ਅਕਾਲੀ ਦਲ ''ਰੁੱਸਿਆਂ ਨੂੰ ਮਨਾਉਣ'' ਤੇ ''ਦੂਜਿਆਂ ਨੂੰ ਚੋਗਾ ਪਾਉਣ'' ਦੀ ਰਾਹ ''ਤੇ

04/20/2019 10:58:57 AM

ਚੰਡੀਗੜ੍ਹ : ਪੰਜਾਬ 'ਚ ਬੇਅਦਬੀ ਦੀਆਂ ਘਟਨਾਵਾਂ ਅਤੇ ਗੋਲੀਕਾਂਡ ਮਾਮਲੇ ਕਾਰਨ ਸਿਆਸੀ ਸੰਕਟ 'ਚ ਘਿਰੇ ਅਕਾਲੀ ਦਲ ਵਲੋਂ ਰੁੱਸਿਆਂ ਨੂੰ ਮਨਾਉਣ ਅਤੇ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਚੋਗਾ ਪਾਉਣ ਦੀ ਕਵਾਇਦ ਜਾਰੀ ਹੈ, ਜਿਸ ਤਹਿਤ ਪਿਛਲੇ ਸਵਾ 2 ਸਾਲਾਂ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕਈ ਆਗੂ ਅਕਾਲੀ ਦਲ 'ਚ ਸ਼ਾਮਲ ਹੋ ਚੁੱਕੇ ਹਨ। ਮਰਹੂਮ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪਰਿਵਾਰ ਵਲੋਂ ਵੀ ਅਕਾਲੀ ਦਲ 'ਚ ਸ਼ਾਮਲ ਹੋਣ ਦੇ ਆਸਾਰ ਹਨ, ਜਦੋਂ ਕਿ ਜਗਮੀਤ ਸਿੰਘ ਬਰਾੜ ਨੇ ਬਾਦਲ ਪਰਿਵਾਰ ਦਾ ਲੜ ਬੀਤੇ ਦਿਨ ਫੜ੍ਹ ਲਿਆ ਹੈ। ਦੂਜੇ ਪਾਸੇ ਕਾਂਗਰਸ 'ਚ ਅਜੇ ਤੱਕ ਕੋਈ ਵੱਡਾ ਸਿਆਸੀ ਆਗੂ ਸ਼ਾਮਲ ਨਹੀਂ ਹੋਇਆ। ਅਕਾਲੀ ਦਲ ਦਾ ਦਾਅਵਾ ਹੈ ਕਿ ਸੱਤਾ 'ਚੋਂ ਬਾਹਰ ਹੋਣ ਤੋਂ ਬਾਅਦ ਵੀ 25 ਸਿਆਸੀ ਆਗੂ ਅਕਾਲੀ ਦਲ 'ਚ ਸ਼ਾਮਲ ਹੋਏ ਹਨ। ਇਸੇ ਤਰ੍ਹਾਂ ਸਾਬਕਾ ਸੰਸਦੀ ਮੈਂਬਰਾਂ ਮਹਿੰਦਰ ਸਿੰਘ ਕੇ. ਪੀ. ਅਤੇ ਸੰਤੋਸ਼ ਚੌਧਰੀ ਵਲੋਂ ਵੀ ਬਾਗੀ ਸੁਰ ਅਲਾਪੀ ਜਾ ਰਹੀ ਹੈ।

ਕਾਂਗਰਸ ਸਰਕਾਰ ਵਲੋਂ ਪਿਛਲੇ 10 ਸਾਲਾਂ ਦੌਰਾਨ ਗਠਜੋੜ ਸਰਕਾਰ ਵੇਲੇ ਸਿੰਜਾਈ ਵਿਭਾਗ ਸਮੇਤ ਅੱਧੀ ਦਰਜਨ ਵਿਭਾਗਾਂ 'ਚ ਹੋਏ ਵੱਡੇ ਘਪਲਿਆਂ 'ਤੇ ਪਰਦਾਪੋਸ਼ੀ ਵਾਲਾ ਰੁਖ ਅਪਨਾਉਣ ਮਗਰੋਂ ਅਕਾਲੀਆਂ ਦੇ ਹੌਂਸਲੇ ਬੁਲੰਦ ਹਨ। ਇਸ ਬਾਰੇ ਇਕ ਸੀਨੀਅਰ ਕਾਂਗਰਸੀ ਆਗੂ ਦਾ ਕਹਿਣਾ ਹੈ ਕਿ ਵਿਰੋਧੀ ਪਾਰਟੀਆਂ ਅਤੇ ਕਾਂਗਰਸ ਨੇਤਾਵਾਂ ਦਾ ਅਕਾਲੀ ਦਲ 'ਚ ਜਾਣਾ ਸੱਚਮੁੱਚ ਚਿੰਤਾ ਦਾ ਵਿਸ਼ਾ ਹੈ।

Babita

This news is Content Editor Babita