ਅਕਾਲੀ-ਬਸਪਾ ਗਠਜੋੜ ਦੌਰਾਨ ਵੱਡੀ ਖ਼ਬਰ, ਇਨ੍ਹਾਂ 20 ਸੀਟਾਂ ’ਤੇ ਚੋਣ ਲੜੇਗੀ ਬਹੁਜਨ ਸਮਾਜ ਪਾਰਟੀ

06/12/2021 10:59:07 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਮਿਲ ਕੇ ਲੜਨਗੇ। ਦੋਵਾਂ ਧਿਰਾਂ ਵਿਚਾਲੇ ਸਹਿਮਤੀ ਪਹਿਲਾਂ ਹੀ ਬਣ ਗਈ ਸੀ ਪਰ ਗਠਜੋੜ ਦਾ ਰਸਮੀ ਐਲਾਨ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਦੇ ਸੀਨੀਅਰ ਆਗੂ ਸਤੀਸ਼ ਮਿਸ਼ਰਾ ਵਲੋਂ ਚੰਡੀਗੜ੍ਹ ਸਥਿਤ ਅਕਾਲੀ ਦਲ ਦੇ ਦਫ਼ਤਰ ’ਚ ਕਰ ਦਿੱਤਾ ਗਿਆ ਹੈ। ਇਸ ਦੌਰਾਨ ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀਆਂ 97 ਵਿਧਾਨ ਸਭਾ ਸੀਟਾਂ ’ਤੇ ਚੋਣਾਂ ਲੜੇਗਾ ਜਦਕਿ ਬਸਪਾ ਪੰਜਾਬ ਦੀਆਂ 20 ਸੀਟਾਂ ’ਤੇ ਚੋਣ ਮੈਦਾਨ ਵਿਚ ਉਤਰੇਗੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵਿਚਾਲੇ ਹੋਇਆ ਗਠਜੋੜ

ਸੁਖਬੀਰ ਬਾਦਲ ਨੇ ਕਿਹਾ ਕਿ ਦੋਵਾਂ ਪਾਰਟੀਆਂ ਵਿਚਾਲੇ ਸੀਟਾਂ ਦੀ ਵੰਡ ਹੋ ਗਈ ਹੈ ਅਤੇ ਇਸ ਸਮਝੌਤੇ ਅਧੀਨ ਬਸਪਾ ਦੁਆਬੇ ਦੀਆਂ 8, ਮਾਲਵੇ ਦੀਆਂ 7 ਅਤੇ ਮਾਝੇ ਦੀਆਂ 5 ਸੀਟਾਂ ’ਤੇ ਵਿਧਾਨਸਭਾ ਚੋਣਾਂ ਲੜੇਗੀ। ਬਹੁਜਨ ਸਮਾਜ ਪਾਰਟੀ ਸ੍ਰੀ ਕਰਤਾਰਪੁਰ ਸਾਹਿਬ ਜਲੰਧਰ, ਜਲੰਧਰ ਵੈਸਟ, ਜਲੰਧਰ ਨਾਰਥ, ਫਗਵਾੜਾ, ਕਪੂਰਥਲਾ, ਹੁਸ਼ਿਆਰਪੁਰ ਸ਼ਹਿਰੀ, ਟਾਂਡਾ, ਦਸੂਹਾ, ਚਮਕੌਰ ਸਾਹਿਬ, ਬੱਸੀ ਪਠਾਣਾ ਸੀਟ, ਮਹਿਲ ਕਲਾਂ, ਨਵਾਂਸ਼ਹਿਰ, ਲੁਧਿਆਣਾ ਨਾਰਥ, ਪਠਾਨਕੋਟ ਸ਼ਹਿਰੀ, ਸੁਜ਼ਾਨਪੁਰ, ਭੋਆ ਸੀਟ, ਮੋਹਾਲੀ, ਅੰਮ੍ਰਿਤਸਰ ਨਾਰਥ, ਅੰਮ੍ਰਿਤਸਰ ਸੈਂਟਰਲ ਅਤੇ ਪਾਇਲ ਸੀਟ ’ਤੇ ਚੋਣ ਮੈਦਾਨ ਵਿਚ ਉਤਰੇਗੀ।

ਇਹ ਵੀ ਪੜ੍ਹੋ : 2022 ਦੇ ਦੰਗਲ ’ਚ ਕੌਣ ਪਾਏਗਾ ਢੀਂਡਸਾ ਨਾਲ ਪੇਚਾ, ਸੁਖਬੀਰ ਜਾਂ ਚੰਦੂਮਾਜਰਾ?

ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਅਤੇ ਬਸਪਾ ਤਕਰੀਬਨ 25 ਸਾਲਾਂ ਬਾਅਦ ਇਕ-ਦੂਜੇ ਦੇ ਨਜ਼ਦੀਕ ਆ ਰਹੇ ਹਨ। ਇਸ ਤੋਂ ਪਹਿਲਾਂ ਸਾਲ 1996 ਵਿਚ ਦੋਹਾਂ ਪਾਰਟੀਆਂ ਨੇ ਪਾਰਲੀਮੈਂਟ ਚੋਣਾਂ ਇਕੱਠਿਆਂ ਲੜੀਆਂ ਸਨ ਅਤੇ ਇਨ੍ਹਾਂ ਚੋਣਾਂ ਵਿਚ ਅਕਾਲੀ-ਬਸਪਾ ਗਠਜੋੜ ਨੇ ਇਤਿਹਾਸਕ ਜਿੱਤ ਹਾਸਲ ਕਰਦੇ ਹੋਏ 13 ਵਿਚੋਂ 12 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ’ਚ ਚੱਲ ਰਹੇ ਕਲੇਸ਼ ਦਰਮਿਆਨ ਸੁਖਪਾਲ ਖਹਿਰਾ ਦਾ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh