ਕਾਂਗਰਸ ਨੇ 1 ਸਾਲ ''ਚ ਪੰਜਾਬ ਨੂੰ ਆਰਥਕ ਐਮਰਜੈਂਸੀ ਕਿਨਾਰੇ ਲਿਆ ਖੜ੍ਹਾ ਕੀਤਾ : ਵਿਧਾਇਕ ਚੰਦੂਮਾਜਰਾ

03/17/2018 2:21:31 PM

ਪਟਿਆਲਾ (ਬਲਜਿੰਦਰ, ਪ. ਪ., ਰਾਣਾ)-ਅਕਾਲੀ ਦਲ ਦੇ ਹਲਕਾ ਸਨੌਰ ਤੋਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਾਂਗਰਸ ਸਰਕਾਰ ਦਾ ਇਕ ਸਾਲ ਪੂਰਾ ਹੋਣ ਉਪਰੰਤ ਸਰਕਾਰ 'ਤੇ ਕਰਾਰਾ ਵਾਰ ਕਰਦਿਆਂ ਕਿਹਾ ਕਿ ਕੈ. ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਪੰਜਾਬ ਨੂੰ ਇਕ ਸਾਲ ਵਿਚ ਆਰਥਕ ਮੰਦਹਾਲੀ ਦੇ ਕਿਨਾਰੇ ਲਿਆ ਖੜ੍ਹਾ ਕੀਤਾ। ਕੈ. ਅਮਰਿੰਦਰ ਸਿੰਘ ਨੇ ਇਕ ਸਾਲ ਵਿਚ ਘਰ-ਘਰ ਰੋਜ਼ਗਾਰ ਦੇਣ ਦੀ ਬਜਾਏ ਨੌਜਵਾਨਾਂ ਨੂੰ ਬੇਰੋਜ਼ਗਾਰ ਕੀਤਾ ਹੈ। ਪਹਿਲਾਂ ਹੀ ਕਿਸਾਨਾਂ ਨਾਲ ਕਰਜ਼ਾ ਮੁਆਫੀ ਦਾ ਝੂਠਾ ਵਾਅਦਾ ਕਰ ਕੇ ਉਨ੍ਹਾਂ ਨੂੰ ਵਿਆਜ ਤੇ ਕਰਜ਼ੇ ਦੀ ਦਲਦਲ ਵਿਚ ਸੁੱਟਿਆ। ਕਿਸਾਨਾਂ, ਮਜ਼ਦੂਰਾਂ ਦੀ ਮੁਫਤ ਬਿਜਲੀ ਸਹੂਲਤ ਨੂੰ ਖੋਹਣ ਦੀਆਂ ਆਏ ਦਿਨ ਨਵੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਸਮਾਜ ਭਲਾਈ ਸਕੀਮਾਂ ਦਾ ਲੰਘੇ ਇਕ ਸਾਲ ਦੌਰਾਨ ਇਕ ਪੈਸਾ ਜਾਰੀ ਨਹੀਂ ਕੀਤਾ ਗਿਆ। ਮੁਲਾਜ਼ਮਾਂ ਨੂੰ ਦੇਣ ਲਈ ਸਰਕਾਰ ਕੋਲ ਇਕ ਧੇਲਾ ਨਹੀਂ। ਅਜਿਹੇ ਵਿਚ ਹੁਣ ਸਵਾਲ ਅਮਰਿੰਦਰ ਵੱਲੋਂ ਕੀਤੇ ਵਾਅਦਿਆਂ ਦਾ ਨਹੀਂ ਸਗੋਂ ਪੰਜਾਬ ਦੇ ਲੋਕਾਂ ਦੇ ਭਵਿੱਖ ਦਾ ਪੈਦਾ ਹੋ ਗਿਆ ਹੈ। 
ਦੂਜੇ ਪਾਸੇ ਉਨ੍ਹਾਂ ਆਮ ਆਦਮੀ ਪਾਰਟੀ 'ਤੇ ਵੀ ਕਰਾਰਾ ਵਾਰ ਕਰਦਿਆਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਵਰਗੀ ਬੇਦਾਗ ਸ਼ਖਸੀਅਤ 'ਤੇ ਝੂਠੇ ਇਲਜ਼ਾਮ ਲਾ ਕੇ ਝੂਠ ਦੀ ਬੁਨਿਆਦ 'ਤੇ ਖੜ੍ਹੀ ਆਮ ਆਦਮੀ ਪਾਰਟੀ ਅੱਜ ਖੇਰੂੰ-ਖੇਰੂੰ ਹੋ ਗਈ ਹੈ। ਅਕਾਲੀ ਦਲ ਇਕ ਅਜਿਹੀ ਪਾਰਟੀ ਹੈ, ਜਿਸ ਨੇ ਜੋ ਕਿਹਾ ਉਹ ਕਰ ਦਿਖਾਇਆ। ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।