ਫਿਲੌਰ ਸੀਟ ਅਕਾਲੀ ਦਲ ਦੇ ਖਾਤੇ ’ਚ ਜਾਣ ਨਾਲ ਬਸਪਾ ਵਰਕਰਾਂ ’ਚ ਬਗਾਵਤ ਦੀਆਂ ਸੁਰਾਂ ਉੱਠਣੀਆਂ ਸ਼ੁਰੂ

06/14/2021 12:17:04 PM

ਗੋਰਾਇਆ (ਜ.ਬ.)-ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਿਚ ਹੋਏ ਗਠਜੋੜ ਤੋਂ ਇਕ ਦਿਨ ਬਾਅਦ ਹੀ ਬਸਪਾ ਵਰਕਰਾਂ ਵਿਚ ਬਗਾਵਤ ਦੀਆਂ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਫਿਲੌਰ ਵਿਧਾਨ ਸਭਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਇਥੇ ਐਤਵਾਰ ਨੂੰ ਬਹੁਜਨ ਸਮਾਜ ਪਾਰਟੀ ਵੱਲੋਂ ਵਰਕਰ ਸੰਮੇਲਨ ਰੱਖਿਆ ਗਿਆ, ਜਿਸ ਵਿਚ ਵੱਡੀ ਗਿਣਤੀ ਬਸਪਾ ਆਗੂ ਹਾਜ਼ਰ ਹੋਏ। ਹਾਲਾਂਕਿ ਸੰਮੇਲਨ ਵਿਚੋਂ ਕੁਝ ਆਗੂ ਗੈਰਹਾਜ਼ਰ ਵੀ ਦੇਖੇ ਗਏ।
ਇਹ ਵੀ ਪੜ੍ਹੋ: ਆਸਾਮ-ਚੀਨ ਬਾਰਡਰ ’ਤੇ ਡਿਊਟੀ ਦੌਰਾਨ ਨੂਰਪੁਰਬੇਦੀ ਦੇ ਨੌਜਵਾਨ ਸੈਨਿਕ ਦੀ ਮੌਤ, ਪਰਿਵਾਰ ਹੋਇਆ ਹਾਲੋ-ਬੇਹਾਲ

ਸੰਮੇਲਨ ਦੌਰਾਨ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਭੌਂਸਲੇ, ਰਾਮ ਸਰੂਪ ਸਰੋਏ ਇੰਚਾਰਜ ਜ਼ਿਲ੍ਹਾ ਜਲੰਧਰ ਅਤੇ ਸੁਸ਼ੀਲ ਵਿਰਦੀ ਨੇ ਕਿਹਾ ਕਿ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਦਾ ਉਹ ਸਵਾਗਤ ਕਰਦੇ ਹਨ ਪਰ ਸੀਟਾਂ ਦੀ ਵੰਡ ਨੂੰ ਲੈ ਕੇ ਵਰਕਰਾਂ ਵਿਚ ਬਹੁਤ ਰੋਸ ਪਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ ’ਤੇ ਲਗਾਤਾਰ ਵਰਕਰਾਂ ਵੱਲੋਂ ਆਪਣੀ ਨਾਰਾਜ਼ਗੀ ਵੀ ਜ਼ਾਹਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਵਿਧਾਨ ਸਭਾ ਸੀਟਾਂ ਉੱਪਰ ਬਹੁਜਨ ਸਮਾਜ ਪਾਰਟੀ ਦਾ ਵੋਟ ਬੈਂਕ ਜ਼ਿਆਦਾ ਹੈ, ਉਹ ਸੀਟਾਂ ਅਕਾਲੀ ਦਲ ਆਪਣੇ ਖਾਤੇ ਵਿਚ ਰੱਖ ਗਿਆ ਹੈ।

ਇਹ ਵੀ ਪੜ੍ਹੋ: ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਿਆ ਜਵਾਨ ਪੁੱਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਫਿਲੌਰ ਵਿਧਾਨ ਸਭਾ ਹਲਕੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਥੇ ਬਹੁਜਨ ਸਮਾਜ ਪਾਰਟੀ ਦਾ ਵੋਟ ਬੈਂਕ ਲਗਾਤਾਰ ਉੱਪਰ ਗਿਆ ਹੈ। ਅਕਾਲੀ ਦਲ ਲੋਕ ਸਭਾ ਚੋਣਾਂ ਵਿਚ ਇਸ ਵਾਰ ਤੀਜੇ ਨੰਬਰ ’ਤੇ ਆਇਆ ਸੀ ਜਦਕਿ ਬਹੁਜਨ ਸਮਾਜ ਪਾਰਟੀ ਦੂਜੇ ਨੰਬਰ ’ਤੇ ਆਈ। ਉਨ੍ਹਾਂ ਕਿਹਾ ਕਿ ਆਦਮਪੁਰ ਸੀਟ ’ਤੇ ਬਹੁਜਨ ਸਮਾਜ ਪਾਰਟੀ ਪਹਿਲੇ ਨੰਬਰ ’ਤੇ ਆਈ ਸੀ ਪਰ ਦੋਆਬੇ ਦੀਆਂ ਅੱਠ ਸੀਟਾਂ ਵਿਚੋਂ ਜਿਨ੍ਹਾਂ ਸੀਟਾਂ ’ਤੇ ਬਹੁਜਨ ਸਮਾਜ ਪਾਰਟੀ ਦਾ ਵੋਟ ਬੈਂਕ ਜ਼ਿਆਦਾ ਮਜ਼ਬੂਤ ਹੈ, ਉਹ ਸੀਟਾਂ ਉਸ ਨੂੰ ਨਹੀਂ ਦਿੱਤੀਆਂ ਗਈਆਂ, ਜਿਸ ਕਰਕੇ ਵਰਕਰਾਂ ਵਿਚ ਨਿਰਾਸ਼ਾ ਅਤੇ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ: ਗੈਂਗਸਟਰ ਜਸਪ੍ਰੀਤ ਜੱਸੀ ਦਾ ਹੋਇਆ ਅੰਤਿਮ ਸੰਸਕਾਰ, ਭੈਣ ਨੇ ਦਿੱਤੀ ਮੁੱਖ ਅਗਨੀ ਤੇ ਧਾਹਾਂ ਮਾਰ ਰੋਇਆ ਪਰਿਵਾਰ

ਉਕਤ ਆਗੂਆਂ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅੱਗੇ ਆਪਣੀ ਗੱਲ ਰੱਖਣਗੇ ਅਤੇ ਵਰਕਰਾਂ ਦੀ ਨਾਰਾਜ਼ਗੀ ਬਾਰੇ ਵੀ ਉਨ੍ਹਾਂ ਨੂੰ ਦੱਸਣਗੇ। ਵਰਕਰ ਸੰਮੇਲਨ ਵਿਚ ਬਸਪਾ ਵਰਕਰਾਂ ਵਿਚ ਵਿਧਾਇਕ ਨੂੰ ਲੈ ਕੇ ਵੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਸੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਬੂਥ ਪੱਧਰ ’ਤੇ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਬਸਪਾ ਦੀ ਸੀਨੀਅਰ ਲੀਡਰਸ਼ਿਪ ਤੋਂ ਮੰਗ ਕੀਤੀ ਕਿ ਦੋਆਬੇ ਦੀਆ ਸੀਟਾਂ ਬਾਰੇ ਮੁੜ ਵਿਚਾਰ ਕਰ ਕੇ ਫਿਲੌਰ ਸਮੇਤ ਹੋਰ ਸੀਟਾਂ ’ਤੇ ਬਸਪਾ ਦੇ ਉਮੀਦਵਾਰ ਉਤਾਰੇ ਜਾਣ। ਇਸ ਮੌਕੇ ਖੁਸ਼ੀ ਰਾਮ ਸਾਬਕਾ ਸਰਪੰਚ, ਸੁਰਜੀਤ ਬਲਾਕ ਸੰਮਤੀ ਮੈਂਬਰ, ਬਿਮਲਾ ਦੇਵੀ ਬਲਾਕ ਸੰਮਤੀ ਮੈਂਬਰ, ਸੁਰਿੰਦਰ ਕੌਰ ਜੱਸੀ ਬਲਾਕ ਸੰਮਤੀ ਮੈਂਬਰ, ਅਸ਼ੋਕ ਰੱਤੂ ਸਿਟੀ ਪ੍ਰਧਾਨ ਗੁਰਾਇਆ, ਡਾ. ਲਖਵੀਰ ਮੁਠੱਡਾ, ਜੋਤੀ ਅੱਟਾ, ਨਰਿੰਦਰ ਬਿੱਲਾ ਅਤੇ ਰਣਜੀਤ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਬਸਪਾ ਵਰਕਰ ਮੌਜੂਦ ਸਨ।

ਇਹ ਵੀ ਪੜ੍ਹੋ: 1997 ਤੋਂ ਡਿੱਗ ਰਿਹੈ ਬਸਪਾ ਦਾ ਗ੍ਰਾਫ, ਕੀ ਹੁਣ ਤੱਕੜੀ ਦੇ ਸਹਾਰੇ ਉੱਠ ਸਕੇਗਾ ਹਾਥੀ?

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

shivani attri

This news is Content Editor shivani attri