ਮਜੀਠੀਆ ਖਿਲਾਫ ਦੂਸ਼ਣਬਾਜ਼ੀ ਕਰਨ ਵਾਲਾ ਨਵਜੋਤ ਸਿੱਧੂ ਖੁਦ ਕਤਲ ਕੇਸ ਦਾ ਦੋਸ਼ੀ : ਖੱਟੜਾ, ਮਨੀ ਭੰਗੂ

03/19/2018 4:24:20 PM

ਪਟਿਆਲਾ (ਪ. ਪ.)-ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਖਿਲਾਫ ਦੂਸ਼ਣਬਾਜ਼ੀ ਕਰਨ ਵਾਲੇ ਪੰਜਾਬ ਦੇ 'ਭੰਡ' ਮੰਤਰੀ ਨਵਜੋਤ ਸਿੰਘ ਸਿੱਧੂ ਤਾਂ ਖੁਦ ਕਤਲ ਕੇਸ ਵਿਚ ਦੋਸ਼ੀ ਠਹਿਰਾਏ ਜਾ ਚੁੱਕੇ ਹਨ। ਉਨ੍ਹਾਂ ਨੂੰ ਕਿਸੇ ਖਿਲਾਫ ਬੋਲਣ ਦਾ ਕੋਈ ਅਧਿਕਾਰ ਨਹੀਂ ਰਹਿ ਜਾਂਦਾ। ਇਹ ਪ੍ਰਗਟਾਵਾ ਪਟਿਆਲਾ ਦਿਹਾਤੀ ਹਲਕੇ ਦੇ ਇੰਚਾਰਜ ਐਡਵੋਕੇਟ ਸਤਬੀਰ ਸਿੰਘ ਖੱਟੜਾ ਤੇ ਯੂਥ ਅਕਾਲੀ ਨੇਤਾ ਮਨਪ੍ਰੀਤ ਸਿੰਘ ਮਨੀ ਭੰਗੂ ਨੇ ਕੀਤਾ ਹੈ। 
ਸ੍ਰੀ ਖੱਟੜਾ ਤੇ ਭੰਗੂ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਕੱਲ ਕੀਤੀ ਪ੍ਰੈੱਸ ਕਾਨਫਰੰਸ ਵਿਚ ਗੁਪਤ ਸਰਕਾਰੀ ਦਸਤਾਵੇਜ਼ ਲੀਕ ਕਰ ਕੇ ਜਿੱਥੇ ਖੁਦ ਆਪਣੇ-ਆਪ ਨੂੰ ਅਦਾਲਤ ਦੀ ਮਾਣਹਾਨੀ ਦਾ ਦੋਸ਼ੀ ਬਣਾ ਲਿਆ ਹੈ, ਉਥੇ ਹੀ ਸਾਬਤ ਕਰ ਦਿੱਤਾ ਹੈ ਕਿ ਸ੍ਰੀ ਮਜੀਠੀਆ ਖਿਲਾਫ ਰਿਪੋਰਟ ਕਿਹੜੇ ਹਾਲਾਤ ਵਿਚ ਤੇ ਕਿਸ ਨੇ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਵੇਲੇ ਕੂੜ ਪ੍ਰਚਾਰ ਕੀਤਾ ਸੀ। ਝੂਠ ਬੋਲ ਕੇ ਮਜੀਠੀਆ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਸੀ। ਇਸੇ ਲਈ ਉਨ੍ਹਾਂ ਮੁਆਫੀ ਮੰਗ ਕੇ ਸੱਚ ਕਬੂਲਣ ਨੂੰ ਤਰਜੀਹ ਦਿੱਤੀ। ਇਸ ਮਾਮਲੇ ਵਿਚ ਵੀ ਸਚਾਈ ਦੀ ਜਿੱਤ ਹੋਈ ਹੈ। ਇਤਿਹਾਸ ਗਵਾਹ ਹੈ ਕਿ ਜਿੱਤ ਹਮੇਸ਼ਾ ਸਚਾਈ ਦੀ ਹੁੰਦੀ ਆਈ ਹੈ ਤੇ ਅੱਗੇ ਵੀ ਹੋਵੇਗੀ।