ਚੰਡੀਗੜ੍ਹ ਏਅਰਪੋਰਟ ''ਤੇ ਪੁੱਜਦੇ ਹੀ ਕੇਜਰੀਵਾਲ ਨੂੰ ਦਿਖਾਏ ਕਾਲੇ ਝੰਡੇ, ਅਕਾਲੀ-ਕਾਂਗਰਸੀ ਵਰਕਰਾਂ ਨੇ ਕੀਤੀ ਨਾਅਰੇਬਾਜ਼ੀ (ਤਸਵੀਰਾਂ)

11/15/2017 1:09:27 PM

ਚੰਡੀਗੜ੍ਹ (ਭੁੱਲਰ) : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬੁੱਧਵਾਰ ਨੂੰ ਚੰਡੀਗੜ੍ਹ ਏਅਰਪੋਰਟ 'ਤੇ ਪੁੱਜਦੇ ਹੀ ਅਕਾਲੀ ਦਲ ਅਤੇ ਕਾਂਗਰਸੀ ਵਰਕਰਾਂ ਨੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਵਲੋਂ ਕੇਜਰੀਵਾਲ ਨੂੰ ਕਾਲੇ ਝੰਡੇ ਦਿਖਾਏ ਗਏ ਅਤੇ ਉਨ੍ਹਾਂ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਪੁਲਸ ਨੇ ਸਖਤ ਸੁਰੱਕਿਆ ਵਿਚਕਾਰ ਕੇਜਰੀਵਾਲ ਨੂੰ ਚੰਡੀਗੜ੍ਹ 'ਚ ਮਨੋਹਰ ਲਾਲ ਖੱਟੜ ਦੀ ਰਿਹਾਇਸ਼ ਤੱਕ ਪਹੁੰਚਾਇਆ। ਫਿਲਹਾਲ ਕੇਜਰੀਵਾਲ ਅਤੇ ਮਨੋਹਰ ਲਾਲ ਖੱਟੜ ਦੀ ਪ੍ਰਦੂਸ਼ਣ ਦੇ ਮਾਮਲੇ ਨੂੰ ਲੈ ਕੇ ਮੀਟਿੰਗ ਸ਼ੁਰੂ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਪਰਾਲੀ ਸਾੜਨ ਕਾਰਨ ਵਧ ਰਹੇ ਪ੍ਰਦੂਸ਼ਣ ਦੇ ਮਾਮਲੇ ਸੰਬੰਧੀ ਵਿਚਾਰ-ਵਟਾਂਦਰਾ ਕਰਨ ਲਈ ਕੇਜਰੀਵਾਲ ਨੇ ਖੱਟੜ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮੁਲਾਕਾਤ ਲਈ ਸੱਦਾ ਪੱਤਰ ਭੇਜਿਆ ਸੀ ਪਰ ਜਿੱਥੇ ਖੱਟੜ ਨੇ ਉਨ੍ਹਾਂ ਦਾ ਇਹ ਸੱਦਾ ਪ੍ਰਵਾਨ ਕਰ ਲਿਆ, ਉੱਥੇ ਹੀ ਕੈਪਟਨ ਵਲੋਂ ਕੇਜਰੀਵਾਲ ਦਾ ਇਹ ਸੱਦਾ ਠੁਕਰਾ ਦਿੱਤਾ ਗਿਆ। ਕੈਪਟਨ ਨੇ ਇਸ ਮੀਟਿੰਗ ਨੂੰ ਗੈਰ ਜ਼ਰੂਰੀ ਅਤੇ ਸਮੇਂ ਦੀ ਬਰਬਾਦੀ ਦੱਸਿਆ ਸੀ।