ਸੰਘ ਦੇ ਪ੍ਰੋਗਰਾਮ ਨਾਲ ਦੋਵਾਂ ਪਾਰਟੀਆਂ ਦੇ ਰਿਸ਼ਤਿਆਂ ''ਚ ਆਈ ਖਟਾਸ

10/26/2017 6:37:42 AM

ਨਵੀਂ ਦਿੱਲੀ,ਚੰਡੀਗੜ੍ਹ   (ਸੁਨੀਲ ਪਾਂਡੇ)¸ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੀ ਸਿੱਖ ਇਕਾਈ ਰਾਸ਼ਟਰੀ ਸਿੱਖ ਸੰਗਤ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਮਨਾਉਣ ਨੂੰ ਲੈ ਕੇ ਭਾਜਪਾ ਤੇ ਅਕਾਲੀ ਦਲ ਦੇ ਰਾਹ ਵੱਖ-ਵੱਖ ਨਜ਼ਰ ਆ ਰਹੇ ਹਨ। ਇਸ ਦਾ ਮੁੱਖ ਕਾਰਨ 2004 ਵਿਚ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸੰਘ ਅਤੇ ਰਾਸ਼ਟਰੀ ਸਿੱਖ ਸੰਗਤ ਨੂੰ ਸਿੱਖ ਵਿਰੋਧੀ ਜਮਾਤ ਦੱਸਦੇ ਹੋਏ ਸਿੱਖਾਂ ਨੂੰ ਇਨ੍ਹਾਂ ਸੰਸਥਾਵਾਂ ਤੋਂ ਦੂਰ ਰਹਿਣ ਦੀ ਦਿੱਤੀ ਗਈ ਹਦਾਇਤ ਹੈ, ਜੋ ਅੱਜਕਲ ਸੁਰਖੀਆਂ ਵਿਚ ਹੈ। ਰਾਸ਼ਟਰੀ ਸਿੱਖ ਸੰਗਤ ਵਲੋਂ ਬੁੱਧਵਾਰ ਨੂੰ ਆਯੋਜਿਤ ਪ੍ਰੋਗਰਾਮ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਜਾਰੀ ਨਵੇਂ ਹੁਕਮ ਵਿਚ ਸਿੱਖ ਕੌਮ ਨੂੰ ਵੱਖਰੀ ਕੌਮ ਦੱਸਦੇ ਹੋਏ ਸੰਘ ਦੇ ਵਿਰੁੱਧ ਜਾਰੀ ਹੁਕਮਨਾਮੇ ਦੇ 'ਜਿਉਂ ਦਾ ਤਿਉਂ' ਹੋਣ ਦਾ ਹਵਾਲਾ ਸਾਹਮਣੇ ਆਇਆ ਹੈ। ਇਸ ਦੇ ਬਾਅਦ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਸਮੇਤ ਸਾਰੀਆਂ ਪੰਥਕ ਪਾਰਟੀਆਂ ਅਕਾਲ ਤਖਤ ਦੇ ਹੁਕਮ 'ਤੇ ਪਹਿਰਾ ਦੇਣ ਦੀ ਦੁਹਾਈ ਦੇਣ ਵਿਚ ਲੱਗ ਗਈਆਂ। ਸਿੱਟੇ ਵਜੋਂ ਇਸ ਪ੍ਰੋਗਰਾਮ ਨਾਲ ਜਾਗਰੂਕ ਸਿੱਖਾਂ ਵਲੋਂ ਦੂਰੀ ਬਣਾਉਣ ਦੀ ਸੰਭਾਵਨਾ ਪੈਦਾ ਹੋ ਗਈ ਹੈ।
ਓਧਰ ਅਕਾਲੀ ਦਲ ਵਲੋਂ ਪੰਜਾਬ ਵਿਚ ਸੱਤਾ ਗੁਆਉਣ ਦੇ ਬਾਅਦ ਪੰਥਕ ਏਜੰਡੇ ਤੋਂ ਹੱਥ ਖਿੱਚਣ ਵਿਚ ਭਲਾਈ ਨਾ ਹੋਣ ਦਾ ਸੰਕੇਤ ਦੇਣ ਦੇ ਬਾਅਦ ਦਿੱਲੀ ਵਿਚ ਭਾਜਪਾ ਦੀਆਂ ਨਜ਼ਰਾਂ ਹੁਣ ਪਰਮਜੀਤ  ਸਿੰਘ ਸਰਨਾ ਦੀ ਅਗਵਾਈ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲ ਹੋ ਗਈਆਂ ਹਨ। ਸੂਤਰਾਂ ਮੁਤਾਬਕ ਇਸੇ ਹਫਤੇ ਭਾਜਪਾ ਦੇ ਰਾਸ਼ਟਰੀ ਸਕੱਤਰ ਆਰ. ਪੀ. ਸਿੰਘ ਅਤੇ ਸਿੱਖ ਸੰਗਤ ਦੇ ਰਾਸ਼ਟਰੀ ਪ੍ਰਧਾਨ ਗੁਰਚਰਨ ਸਿੰਘ ਗਿੱਲ ਨੇ  ਦਿੱਲੀ  ਦੇ ਇਕ  ਹੋਟਲ ਵਿਚ ਸਰਨਾ ਦੇ ਛੋਟੇ ਭਰਾ ਅਤੇ ਪਟਨਾ ਸਾਹਿਬ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨਾਲ ਮੁਲਾਕਾਤ ਕੀਤੀ ਸੀ ਪਰ ਸੋਸ਼ਲ ਮੀਡੀਆ 'ਤੇ ਇਸ ਮੁਲਾਕਾਤ ਦਾ ਖੁਲਾਸਾ ਹੋਣ ਤੋਂ ਬਾਅਦ ਅੱਜ ਸਫਾਈ ਦੇਣ ਉਤਰੇ ਹਰਵਿੰਦਰ ਸਿੰਘ ਸਰਨਾ ਨੇ ਵੀ ਮੰਨਿਆ ਕਿ ਉਨ੍ਹਾਂ ਦੀ ਮੁਲਾਕਾਤ ਸੰਘ ਦੇ ਨੇਤਾਵਾਂ ਨਾਲ ਹੋਈ ਸੀ, ਪਰ ਉਨ੍ਹਾਂ ਨੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਨੂੰ ਲੈ ਕੇ ਦੋ-ਟੁੱਕ ਮਨ੍ਹਾ ਕਰ ਦਿੱਤਾ ਸੀ। ਓਧਰ ਗੁਰਦਾਸਪੁਰ ਲੋਕ ਸਭਾ ਉਪ ਚੋਣ ਹਾਰਨ ਤੋਂ ਬਾਅਦ ਪੰਜਾਬ ਭਾਜਪਾ ਪ੍ਰਧਾਨ ਅਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਬਿਆਨ ਵਿਚ ਵੀ ਅੱਜ ਹੈਰਾਨੀਜਨਕ ਬਦਲਾਅ ਸਾਹਮਣੇ ਆਇਆ। ਹਾਰ ਤੋਂ ਤੁਰੰਤ ਬਾਅਦ ਸਾਂਪਲਾ ਨੇ ਹਾਰ ਦਾ ਠੀਕਰਾ ਭਾਜਪਾ ਨੇਤਾਵਾਂ 'ਤੇ ਭੰਨਿਆ ਸੀ ਪਰ ਅਕਾਲ ਤਖਤ ਦੇ ਹੁਕਮ ਅਤੇ ਅਕਾਲੀ ਦਲ ਵਲੋਂ ਉਨ੍ਹਾਂ ਦੇ ਪ੍ਰੋਗਰਾਮ ਤੋਂ ਦੂਰੀ ਬਣਾਉਣ ਦੇ ਸੰਕੇਤ ਮਿਲਣ ਦੇ ਬਾਅਦ ਅੱਜ ਸਾਂਪਲਾ ਦੇ ਸੁਰ ਵੀ ਬਦਲ ਗਏ। ਉਨ੍ਹਾਂ ਨੇ ਹਾਰ ਲਈ ਅਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾ ਦਿੱਤਾ।
ਸੁਖਬੀਰ ਨੇ ਸਮਾਗਮ ਤੋਂ ਦੂਰੀ ਬਣਾਈ ਰੱਖੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਰ. ਐੱਸ. ਐੱਸ. ਵਲੋਂ ਆਯੋਜਿਤ ਕੀਤੇ ਉਕਤ ਸਮਾਗਮ ਤੋਂ ਆਪਣੀ ਦੂਰੀ ਬਣਾਈ ਰੱਖੀ। ਸ਼੍ਰੋਮਣੀ ਅਕਾਲੀ ਦਲ (ਬ) ਦੇ ਇਤਿਹਾਸ 'ਤੇ ਜੇ ਝਾਤੀ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਹ ਪਹਿਲਾ ਮੌਕਾ ਨਹੀਂ, ਜਦੋਂ ਰਾਸ਼ਟਰੀ ਸਿੱਖ ਸੰਗਤ ਦੇ ਮੁੱਦੇ 'ਤੇ ਅਕਾਲੀਆਂ ਨੂੰ ਮੁਸ਼ਕਲ ਸਥਿਤੀ ਦਾ ਸਾਹਮਣਾ ਕਰਨਾ ਪਿਆ ਹੋਵੇ। ਰਾਸ਼ਟਰੀ ਸਿੱਖ ਸੰਗਤ ਇਸ ਤੋਂ ਪਹਿਲਾਂ ਵੀ ਕਈ ਵਾਰ ਸਿੱਖ ਗੁਰੂਆਂ ਦੇ ਪੁਰਬ ਮਨਾ ਚੁੱਕੀ ਹੈ। 18 ਸਾਲ ਪਹਿਲਾਂ ਵੀ ਆਰ. ਐੱਸ. ਐੱਸ. ਨੇ ਕਈ ਸਮਾਗਮ ਕੀਤੇ ਸਨ ਅਤੇ ਉਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂ ਸ਼ਾਮਲ ਹੋਏ ਸਨ। ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੇ ਇਸ ਸਮਾਗਮ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਕੇ ਰੱਖੀ।
ਸਿੱਖ ਧਰਮ ਦੀ ਵਿਲੱਖਣ ਪਛਾਣ ਨੂੰ ਮੰਨਦਾ ਹੈ ਆਰ. ਐੱਸ. ਐੱਸ. : ਬਜਰੰਗ ਲਾਲ ਗੁਪਤਾ
ਆਰ. ਐੱਸ. ਐੱਸ. ਦੇ ਸੀਨੀਅਰ ਅਹੁਦੇਦਾਰ ਡਾ. ਬਜਰੰਗ ਲਾਲ ਗੁਪਤਾ ਨੇ ਕਿਹਾ ਹੈ ਕਿ ਆਰ. ਐੱਸ.ਐੱਸ. ਸਿੱਖ ਧਰਮ ਦੀ ਵਿਲੱਖਣ ਪਛਾਣ ਨੂੰ ਮੰਨਦਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸਿੱਖ ਸੰਗਤ ਵਲੋਂ ਆਯੋਜਿਤ ਸਮਾਗਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਇਸ ਬਾਰੇ  ਆਰ. ਐੱਸ. ਐੱਸ. ਦੇ ਦ੍ਰਿਸ਼ਣੀਕੋਣ ਨੂੰ ਗਲਤ ਢੰਗ ਨਾਲ ਪੇਸ਼ ਕਰ ਕੇ ਭੁਲੇਖਾਪਾਊ ਪ੍ਰਚਾਰ ਕੀਤਾ ਜਾ ਰਿਹਾ ਹੈ, ਜਦਕਿ ਆਰ. ਐੱਸ. ਐੱਸ. ਦੀ ਮਾਨਤਾ ਹੈ ਕਿ ਸਿੱਖ ਧਰਮ ਵੀ ਜੈਨ ਅਤੇ ਬੁੱਧ ਧਰਮ ਵਾਂਗ ਇਕ ਸਮਾਜਿਕ-ਧਾਰਮਿਕ ਮਾਨਤਾ ਪ੍ਰਾਪਤ ਆਜ਼ਾਦ ਧਰਮ ਹੈ। ਸਿੱਖਾਂ ਦੀ ਇਕ ਵੱਖਰੀ ਪਛਾਣ ਹੈ। ਆਰ. ਐੱਸ. ਐੱਸ. ਹਮੇਸ਼ਾ ਤੋਂ ਹੀ ਸਿੱਖ ਧਰਮ ਦੀ ਵੱਖਰੀ ਪਛਾਣ ਨੂੰ ਮੰਨਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਮਿਲ ਕੇ ਗੁਰਪੁਰਬ ਮਨਾਉਣੇ ਚਾਹੀਦੇ ਹਨ। ਮਹਾਨ ਗੁਰੂਆਂ ਦੇ ਗੁਣਗਾਨ ਦੇ ਮੌਕੇ  ਸੌੜੀ ਸਿਆਸਤ ਨੂੰ ਦਰਮਿਆਨ ਨਹੀਂ ਲਿਆਂਦਾ ਜਾਣਾ ਚਾਹੀਦਾ।