ਅਕਾਲੀ ਦਲ ਨੇ ‘ਆਪ’ ਸਰਕਾਰ ਵੱਲੋਂ 10.70 ਲੱਖ ਨੀਲੇ ਕਾਰਡਾਂ ਨੂੰ ਕੱਟੇ ਜਾਣ ਦੀ ਜਾਂਚ ਮੰਗੀ

01/29/2024 6:07:11 PM

ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ 10.70 ਲੱਖ ਨੀਲੇ ਕਾਰਡ ਲਾਭਪਾਤਰੀਆਂ ਦੇ ਨਾਂ ਕੱਟੇ ਜਾਣ ਦੇ ਮਾਮਲੇ ਦੀ ਜਾਂਚ ਮੰਗੀ ਅਤੇ ਪਾਰਟੀ ਨੇ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਦੋ ਸਾਲਾਂ ਦਾ ਵਿੱਤੀ ਮੁਆਵਜ਼ਾ ਉਨ੍ਹਾਂ ਸਾਰੇ ਲਾਭਪਾਤਰੀਆਂ ਨੂੰ ਦਿੱਤਾ ਜਾਵੇ, ਜਿਹਨਾਂ ਦੇ ਨਾਂ ਕੱਟੇ ਗਏ ਸਨ। ਇਥੇ ਜਾਰੀ ਕੀਤੇ ਇਕ ਬਿਆਨ ’ਚ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ‘ਆਪ’ ਸਰਕਾਰ ਇਸ ਸਕੀਮ ਅਧੀਨ ਪਿਛਲੇ ਦੋ ਸਾਲਾਂ ਦੌਰਾਨ 40 ਲੱਖ ਲੋਕਾਂ ਤੋਂ ਅਨਾਜ ਦੀ ਸਹੂਲਤ ਖੋਹੀ ਹੈ ਅਤੇ ਹੁਣ ਇਸ ਮਾਮਲੇ ’ਤੇ ਹੇਠਲੇ ਪੱਧਰ ’ਤੇ ਰੋਹ ਹੋਣ ਕਾਰਨ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਸਹੂਲਤ ਬਹਾਲ ਕੀਤੀ ਗਈ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿਰਫ ਇਕ ਨਿਰਪੱਖ ਜਾਂਚ ਹੀ ਉਹ ਕਾਰਣ ਸਾਹਮਣੇ ਲਿਆ ਸਕਦੀ ਹੈ ਜਿਸ ਕਾਰਨ 40 ਲੱਖ ਲੋਕਾਂ ਤੋਂ ਇਹ ਸਹੂਲਤ ਖੋਹੀ ਗਈ ਸੀ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਜਿਹਨਾਂ ਲੋਕਾਂ ਨੇ ‘ਆਪ’ ਨੂੰ ਵੋਟਾਂ ਨਹੀਂ ਪਾਈਆਂ, ਉਨ੍ਹਾਂ ਨੂੰ ਜ਼ੁਰਮਾਨਾ ਲਗਾਇਆ ਗਿਆ। ਡਾ. ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਅਨਿਆਂ ਲਈ ਜ਼ਿੰਮੇਵਾਰ ਹਨ ਕਿਉਂਕਿ ਉਨ੍ਹਾਂ ਨੇ ਖੁਦ ਇਹ ਐਲਾਨ ਕੀਤਾ ਸੀ ਕਿ ਜਿਹੜੇ ਅਮੀਰ ਲੋਕ ਇਸ ਸਕੀਮ ਦਾ ਲਾਭ ਲੈ ਰਹੇ ਹਨ, ਉਨ੍ਹਾਂ ਦੇ 10.70 ਲੱਖ ਪਰਿਵਾਰਾਂ ਦੇ ਨੀਲੇ ਕਾਰਡ ਕੱਟ ਦਿੱਤੇ ਜਾਣਗੇ।

ਇਹ ਵੀ ਪੜ੍ਹੋ : ਗੜ੍ਹਦੀਵਾਲਾ ’ਚ ਦਰਦਨਾਕ ਹਾਦਸਾ, ਦਾਦੇ-ਪੋਤੇ ਦੀ ਇਕੱਠਿਆਂ ਮੌਤ

ਉਨ੍ਹਾਂ ਕਿਹਾ ਕਿ ਹੁਣ ਇਹਨਾਂ ਲੋਕਾਂ ਲਈ ਇਹ ਸਹੂਲਤ ਬਹਾਲ ਕੀਤੀ ਗਈ ਹੈ ਤਾਂ ਮੁੱਖ ਮੰਤਰੀ ਦੱਸਣ ਕਿ ਇਹਨਾਂ ਲੋਕਾਂ ਨੂੰ ਇਸ ਸਹੂਲਤ ਤੋਂ ਵਾਂਝਾ ਰੱਖਣ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਡਾ. ਚੀਮਾ ਨੇ ਇਹ ਵੀ ਮੰਗ ਕੀਤੀ ਕਿ 10.70 ਲੱਖ ਪਰਿਵਾਰ ਜਿਹਨਾਂ ਨੂੰ ਪ੍ਰਾਈਵੇਟ ਤੌਰ ’ਤੇ ਆਟਾ ਖ਼ਰੀਦਣ ਲਈ ਮਜਬੂਰ ਕੀਤਾ ਗਿਆ, ਇਹਨਾਂ ਦੋ ਸਾਲਾਂ ਦਾ ਨਿਸ਼ਚਿਤ ਸਮੇਂ ਅੰਦਰ ਵਿੱਤੀ ਮੁਆਵਜ਼ਾ ਮਿਲਣਾ ਚਾਹੀਦਾ ਹੈ। ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ‘ਆਪ’ ਸਰਕਾਰ ਨੂੰ ਇਸ ਮਾਮਲੇ ’ਚ ਅਕਾਲੀ ਦਲ ਵੱਲੋਂ ਕੀਤੇ ਵਿਰੋਧ ਤੋਂ ਬਾਅਦ ਆਪਣਾ ਸਟੈਂਡ ਬਦਲਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸਹੀ ਸਾਬਤ ਹੋਏ ਹਾਂ। ਉਨ੍ਹਾਂ ਕਿਹਾ ਕਿ ਹਾਲੇ ਵੀ ਇਹ ਯਕੀਨੀ ਨਹੀਂ ਹੈ ਕਿ ਇਹ ਸਹੂਲਤ ਜਾਂ ਬੁਢਾਪਾ ਪੈਨਸ਼ਨ ਸਮੇਤ ਹੋਰ ਸਮਾਜ ਭਲਾਈ ਸਕੀਮਾਂ ਲੋਕ ਸਭਾ ਚੋਣਾਂ ਤੋਂ ਬਾਅਦ ਮੌਜੂਦਾ ਸਰੂਪ ਵਿਚ ਜਾਰੀ ਰਹਿਣਗੀਆਂ ਜਾਂ ਨਹੀਂ। ਡਾ. ਚੀਮਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਕੇਸ ਦੇ ਤੱਥਾਂ ਸਮੇਤ ਪਾਰਟੀ ਦੀ ਪੰਜਾਬ ਬਚਾਓ ਯਾਤਰਾ ਦੌਰਾਨ ਲੋਕਾਂ ਕੋਲ ਜਾਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਕਿਵੇਂ ਸ਼ਗਨ ਸਕੀਮ, ਐੱਸ. ਸੀ. ਸਕਾਲਰਸ਼ਿਪ ਸਕੀਮ, ਲੜਕੀਆਂ ਲਈ ਮੁਫ਼ਤ ਸਾਈਕਲ ਅਤੇ ਸਪੋਰਟਸ ਕਿੱਟ ਸਕੀਮਾਂ ਬੰਦ ਕੀਤੀਆਂ ਗਈਆਂ ਅਤੇ ਫਿਰ ਅਕਾਲੀ ਦਲ ਦੇ ਦਬਾਅ ਹੇਠ ਸਰਕਾਰ ਸਕੀਮਾਂ ਮੁੜ ਸ਼ੁਰੂ ਕਰਨ ਲਈ ਮਜਬੂਰ ਹੋ ਰਹੀ ਹੈ।

ਇਹ ਵੀ ਪੜ੍ਹੋ : ਸੂਬੇ ’ਚ ‘ਸੜਕ ਸੁਰੱਖਿਆ ਫੋਰਸ’ ਦੀ ਸ਼ੁਰੂਆਤ, ਅਜਿਹਾ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ‘ਪੰਜਾਬ’

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 

Anuradha

This news is Content Editor Anuradha