ਬਰਗਾਡ਼ੀ ਮੋਰਚੇ ਦੇ ਜਥੇਦਾਰ ਦੱਸਣ ਕਿ ਕੈਪਟਨ ਸਰਕਾਰ ਵਿਰੁੱਧ ਕਿਉਂ ਨਹੀਂ ਬੋਲ ਰਹੇ : ਲੌਂਗੋਵਾਲ

07/28/2018 3:52:48 AM

ਬਠਿੰਡਾ(ਬਲਵਿੰਦਰ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ਦਾ ਪੱਖ ਪੂਰਦਿਆਂ ਬਰਗਾਡ਼ੀ ਮੋਰਚੇ ਦੇ ਜਥੇਦਾਰਾਂ ਨੂੰ ਸਵਾਲ ਕੀਤਾ ਕਿ ਉਹ ਕੈਪਟਨ ਸਰਕਾਰ ਵਿਰੁੱਧ ਮੂੰਹ ਕਿਉਂ ਨਹੀਂ ਖੋਲ੍ਹ ਰਹੇ, ਜਦਕਿ ਬੇਅਦਬੀ ਮਾਮਲਿਆਂ ’ਚ ਕੈਪਟਨ ਸਰਕਾਰ ਨੇ ਡੇਢ ਸਾਲ ’ਚ ਡੱਕਾ ਵੀ ਨਹੀਂ ਤੋਡ਼ਿਆ, ਜਿਸ ਤੋਂ ਸਪੱਸ਼ਟ ਹੈ ਕਿ ਬਰਗਾਡ਼ੀ ਮੋਰਚਾ ਕਾਂਗਰਸ ਦੀ ਹੀ ਦੇਣ ਹੈ ਤੇ ਬੁਲਾਰਿਆਂ ਨੂੰ ਸਿਰਫ ਅਕਾਲੀ ਦਲ ਅਤੇ ਬਾਦਲ ਪਰਿਵਾਰ ਵਿਰੁੱਧ ਹੀ ਬੋਲਣ ਲਈ ਕਿਹਾ ਗਿਆ ਹੈ। ਬਰਗਾਡ਼ੀ ਮੋਰਚਾ ਧਾਰਮਿਕ ਮੰਚ ਨਹੀਂ, ਸਗੋਂ ਸਿਆਸੀ ਅਖਾਡ਼ਾ ਬਣ ਚੁੱਕਾ ਹੈ, ਉਹ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਜਥੇਦਾਰ ਲੌਂਗੋਵਾਲ ਇਥੇ ਆਈ. ਜੀ. ਬਠਿੰਡਾ ਐੱਮ. ਐੱਫ. ਫਾਰੂਕੀ ਨੂੰ ਮਿਲਣ ਲਈ ਆਏ ਸਨ, ਜਿਨ੍ਹਾਂ ਨਾਲ ਪਿੰਡ ਭਾਈਰੂਪਾ ਦੇ ਗੁਰਦੁਆਰਾ ਸਾਹਿਬ ਦੀ 161 ਏਕਡ਼ ਜ਼ਮੀਨ ਦੇ ਵਿਵਾਦ ਦਾ ਮਾਮਲਾ ਵਿਚਾਰਿਆ ਗਿਆ। ਉਨ੍ਹਾਂ ਦੱਸਿਆ ਕਿ ਆਈ. ਜੀ. ਨੇ ਭਰੋਸਾ ਦਿਵਾਇਆ ਹੈ ਕਿ ਇਸ ਮਸਲੇ ਨੂੰ ਛੇਤੀ ਹੀ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗਡ਼ ਨੇ ਵਿਵਾਦ ਬਣਾਇਆ ਹੈ, ਜੋ ਆਪਣੀਆਂ ਸਿਆਸੀ ਕਿਡ਼ਾਂ ਕੱਢ ਰਹੇ ਹਨ। ਉਨ੍ਹਾਂ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਉਕਤ ਵਿਵਾਦ ਜਾਂ ਸਿੱਖਾਂ ਦੇ ਹੋਰ ਧਾਰਮਿਕ ਮਸਲਿਆਂ ’ਚ ਦਖਲ ਦੇਣਾ ਬੰਦ ਨਾ ਕੀਤਾ ਤਾਂ ਸ਼੍ਰੋਮਣੀ ਕਮੇਟੀ ਸੰਘਰਸ਼ ਲਈ ਮਜਬੂਰ ਹੋਵੇਗੀ। ਸ਼੍ਰੋਮਣੀ ਕਮੇਟੀ ਦੀ ਚੋਣ ਬਾਰੇ ਪੁੱਛਣ ’ਤੇ ਜਥੇਦਾਰ ਲੌਂਗੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਜਦੋਂ ਮਰਜ਼ੀ ਚੋਣਾਂ ਕਰਵਾ ਸਕਦੀ ਹੈ ਪਰ ਚੋਣਾਂ ਨੂੰ ਲੈ ਕੇ ਮਾਮਲਾ ਅਦਾਲਤ ਵਿਚ ਹੈ, ਜਿਸ ਦੇ ਫੈਸਲੇ ਦੀ ਉਡੀਕ ਕਰਨਾ ਵੀ ਜ਼ਰੂਰੀ ਹੈ।