ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਸੋਲਰ ਸਮਰੱਥਾ ਵਧਾ ਕੇ ਦੋ ਸਾਲਾਂ ’ਚ ਹੀ ਬਿਜਲੀ ਸਬਸਿਡੀ ਬਿੱਲ ਕਰੇਗੀ ਖ਼ਤਮ : ਸੁਖਬੀਰ ਬਾਦਲ

10/16/2021 8:43:14 PM

ਲੁਧਿਆਣਾ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਲੇ ਅੱਜ ਐਲਾਨ ਕੀਤਾ ਕਿ ਅਗਲੀ ਆਉਣ ਵਾਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਸੋਲਰ ਬਿਜਲੀ ਉਤਪਾਦਨ ਸਮਰੱਥਾ ਵਧਾ ਕੇ ਅਗਲੇ ਦੋ ਸਾਲਾਂ 'ਚ ਬਿਜਲੀ ਸਬਸਿਡੀ ਬਿੱਲ ਖਤਮ ਕਰ ਦੇਵੇਗੀ ਅਤੇ ਨਾਲ ਹੀ ਅਜਿਹੀ ਨੀਤੀ ਲਿਆਂਦੀ ਜਾਵੇਗੀ ਕਿ ਉਦਯੋਗਿਕ ਸੈਕਟਰ ਆਪਣੀ ਸੋਲਰ ਬਿਜਲੀ ਸਮਰੱਥਾ ਆਪ ਵਿਕਸਤ ਕਰ ਸਕੇ। ਇਥੇ ਸਰਦਾਰ ਭੁਪਿੰਦਰ ਸਿੰਘ ਭਿੰਦਾ ਵੱਲੋਂ ਰੱਖੀ ਉਦਯੋਗਪਤੀਆਂ ਤੇ ਬੁੱਧੀਜੀਵੀਆਂ ਨਾਲ ਮੀਟਿੰਗ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਸੋਲਰ ਬਿਜਲੀ ਉਤਪਾਦਨ 'ਚ ਵਾਧਾ ਕਰੇਗੀ ਤਾਂ ਜੋ 12,000 ਕਰੋੜ ਰੁਪਏ ਦੇ ਸਾਲਾਨਾ ਸਬਸਿਡੀ ਬਿੱਲ ਨਾਲ ਨਜਿੱਠਿਆ ਜਾ ਸਕੇ ਤੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਮਿਲਦੀ ਰਹੇ।

ਇਹ ਵੀ ਪੜ੍ਹੋ : ਕੈਨੇਡੀਅਨ ਕੌਂਸਲ ਮੈਂਬਰ ਗੁਰਪ੍ਰੀਤ ਸਿੰਘ ਢਿੱਲੋ ਦਾ ਫਰਿਜ਼ਨੋ ਵਿਖੇ ਸੁਆਗਤ

ਉਨ੍ਹਾਂ ਕਿਹਾ ਕਿ 25,000 ਕਰੋੜ ਰੁਪਏ ਦੀ ਲਾਗਤ ਨਾਲ 10,000 ਮੈਗਾਵਾਟ ਸੋਲਰ ਬਿਜਲੀ ਉਤਪਾਦਨ ਦੀ ਸਹੂਲਤ ਸਿਰਜੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਦੋ ਸਾਲਾਂ 'ਚ ਅਸੀਂ ਨਿਵੇਸ਼ ਦੀ ਉਹ ਰਕਮ ਹਾਸਲ ਕਰ ਲਵਾਂਗੇ ਜੋ ਸੂਬੇ ਦੀਆਂ ਸਬਸਿਡੀ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਲੋੜੀਦੀ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਉਦਯੋਗਪਤੀ ਆਪਣੇ ਸੋਲਰ ਪਲਾਂਟ ਲਗਾਉਣ। ਉਨ੍ਹਾਂ ਕਿਹਾ ਕਿ ਉਦਯੋਗਿਕ ਫੋਕਲ ਪੁਆਇੰਟਾਂ ’ਤੇ ਵੀ ਇਹ ਲਗਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਚਾਰ ਸਾਲਾਂ ਦੀ ਬੱਚਤ ਨਾਲ ਹੀ ਸੋਲਰ ਬਿਜਲੀ ਉਤਪਾਦਨ ਵਾਸਤੇ ਲੋੜੀਂਦੇ ਬੁਨਿਆਦੀ ਢਾਂਚੇ ਦਾ ਖਰਚ ਪੂਰਾ ਹੋ ਸਕੇਗਾ ਅਤੇ ਇਕ ਤਰੀਕੇ ਨਾਲ ਸਬਸਿਡੀ ਬਿੱਲ ਵੀ ਜ਼ੀਰੋ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਉਦਯੋਗਪਤੀ ਸੋਲਰ ਬਿਜਲੀ ਉਤਪਾਦਨ ਦੀ ਬਦੌਲਤ ਬਿਜਲੀ ਬਿੱਲਾਂ ’ਤੇ 21 ਫੀਸਦੀ ਟੈਕਸ ਦੀ ਬੱਚਤ ਵੀ ਕਰ ਸਕਦੇ ਹਨ।

ਇਹ ਵੀ ਪੜ੍ਹੋ : ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਯਾਤਰੀਆਂ ਲਈ ਅਮਰੀਕਾ ਨੇ ਖੋਲ੍ਹੇ ਦਰਵਾਜ਼ੇ, 8 ਨਵੰਬਰ ਤੋਂ ਕਰ ਸਕਣਗੇ ਯਾਤਰਾ

ਅਕਾਲੀ ਦਲ ਨੇ ਖੁੱਲ੍ਹੀ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਨੂੰ ਉਦਯੋਗਿਕ ਤੇ ਸੇਵਾਵਾਂ ਦੇ ਖੇਤਰ 'ਚ ਇਕ ਹੋਰ ਵੱਡੇ ਹੁਲਾਰੇ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅਸੀਂ ਸਮਝਦੇ ਹਾਂ ਕਿ  ਸਸਤੀ ਬਿਜਲੀ ਦੀ ਉਪਲਬਧਤਾ ਸਮੇਤ ਨਵੀਂਆਂ ਪਹਿਲਕਦਮੀਆਂ ਨਵਾਂ ਨਿਵੇਸ਼ ਵੀ ਲਿਆ ਸਕਦੀਆਂ ਹਨ ਤੇ ਇਸ ਨਾਲ ਸਾਡੇ ਘਰੇਲੂ ਉਪਜੇ ਉਦੱਮੀਆਂ ਨੁੰ ਆਪਣਾ ਕਾਰੋਬਾਰ ਵਧਾਉਣ 'ਚ ਵੀ ਮਦਦ ਮਿਲੇਗੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਮਹਿਲਾ ਉਦਮੀਆਂ ਲਈ 10 ਲੱਖ ਰੁਪਏ ਦਾ ਕਰਜ਼ਾ ਮਿਲੇਗਾ ਤਾਂ ਜੋ ਅਜਿਹੀਆਂ ਮਹਿਲਾ ਉਦਮੀਆਂ ਨੂੰ ਆਪਣਾ ਹੀ ਅਦਾਰਾ ਖੜ੍ਹਾ ਕਰਨ ਵਾਸਤੇ ਉਤਸ਼ਾਹਿਤ ਕੀਤਾ ਜਾ ਸਕੇ। ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਅਗਲੀ ਸਰਕਾਰ ਸਰਕਾਰੀ ਸਿੱਖਿਆ ਨੂੰ ਉਤਸ਼ਾਹਿਤ ਕਰੇਗੀ।

ਉਨ੍ਹਾਂ ਕਿਹਾ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਨੂੰ ਬਲਾਕ ਪੱਧਰ ’ਤੇ ਸੰਯੁਕਤ ਸਕੂਲ ਖੋਲ੍ਹਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਸਾਰੇ ਸਰੋਤ ਇਕ ਥਾਂ ਇਕੱਤਰ ਹੋ ਸਕਣਗੇ ਤੇ ਇਸ ਨਾਲ ਦੂਰ ਦੁਰਾਡੇ ਪੋਸਟਿੰਗ ਤੋਂ ਵੀ ਅਧਿਆਪਕਾਂ ਦਾ ਬਚਾਅ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹਾ ਅਕਾਲੀ ਦਲ ਦੀਆਂ ਅਗਵਾਈ ਵਾਲੀਆਂ ਸਰਕਾਰਾਂ ਵੱਲੋਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸਿੱਖਿਆ ਦੇ ਖੇਤਰ ਨੁੰ ਵੱਡਾ ਹੁਲਾਰਾ ਦੇਣ ਦੀ ਨੀਤੀ ਤਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਪਿਛਲੇ ਕਾਰਜਕਾਲ ਦੌਰਾਨ ਮੈਰੀਟੋਰੀਅਸ ਸਕੂਲ ਖੋਲ੍ਹੇ ਜੋ ਬਹੁਤ ਹੀ ਲਾਇਕ ਵਿਦਿਆਰਥੀਆਂ ਨੂੰ ਮੁਫਤ ਵਿੱਦਿਆ ਪ੍ਰਦਾਨ ਕਰ ਰਹੇ ਹਨ।

ਇਹ ਵੀ ਪੜ੍ਹੋ : FDA ਕਮੇਟੀ ਨੇ J&J ਦੇ ਕੋਵਿਡ-19 ਰੋਕੂ ਟੀਕੇ ਲਈ ਬੂਸਟਰ ਖੁਰਾਕ ਦੀ ਕੀਤੀ ਸਿਫਾਰਿਸ਼

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਸੂਬੇ ਦੀ ਵਾਗਡੋਰ ਸੰਭਾਲਣ ਦੇ ਤੁਰੰਤ ਬਾਅਦ ਇਹ ਸਕੂਲ ਬੰਦ ਹੋ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਪਿਛਲੀ ਅਕਾਲੀ ਸਰਕਾਰ ਨੇ ਸੂਬੇ 'ਚ ਆਈ.ਐੱਸ.ਬੀ., ਆਈ.ਆਈ.ਟੀ., ਆਈ.ਆਈ.ਐੱਮ. ਤੇ ਹੋਰ ਸੰਸਥਾਵਾਂ ਸਿਰਫ ਵਿਦਿਆਰਥੀਆਂ ਨੂੰ ਪ੍ਰੋਫੈਸ਼ਨਲ ਕੋਰਸ ਪ੍ਰਤੀ ਉਤਸ਼ਾਹਿਤ ਕਰਨ ਵਾਲੇ ਅਪਣਾਈਆਂ। ਇਸ ਮੌਕੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਕਾਂਗਰਸ ਦੇ ਰਾਜਕਾਲ 'ਚ ਵਪਾਰੀ ਤੇ ਉਦਯੋਗਪਤੀ ਅਸੁਰੱਖਿਆ ਮਹਿਸੂਸ ਕਰਨ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਗੈਂਗਸਟਰ ਸਭਿਆਚਾਰ ਨੁੰ ਪ੍ਰਫੁੱਲਤ ਕੀਤਾ ਗਿਆ ਜਿਸ ਦੀ ਬਦੌਲਤ ਫਿਰੌਤੀਆਂ ਵਸੂਲੀਆਂ ਗਈਆਂ ਤੇ ਕਤਲ ਵੀ ਹੋਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਸਭ ਦੀ ਜ਼ਿੰਮੇਵਾਰ ਹੈ ਤੇ ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਵਰਗਾ ਆਗੂ ਜਿਸ ਨੇ ਵਿਕਾਸ ਦਾ ਯੁੱਗ ਸ਼ੁਰੂ ਕੀਤਾ, ਐਕਸਪ੍ਰੈਸ ਵੇਅ ਬਣਵਾਈਆਂ ਤੇ ਨਾਲ ਹੀ ਹਵਾਈ ਅੱਡੇ ਬਣਵਾਏ ਤੇ ਸੂਬੇ ਵਿਚ ਬਿਜਲੀ ਸਰਪਲੱਸ ਕੀਤੀ, ਉਹੀ ਅਜਿਹਾ ਕਰ ਸਕਦੇ ਹਨ।

ਇਹ ਵੀ ਪੜ੍ਹੋ : US ਕੈਪੀਟਲ ਨੇੜੇ ਬੇਸਬੈਟ ਨਾਲ ਔਰਤ ਨੇ ਪੁਲਸ ਅਧਿਕਾਰੀ 'ਤੇ ਕੀਤਾ ਹਮਲਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar