ਵਿਰੋਧੀ ਧਿਰ ਦਾ ਦਰਜਾ ਹੱਥੋਂ ਗਵਾਉਣ ਵਾਲੇ ਅਕਾਲੀ ਕਰ ਰਹੇ ਬੇਲੋੜੀ ਬਿਆਨਬਾਜ਼ੀ : ਵਿਧਾਇਕ ਬਰਾੜ

02/25/2018 4:26:18 PM

ਮੋਗਾ (ਪਵਨ ਗਰੋਵਰ, ਗੋਪੀ ਰਾਊਕੇ)-ਪਿਛਲੇ 10 ਸਾਲਾਂ ਦੌਰਾਨ ਅਕਾਲੀ ਸਰਕਾਰ ਦੇ ਹੁੰਦੇ ਹੋਏ ਆਪਣੀਆਂ ਤਿਜੌਰੀਆਂ ਭਰਨ ਲਈ ਬਾਘਾਪੁਰਾਣਾ ਸ਼ਹਿਰ ਸਮੇਤ ਪਿੰਡਾਂ ਵਿਚ ਨਸ਼ਾ ਸਮੱਗਲਰਾਂ ਨੂੰ ਕਥਿਤ ਸ਼ਹਿ ਦੇ ਕੇ ਨਸ਼ਾ ਵਿਕਾਉਣ ਦੇ ਨਾਲ-ਨਾਲ ਇਥੋਂ ਤੱਕ ਥਾਣਿਆਂ, ਚੌਕੀਆਂ 'ਚ ਰੱਖ ਕੇ ਭੁੱਕੀ ਅਤੇ ਹੋਰ ਨਸ਼ੇ ਵੇਚਣ ਵਾਲੇ ਅੱਜ ਕਿਹੜੇ ਮੂੰਹ ਨਾਲ ਵਿਕਾਸ ਸਬੰਧੀ ਤੇ ਹੋਰ ਮੁੱਦਿਆਂ 'ਤੇ ਬੇਲੋੜੀ ਬਿਆਨਬਾਜ਼ੀ ਕਰ ਰਹੇ ਹਨ, ਇਹ ਪ੍ਰਗਟਾਵਾ ਅੱਜ ਗੱਲਬਾਤ ਕਰਦਿਆਂ ਹਲਕਾ ਬਾਘਾਪੁਰਾਣਾ ਦੇ ਕਾਂਗਰਸੀ ਵਿਧਾਇਕ ਅਤੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਨੇ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੇ ਅਣਖੀ ਅਤੇ ਬਹਾਦਰ ਨੌਜਵਾਨਾਂ ਨੂੰ ਸਿੰਥੈਟਿਕ ਨਸ਼ਿਆਂ ਵੱਲ ਧਕੇਲ ਕੇ ਪੰਜਾਬ ਦੀ ਜਵਾਨੀ ਦਾ ਘਾਣ ਕਰਨ ਵਾਲੇ ਅਕਾਲੀ ਆਗੂਆਂ ਨੇ 10 ਸਾਲਾਂ 'ਚ ਸੱਤਾ 'ਤੇ ਕਾਬਜ਼ ਰਹਿੰਦਿਆਂ ਜੋ ਕੁੱਝ ਬਾਘਾਪੁਰਾਣਾ ਹਲਕੇ 'ਚ ਕੀਤਾ, ਉਹ ਸਭ ਨੂੰ ਪਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਵਿਰੋਧੀ ਧਿਰ ਦਾ ਦਰਜਾ ਵੀ ਹੱਥੋਂ ਗਵਾਉਣ ਵਾਲੇ ਅਕਾਲੀ ਆਗੂ ਹੁਣ ਆਪਣੀ ਸਾਖ ਨੂੰ ਮੁੜ ਪੈਰਾਂ ਸਿਰ ਖੜ੍ਹਾ ਕਰਨ ਲਈ ਆਏ ਦਿਨ ਬੇਤੁਕੀਆਂ ਗੱਲਾਂ ਕਰਨ ਲੱਗੇ ਹਨ।
ਕਾਂਗਰਸੀ ਵਿਧਾਇਕ ਨੇ ਹਲਕੇ ਨਾਲ ਸਬੰਧਿਤ ਅਕਾਲੀ ਆਗੂ ਨੂੰ ਯਾਦ ਕਰਵਾਉਂਦੇ ਹੋਏ ਕਿਹਾ ਕਿ ਜਿਹੜੇ ਆਗੂ ਨੂੰ ਲੋਕਾਂ ਨੇ ਤੀਜੇ ਸਥਾਨ 'ਤੇ ਵਿਧਾਨ ਸਭਾ ਚੋਣਾਂ 'ਚ ਸੁੱਟ ਦਿੱਤਾ ਹੋਵੇ, ਉਸ ਨੂੰ ਇਹ ਗੱਲ ਭਲੀ-ਭਾਂਤ ਸਮਝ ਲੈਣੀ ਚਾਹੀਦੀ ਹੈ ਕਿ ਹਲਕੇ ਵਿਚ ਉਨ੍ਹਾਂ ਦਾ ਕੀ ਆਧਾਰ ਹੈ। ਉਨ੍ਹਾਂ ਕਿਹਾ ਕਿ ਅਕਾਲੀ ਆਗੂਆਂ ਨੂੰ ਲੱਗਦਾ ਹੈ ਕਿ ਉਹ ਅਸਲੋਂ ਨੀਵੇਂ ਪੱਧਰ ਦੀ ਬਿਆਨਬਾਜ਼ੀ ਸਰਕਾਰ ਵਿਰੁੱਧ ਕਰ ਕੇ ਮੁੜ ਆਪਣੀ ਲੋਕਪ੍ਰਿਯਤਾ ਬਹਾਲ ਕਰ ਲੈਣਗੇ ਪਰ ਪੰਜਾਬ ਦੇ ਲੋਕ ਅਕਾਲੀ ਦਲ ਵੱਲੋਂ 10 ਸਾਲ ਲਗਾਤਾਰ ਪੰਜਾਬ ਦੀ ਕੀਤੀ ਗਈ ਬਰਬਾਦੀ ਨੂੰ ਕਦੇ ਵੀ ਭੁੱਲਣ ਵਾਲੇ ਨਹੀਂ ਹਨ। 
ਉਨ੍ਹਾਂ ਕਿਹਾ ਹਲਕਾ ਬਾਘਾਪੁਰਾਣਾ ਦੇ ਚਿਰਾਂ ਤੋਂ ਲਟਕਦੇ ਵਿਕਾਸ ਕਾਰਜਾਂ ਨੂੰ ਇਕ-ਇਕ ਕਰ ਕੇ ਪੂਰਾ ਕੀਤਾ ਜਾ ਰਿਹਾ ਹੈ, ਜਿਸ ਦੀ ਸ਼ੁਰੂਆਤ ਬਾਘਾਪੁਰਾਣਾ ਸ਼ਹਿਰ ਤੋਂ ਕਰ ਦਿੱਤੀ ਗਈ ਹੈ ਅਤੇ ਪਿੰਡਾਂ ਦੇ ਵਿਕਾਸ ਕਾਰਜਾਂ ਸਬੰਧੀ ਵੀ ਵਿਓਂਤਬੰਦੀ ਕੀਤੀ ਜਾ ਰਹੀ ਹੈ।