ਲੰਗਰ ''ਤੇ ਜੀ. ਐੱਸ. ਟੀ. ਹਟਾਉਣ ਸਬੰਧੀ ਅਕਾਲੀ ਦਲ ਦਾ ਸੰਘਰਸ਼ ਜਾਰੀ ਰਹੇਗਾ: ਮੰਨਣ

04/08/2018 3:25:31 PM

ਜਲੰਧਰ (ਬੁਲੰਦ)— ਦਰਬਾਰ ਸਾਹਿਬ ਅੰਮ੍ਰਿਤਸਰ ਦੇ ਲੰਗਰ 'ਤੇ ਲਗਾਏ ਗਏ ਜੀ. ਐੱਸ. ਟੀ. ਉੱਤੇ ਅਕਾਲੀ ਦਲ ਵੱਲੋਂ ਸੰਸਦ 'ਚ ਆਵਾਜ਼ ਉਠਾਈ ਗਈ ਹੈ ਅਤੇ ਇਸ ਬਾਰੇ ਅਕਾਲੀ ਦਲ ਹਾਈਕਮਾਨ ਹੀ ਨਹੀਂ, ਸਾਰੇ ਅਕਾਲੀ ਵਰਕਰ ਵੀ ਸੰਘਰਸ਼ ਕਰਨ ਨੂੰ ਤਿਆਰ ਹਨ। ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਦਰਬਾਰ ਸਾਹਿਬ ਸਾਰੇ ਧਰਮਾਂ ਦਾ ਆਦਰ ਕਰਦਾ ਹੈ ਅਤੇ ਚਾਰੇ ਦਰਵਾਜ਼ੇ ਚਾਰੇ ਧਰਮਾਂ ਨੂੰ ਇਕ ਸਮਾਨ ਦਰਸਾਉਂਦੇ ਹਨ। 
ਹਰ ਰੋਜ਼ ਡੇਢ ਲੱਖ ਦੇ ਕਰੀਬ ਸੰਗਤ ਇਥੇ ਲੰਗਰ ਛਕਦੀ ਹੈ ਪਰ ਕੇਂਦਰ ਸਰਕਾਰ ਨੇ ਇਸ ਮਹਾਨ ਅਸਥਾਨ ਨੂੰ ਜੀ. ਐੱਸ. ਟੀ. ਦੇ ਘੇਰੇ ਵਿਚ ਲਿਆ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਮੰਨਣ ਨੇ ਕਿਹਾ ਕਿ ਭਾਜਪਾ ਨੂੰ ਚਾਹੀਦਾ ਹੈ ਕਿ ਇਸ ਮੁੱਦੇ 'ਤੇ ਆਪਣਾ ਗਠਜੋੜ ਧਰਮ ਨਿਭਾਵੇ ਅਤੇ ਅਕਾਲੀ ਦਲ ਦਾ ਸਾਥ ਦੇਵੇ। ਮੰਨਣ ਨੇ ਕਿਹਾ ਕਿ ਜੇਕਰ ਜਲਦੀ ਹੀ ਕੇਂਦਰ ਸਰਕਾਰ ਨੇ ਲੰਗਰ ਉੱਤੋਂ ਜੀ. ਐੱਸ. ਟੀ. ਹਟਾਉਣ ਦਾ ਫੈਸਲਾ ਨਾ ਲਿਆ ਤਾਂ ਅਕਾਲੀ ਦਲ ਨੂੰ ਸਖ਼ਤ ਸੰਘਰਸ਼ ਦੀ ਰਾਹ ਅਪਣਾਉਣੀ ਪਵੇਗੀ।