ਅਕਾਲੀ ਦਲ-ਬਸਪਾ ਸਰਕਾਰ ਸੂਬੇ ’ਚ ਵਿਕਾਸ ਦਾ ਨਵਾਂ ਦੌਰ ਲੈ ਕੇ ਆਵੇਗੀ : ਛੋਟੇਪੁਰ

02/25/2022 5:54:03 PM

ਬਟਾਲਾ (ਮਠਾਰੂ) : ਵਿਧਾਨ ਸਭਾ ਹਲਕਾ ਬਟਾਲਾ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਵੱਲੋਂ ਚੋਣਾਂ ਤੋਂ ਬਾਅਦ ਸੀਨੀਅਰ ਅਕਾਲੀ ਆਗੂਆਂ ਅਤੇ ਵਰਕਰਾਂ ਦੇ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਜਦਕਿ ਭਵਿੱਖ ਦੀ ਰਣਨੀਤੀ ਵੀ ਉਲੀਕੀ ਜਾ ਰਹੀ ਹੈ। ਜਥੇਦਾਰ ਛੋਟੇਪੁਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਹੈ, ਜਿਸ ਨੇ ਪੰਜਾਬ ਦੇ ਹੱਕਾਂ ਦੀ ਹਮੇਸ਼ਾ ਹੀ ਡੱਟ ਕੇ ਰਖਵਾਲੀ ਕੀਤੀ ਹੈ, ਜਦਕਿ ਸੂਬੇ ਦੇ ਹੱਕ ਸਿਰਫ ਅਤੇ ਸਿਰਫ ਅਕਾਲੀ ਦਲ ਦੇ ਹੱਥਾਂ ਵਿਚ ਹੀ ਸੁਰੱਖਿਅਤ ਹਨ। ਉਨ੍ਹਾਂ ਦਾਅਵਾ ਕੀਤਾ ਕਿ 10 ਮਾਰਚ ਨੂੰ ਚੋਣਾਂ ਦੇ ਆਉਣ ਵਾਲੇ ਨਤੀਜਿਆਂ ਦੇ ਵਿਚ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਭਾਰੀ ਬਹੁਮਤ ਨਾਲ ਲੋਕਪੱਖੀ ਅਤੇ ਵਿਕਾਸਮਈ ਸਰਕਾਰ ਲੈ ਕੇ ਆਵੇਗਾ।

ਛੋਟੇਪੁਰ ਨੇ ਕਿਹਾ ਕਿ ਜਿਹੜੇ ਵਾਅਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਦੇ ਨਾਲ ਕੀਤੇ ਗਏ ਹਨ, ਉਨ੍ਹਾਂ ਨੂੰ ਇੰਨ-ਬਿੰਨ ਪੂਰਾ ਕਰਦਿਆਂ ਹਰ ਵਰਗ ਨੂੰ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਜਾਣਗੀਆਂ। ਛੋਟੇਪੁਰ ਨੇ ਕਿਹਾ ਕਿ 10 ਮਾਰਚ ਤੋਂ ਬਾਅਦ ਸੂਬੇ ਅੰਦਰ ਵਿਕਾਸ ਦਾ ਇਕ ਨਵਾਂ ਦੌਰ ਸ਼ੁਰੂ ਹੋਵੇਗਾ। ਜਿਸ ਵਿਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਂਦਿਆਂ ਸਮਾਜਿਕ ਬੁਰਾਈਆਂ ਨੂੰ ਵੀ ਖ਼ਤਮ ਕੀਤਾ ਜਾਵੇਗਾ। ਇਸ ਮੌਕੇ ਅਕਾਲੀ ਦਲ ਦੇ ਜਰਨਲ ਸਕੱਤਰ ਸੁਭਾਸ਼ ਉਹਰੀ, ਐੱਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਲਵਿੰਦਰ ਸਿੰਘ ਲੰਬੜਦਾਰ, ਐਡਵੋਕੇਟ ਪ੍ਰਭਜੋਤ ਸਿੰਘ ਮਾਹਲ, ਮੋਨਟੇਕ ਸਿੰਘ ਛੋਟੇਪੁਰ, ਯੂਥ ਆਗੂ ਗੁਰਪ੍ਰੀਤ ਸਿੰਘ ਘੁੱਲੀ, ਐਡਵੋਕੇਟ ਸਤਸਿਮਰਨ ਸਿੰਘ, ਸ਼ਹਿਰੀ ਪ੍ਰਧਾਨ ਅਮਿਤ ਸੋਢੀ, ਸਹਿਜ ਗੁਰਾਇਆ, ਸੁਖਬਾਜ਼ ਪਰਵਾਨਾ, ਦਾਸਕਰਨ ਸਿੰਘ, ਅਮਨਦੀਪ ਸਿੰਘ ਕੋਟ, ਪ੍ਰਭਜੋਤ ਸਿੰਘ ਬਟਾਲਵੀਂ, ਅਮਨ ਲੂਣਾ ਤੇ ਹੋਰ ਵੀ ਆਗੂ ਹਾਜ਼ਰ ਸਨ।

Gurminder Singh

This news is Content Editor Gurminder Singh