈ ਕਿ ਜਾਂ ਤਾਂ ਉਹ ਇਸ ਮਾਮਲੇ ਵਿਚ ਕਾਰਵਾਈ ਕਰੇ ਜਾਂ ਫਿਰ ਸਵੀਕਾਰ ਕਰੇ ਕਿ ਇਸ ਦੀ ਆਪਣੇ ਆਗੂਆਂ ਅਤੇ ਵਰਕਰਾਂ ਖ਼ਿਲਾਫ ਕਾਰਵਾਈ ਕਰਨ ਦੀ ਕੋਈ ਮੰਸ਼ਾ ਨਹੀਂ ਹੈ।
ਸਾਬਕਾ ਫੌਜੀਆਂ ਨਾਲ ਇਕਮੁਠਤਾ ਦਾ ਇਜ਼ਹਾਰ ਕਰਦਿਆਂ ਮਜੀਠੀਆ ਨੇ ਕਿਹਾ ਕਿ ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ ਸੁਤੰਤਰਤਾ ਸੰਗਰਾਮੀਆਂ ਦੀ ਸੰਸਥਾ ਨੇ ਐਲਾਨ ਕੀਤਾ ਹੈ ਕਿ ਜੇਕਰ ਇਸ ਕੇਸ ਵਿਚ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਸੂਬੇ ਵੱਲੋਂ ਕਰਵਾਏ ਜਾਣ ਵਾਲੇ ਆਜ਼ਾਦੀ ਦੇ ਜਸ਼ਨਾਂ ਦਾ ਬਾਈਕਾਟ ਕਰਨਗੇ। ਅਕਾਲੀ ਆਗੂ ਨੇ ਇਸ ਘਿਨੌਣੇ ਅਪਰਾਧ ਲਈ ਜ਼ਿੰਮੇਵਾਰ ਕਾਂਗਰਸੀ ਵਿਧਾਇਕ ਅਤੇ ਦੂਜੇ ਕਾਂਗਰਸੀਆਂ ਖਿਲਾਫ ਤੁਰੰਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਨੇ ਜਗਰੂਪ ਉਤੇ ਤਸ਼ੱਦਦ ਢਾਹੁਣ ਵਾਲੇ ਐੱਸ. ਐੱਚ. ਓ. ਨੂੰ ਵੀ ਤੁਰੰਤ ਮੁਅੱਤਲ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਾਡੇ ਸੁਤੰਤਰਤਾ ਸੰਗਰਾਮੀਆਂ ਦੀ ਯਾਦ ਨੂੰ ਸਨਮਾਨ ਦਿੰਦਿਆਂ ਇੰਨਾ ਤਾਂ ਕਰ ਹੀ ਸਕਦੀ ਹੈ।