ਦੇਖੋ, ਮਾਝੇ ''ਚ ਕੀ ਹਨ ਨਵੇਂ ਅਕਾਲੀ ਦਲ ਦੇ ਮਾਇਨੇ

12/16/2018 6:33:31 PM

ਜਲੰਧਰ (ਵੈੱਬ ਡੈਸਕ) : ਅਕਾਲੀ ਦਲ ਤੋਂ ਬਾਗੀ ਹੋਏ ਮਾਝੇ ਦੀ ਟਕਸਾਲੀਆਂ ਨੇ ਐਤਵਾਰ ਨੂੰ ਇਕ ਨਵਾਂ ਅਕਾਲੀ ਦਲ ਬਣਾ ਲਿਆ ਅਤੇ ਇਸ ਦਾ ਨਾਂ ਰੱਖਿਆ ਅਕਾਲੀ ਦਲ (ਟਕਸਾਲੀ)। ਇਸ ਅਕਾਲੀ ਦਲ ਦੀ ਅਗਵਾਈ ਮਾਝੇ ਦੇ ਦਿੱਗਜ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਕਰ ਰਹੇ ਹਨ। ਗੱਲ ਭਾਵੇਂ ਰਣਜੀਤ ਸਿੰਘ ਬ੍ਰਹਮਪੁਰਾ ਦੀ ਹੋਵੇ, ਰਤਨ ਸਿੰਘ ਅਜਨਾਲਾ ਜਾਂ ਸੇਵਾ ਸਿੰਘ ਸੇਖਵਾਂ ਦੀ। ਤਿੰਨਾਂ ਹੀ ਨਾਵਾਂ ਦਾ ਮਾਝੇ 'ਚ ਪੂਰਾ ਦਬਦਬਾ ਰਿਹਾ ਹੈ ਪਰ ਮਾਝੇ ਤੋਂ ਬਾਹਰ ਇਨ੍ਹਾਂ ਦਿੱਗਜਾਂ ਦੀ ਜ਼ਿਆਦਾ ਅਹਿਮੀਅਤ ਨਹੀਂ ਪੈਂਦੀ।

ਹੁਣ ਇਹ ਨਵਾਂ ਅਕਾਲੀ ਦਲ ਮਹਿਜ਼ ਮਾਝੇ ਤੱਕ ਹੀ ਸੀਮਿਤ ਰਹਿ ਜਾਂਦਾ ਹੈ, ਇਹ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਹੀ ਦੱਸਣਗੀਆਂ ਕਿਉਂਕਿ ਮਾਝੇ ਤੋਂ ਬਾਹਰ ਇਨ੍ਹਾਂ ਆਗੂਆਂ ਦਾ ਕੋਈ ਬਹੁਤਾ ਜਲਵਾ ਨਹੀਂ ਹੈ ਜਦਕਿ ਕਿਸੇ ਵੀ ਪਾਰਟੀ ਨੂੰ ਪੈਰਾਂ ਸਿਰ ਕਰਨ 'ਚ ਮਾਲਵੇ ਦਾ ਖਾਸ ਯੋਗਦਾਨ ਰਹਿੰਦਾ ਹੈ। ਜ਼ਿਆਦਾਤਰ ਵਿਧਾਨ ਸਭਾ ਸੀਟਾਂ ਇਕੱਲੇ ਮਾਲਵਾ ਖੇਤਰ 'ਚ ਹਨ ਅਤੇ ਜ਼ਿਆਦਾਤਰ ਮੁੱਖ ਮੰਤਰੀ ਵੀ ਇਸੇ ਇਲਾਕੇ ਦੇ ਬਣਦੇ ਹਨ। ਫਿਰ ਪਾਰਟੀ ਭਾਵੇਂ ਕੋਈ ਵੀ ਹੋਵੇ ਹਾਲਾਂਕਿ ਇਸ ਵਾਰ ਕਾਂਗਰਸ ਨੇ ਸਿਰਫ ਮਾਝੇ ਅਤੇ ਦੁਆਬੇ ਦੇ ਸਿਰ 'ਤੇ ਹੂੰਝਾ ਫੇਰ ਜਿੱਤ ਹਾਸਿਲ ਕੀਤੀ ਸੀ ਤੇ ਅਕਾਲੀ ਦਲ ਮਾਝੇ 'ਚ ਮੂਧੇ ਮੂੰਹ ਡਿੱਗ ਗਿਆ। 



ਇਕ ਨਜ਼ਰ ਮਾਝੇ 'ਚ ਅਕਾਲੀ ਦਲ ਦੀ ਸਥਿਤੀ 'ਤੇ 
ਗੱਲ ਕਰੀਏ ਮਾਝੇ 'ਚ ਅਕਾਲੀ ਦਲ ਬਾਦਲ ਦੀ ਸਥਿਤੀ ਦੀ ਤਾਂ ਮਾਝੇ 'ਚ ਆਉਂਦੇ 4 ਜ਼ਿਲਿਆਂ ਦੀਆਂ 25 ਵਿਧਾਨ ਸਭਾ ਸੀਟਾਂ ਹਨ। ਜਿਨ੍ਹਾਂ 'ਚੋਂ ਮਹਿਜ਼ 2 ਸੀਟਾਂ ਮਜੀਠਾ ਤੇ ਬਟਾਲਾ 'ਤੇ ਹੀ ਅਕਾਲੀ ਦਲ ਦਾ ਕਬਜ਼ਾ ਹੈ ਜਦਕਿ ਸੁਜਾਨਪੁਰ ਇਕਲੌਤੀ ਅਜਿਹੀ ਸੀਟ ਹੈ, ਜਿਥੇ ਅਕਾਲੀਆਂ ਦੀ ਭਾਈਵਾਲ ਪਾਰਟੀ ਭਾਜਪਾ ਕਾਬਜ ਹੈ। ਜਿਥੋਂ ਤੱਕ ਲੋਕ ਸਭਾ ਸੀਟ ਦੀ ਗੱਲ ਹੈ ਤਾਂ ਮਾਝੇ 'ਚ ਕੁੱਲ 3 ਲੋਕ ਸਭਾ ਸੀਟਾਂ ਆਉਂਦੀਆਂ ਹਨ। ਉਨ੍ਹਾਂ 'ਚੋਂ ਵੀ ਗੁਰਦਾਸਪੁਰ ਅਤੇ ਅੰਮ੍ਰਿਤਸਰ 2 'ਤੇ ਕਾਂਗਰਸ ਦੀ ਪੈਂਠ ਹੈ ਤੇ ਬਾਕੀ ਬਚੀ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਸੀਟ ਹੀ ਅਕਾਲੀ ਦਲ ਦੇ ਹਿੱਸੇ ਸੀ, ਜਿਥੋਂ ਰਣਜੀਤ ਸਿੰਘ ਬ੍ਰਹਮਪੁਰਾ ਐੱਮ. ਪੀ. ਹਨ। ਹੁਣ ਜਦੋਂ ਬ੍ਰਹਮਪੁਰਾ ਨੇ ਬਾਗੀ ਹੋ ਕੇ ਵੱਖਰੀ ਪਾਰਟੀ ਬਣਾ ਲਈ ਹੈ ਤਾਂ ਇਹ ਸੀਟ ਵੀ ਅਕਾਲੀ ਦਲ ਦੇ ਹੱਥੋਂ ਖੁੱਸਦੀ ਨਜ਼ਰ ਆ ਰਹੀ ਹੈ। ਚਰਚਾ ਇਹ ਵੀ ਹੈ ਕਿ ਅਕਾਲੀ ਦਲ ਕੋਲ ਕੋਈ ਵੀ ਅਜਿਹਾ ਹੰਡਿਆ ਉਮੀਦਵਾਰ ਨਹੀਂ, ਜਿਸਨੂੰ ਉਹ ਲੋਕ ਸਭਾ ਚੋਣ 'ਚ ਮਾਝੇ ਤੋਂ ਮੈਦਾਨ 'ਚ ਉਤਾਰ ਸਕੇ। 


ਬਿਨਾਂ ਸ਼ੱਕ ਇਨ੍ਹਾਂ ਤਿੰਨਾਂ ਦਿੱਗਜਾਂ ਕਰਕੇ ਮਾਝੇ 'ਚ ਅਕਾਲੀ ਦਲ ਦਾ ਚੰਗਾ ਦਬਦਬਾ ਰਿਹਾ ਸੀ ਅਤੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਨ੍ਹਾਂ ਦੀ ਬਗਾਵਤ ਪਹਿਲਾਂ ਤੋਂ ਹੀ ਮਾਝੇ 'ਚ ਕਮਜ਼ੋਰ ਅਕਾਲੀ ਦਲ (ਬਾਦਲ) ਨੂੰ ਢਾਅ ਲਾਉਣ 'ਚ ਕੋਈ ਕਸਰ ਨਹੀਂ ਛੱਡੇਗੀ ਪਰ ਕੀ ਇਹ ਅਕਾਲੀ ਦਲ ਟਕਸਾਲੀ ਸਿਰਫ ਮਾਝੇ 'ਚ ਰਹਿ ਜਾਵੇਗਾ? ਕੀ ਇਹ ਅਕਾਲੀ ਦਲ ਬਾਦਲ ਨੂੰ ਟੱਕਰ ਦੇ ਸਕਣਗੇ? ਮਾਝੇ ਦੇ ਜਰਨੈਲ ਕਹੇ ਜਾਂਦੇ ਬ੍ਰਹਮਪੁਰਾ ਦੀ ਥਾਂ ਅਕਾਲੀ ਦਲ ਹੋਰ ਕਿਹੜਾ ਚਿਹਰਾ ਲੈ ਕੇ ਆਵੇਗਾ? ਇਹ ਕੁਝ ਅਜਿਹੇ ਸਵਾਲ ਹਨ, ਜਿਨ੍ਹਾਂ ਦਾ ਜਵਾਬ ਸਿਰਫ ਵਕਤ ਹੀ ਦੇ ਸਕਦਾ ਹੈ।

Gurminder Singh

This news is Content Editor Gurminder Singh