ਜਬਰ-ਜ਼ਨਾਹ ਦੇ ਮਾਮਲੇ ''ਚ ਅਕਾਲੀ ਦਲ ਦਾ ਪ੍ਰਧਾਨ ਗ੍ਰਿਫਤਾਰ

12/30/2017 7:26:23 AM

ਸੁਲਤਾਨਪੁਰ ਲੋਧੀ, (ਧੀਰ)- ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਤੇ ਉਸ ਨੂੰ ਅਗਵਾ ਕਰਨ ਦੇ ਮਾਮਲੇ 'ਚ ਵੱਖ-ਵੱਖ ਦਰਜ ਹੋਏ ਮੁਕੱਦਮਿਆਂ 'ਚ ਪੁਲਸ ਨੇ ਮੁੱਖ ਰੂਪ 'ਚ ਲੋੜੀਂਦੇ ਮੁਲਜ਼ਮ ਨੂੰ ਵੀ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਬੀਤੇ ਮਹੀਨੇ ਜਵਾਲਾ ਸਿੰਘ ਨਗਰ ਨਿਵਾਸੀ ਹਰਚਰਨ ਸਿੰਘ ਨੇ ਪੁਲਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਕਿਹਾ ਕਿ ਉਸ ਦੀ ਨਾਬਾਲਗ ਲੜਕੀ ਅਰਚਨਾ (ਕਾਲਪਨਿਕ ਨਾਂ) ਦੇ ਨਾਲ ਸੁਲਤਾਨਪੁਰ ਲੋਧੀ ਸ਼ਹਿਰ ਨਿਵਾਸੀ ਮਨੀ ਪੁੱਤਰ ਅਮਰਜੀਤ ਸਿੰਘ ਤੇ ਰਾਜੀਵ ਧੀਰ ਪੁੱਤਰ ਹਰੀਸ਼ਪਾਲ ਧੀਰ ਪ੍ਰਧਾਨ ਅਕਾਲੀ ਦਲ ਸ਼ਹਿਰੀ ਨੇ ਜਬਰ-ਜ਼ਨਾਹ ਕੀਤਾ ਸੀ ਤੇ ਉਸ ਨੂੰ ਕਥਿਤ ਤੌਰ 'ਤੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਲੜਕੀ ਵਲੋਂ ਖੁਦ ਮੈਜਿਸਟਰੇਟ ਸਾਹਿਬ ਨੂੰ ਦਿੱਤੇ ਬਿਆਨਾਂ 'ਤੇ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਮੁਕੱਦਮਾ ਨੰ. 349 ਦਰਜ ਕਰ ਕੇ ਕੇਸ 'ਚ ਲੋੜੀਂਦੇ ਮੁਲਜ਼ਮ ਮਨੀ ਨੂੰ ਗ੍ਰਿਫਤਾਰ ਕਰ ਲਿਆ ਸੀ, ਜਦਕਿ ਦੂਸਰਾ ਮੁਲਜ਼ਮ ਰਾਜੀਵ ਧੀਰ ਉਸ ਦਿਨ ਤੋਂ ਹੀ ਫਰਾਰ ਸੀ। 
ਉਨ੍ਹਾਂ ਦੱਸਿਆ ਕਿ ਇਸ ਕੇਸ 'ਚ ਉਸ ਸਮੇਂ ਹੋਰ ਨਵਾਂ ਮੋੜ ਆਇਆ ਜਦੋਂ ਰਾਜੀਵ ਧੀਰ ਤੇ ਉਸ ਦੇ ਨਾਲ ਹੋਰ ਕੁਝ ਵਿਅਕਤੀਆਂ ਨੇ ਉਸ ਨਾਬਾਲਗ ਲੜਕੀ ਨੂੰ ਅਗਵਾ ਕਰ ਕੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਸਬੰਧ 'ਚ ਵੀ ਲੜਕੀ ਦੇ ਚਾਚਾ ਰਣਬੀਰ ਸਿੰਘ ਵਲੋਂ ਦਿੱਤੀ ਸ਼ਿਕਾਇਤ 'ਤੇ ਪੁਲਸ ਨੇ ਪੰਜ ਮੁਲਜ਼ਮਾਂ 'ਤੇ ਕੇਸ ਦਰਜ ਕੀਤਾ ਸੀ। 
ਪੁਲਸ ਨੇ ਨਾਬਾਲਗ ਲੜਕੀ ਦੀ ਭਾਲ 'ਚ ਜਦੋਂ ਛਾਪਾ ਮਾਰਿਆ ਤਾਂ ਉਕਤ ਵਿਅਕਤੀਆਂ ਵਲੋਂ ਨਰਿੰਦਰ ਕੁਮਾਰ ਉਰਫ ਦੇਸ ਰਾਜ ਵਾਸੀ ਪੱਖੀ ਮੁਹੱਲਾ ਦੇ ਘਰ ਲੜਕੀ ਨੂੰ ਲੁਕਾਇਆ ਗਿਆ ਸੀ। ਪੁਲਸ ਨਰਿੰਦਰ ਕੁਮਾਰ ਖਿਲਾਫ ਕੇਸ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਸੀ ਪਰ ਲੜਕੀ ਵਲੋਂ ਦੁਬਾਰਾ ਮੈਜਿਸਟਰੇਟ ਸਾਹਿਬ ਸਾਹਮਣੇ ਦਿੱਤੇ ਬਿਆਨਾਂ 'ਤੇ ਰਾਜੀਵ ਧੀਰ ਨੂੰ ਇਸ ਕੇਸ ਤਹਿਤ ਸ਼ਾਮਿਲ ਕਰ ਲਿਆ ਸੀ, ਜਿਸ ਦੀ ਤਲਾਸ਼ 'ਚ ਪੁਲਸ ਕਾਫੀ ਲੰਬੇ ਸਮੇਂ ਤੋਂ ਉਸ ਦੇ ਵੱਖ-ਵੱਖ ਟਿਕਾਣਿਆਂ 'ਤੇ ਛਾਪੇ ਵੀ ਮਾਰ ਚੁੱਕੀ ਸੀ। 
ਬੀਤੇ ਦਿਨ ਪੁਲਸ ਨੂੰ ਕਿਸੇ ਮੁਖਬਰ ਤੋਂ ਇਤਲਾਹ ਮਿਲੀ ਕਿ ਰਾਜੀਵ ਧੀਰ ਸ਼ਹਿਰ 'ਚ ਹੀ ਘੁੰਮ ਰਿਹਾ ਹੈ ਤਾਂ ਪੁਲਸ ਨੇ ਸ਼ਹਿਰ ਦੇ ਪ੍ਰਮੁੱਖ ਚੌਕਾਂ 'ਚ ਨਾਕਾਬੰਦੀ ਕਰ ਕੇ ਉਸ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਨਜ਼ਦੀਕ ਰੋਟਰੀ ਚੌਕ ਤੋਂ ਉਸ ਕਾਰ ਸਮੇਤ ਗ੍ਰਿਫਤਾਰ ਕਰਨ ਲਿਆ, ਜਿਸ 'ਚ ਨਾਬਾਲਗ ਲੜਕੀ ਨੂੰ ਕਥਿਤ ਤੌਰ 'ਤੇ ਅਗਵਾ ਕੀਤਾ ਸੀ। 
ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਹੁਣ ਇਨ੍ਹਾਂ ਦੋਵਾਂ ਮੁਕੱਦਮਿਆਂ 'ਚ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਬਾਕੀ ਲੋੜੀਂਦੇ ਦੋਸ਼ੀਆਂ ਦੀ ਭਾਲ ਲਈ ਵੀ ਛਾਪੇ ਮਾਰੇ ਜਾ ਰਹੇ ਹਨ। ਰਾਜੀਵ ਧੀਰ ਨੂੰ ਸਥਾਨਕ ਅਦਾਲਤ 'ਚ ਪੇਸ਼ ਕਰ ਦਿੱਤਾ ਗਿਆ ਹੈ, ਜਿਸ ਤੋਂ ਪੁੱਛਗਿੱਛ ਵਾਸਤੇ ਮਾਣਯੋਗ ਜੱਜ ਸਾਹਿਬ ਨੇ ਹੋਰ ਇਕ ਦਿਨ ਦਾ ਪੁਲਸ ਰਿਮਾਂਡ ਦੇ ਦਿੱਤਾ ਹੈ। ਇਸ ਮੌਕੇ ਏ. ਐੱਸ. ਆਈ. ਅਮਰਜੀਤ ਸਿੰਘ, ਏ. ਐੱਸ. ਆਈ. ਕਿਰਪਾਲ ਸਿੰਘ, ਐੱਚ. ਸੀ. ਕੁਲਵੰਤ ਸਿੰਘ ਮੁਨਸ਼ੀ, ਐੱਚ. ਸੀ. ਸੰਦੀਪ ਸਿੰਘ ਆਦਿ ਵੀ ਹਾਜ਼ਰ ਸਨ।