ਅਜਨਾਲਾ ’ਚ ਰੇਤ ਮਾਫ਼ੀਆ ਬੇਖੌਫ਼, ਜੰਗਲਾਤ ਮਹਿਕਮੇ ਦੀ ਜ਼ਮੀਨ ’ਚ ਜ਼ੋਰਾਂ ’ਤੇ ਹੋ ਰਹੀ ਨਾਜਾਇਜ਼ ਮਾਈਨਿੰਗ

03/15/2022 10:20:48 AM

ਰਮਦਾਸ/ਅਜਨਾਲਾ (ਸਾਰੰਗਲ, ਗੁਰਜੰਟ) - ਸਰਹੱਦੀ ਕਸਬਾ ਰਮਦਾਸ ਵਿਚ ਪੈਂਦੇ ਪਿੰਡ ਰੂੜੇਵਾਲ ਦੀ ਮਨਜ਼ੂਰਸ਼ੁਦਾ ਖੱਡ ਦੀ ਆੜ ਵਿਚ ਜੰਗਲਾਤ ਮਹਿਕਮੇ ਦੀ ਜ਼ਮੀਨ ਵਿਚੋਂ ਗੈਰ-ਕਾਨੂੰਨੀ ਢੰਗ ਨਾਲ ਮਾਈਨਿੰਗ ਦਾ ਕੰਮ ਜ਼ੋਰਾਂ ’ਤੇ ਹੋਣ ਦਾ ਮਾਮਲਾ ਸਾਹਮਣੇ ਆਉਣ ਦੇ ਬਾਵਜੂਦ ਇਸ ਸਰਹੱਦੀ ਇਲਾਕੇ ਦਾ ਰੇਤ ਮਾਈਨਿੰਗ ਮਾਫ਼ੀਆ ਸਰਕਾਰ ਨੂੰ ਵੀ ਟਿੱਚ ਜਾਣਦਾ ਹੈ, ਜਿਸ ਸਦਕਾ ਇਥੇ ਨਾਜਾਇਜ਼ ਢੰਗ ਨਾਲ ਮਾਈਨਿੰਗ ਹੋਣੀ ਆਮ ਜਿਹੀ ਗੱਲ ਬਣ ਗਈ ਹੈ। ਜ਼ਿਕਰਯੋਗ ਹੈ ਕਿ ਭਾਵੇਂ ਪੰਜਾਬ ਵਿਧਾਨ ਸਭਾ ਚੋਣਾਂ ‘ਆਪ’ ਨੇ ਜਿੱਤ ਕੇ ਆਪਣੀ ਸਰਕਾਰ ਬਣਾ ਲਈ ਹੈ, ਜਿਸ ਦੇ ਚਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦੈ ਕਿ ਉਹ ਅਹੁਦਾ ਸੰਭਾਲਣ ਤੋਂ ਬਾਅਦ ਰੇਤ ਮਾਈਨਿੰਗ ਮਾਫ਼ੀਆ ਵੱਲ ਪਹਿਲਾਂ ਦੇਣ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ : 31 ਸਾਲਾ ਨੌਜਵਾਨ ਦਾ ਦਿਲ ’ਚ ਗੋਲੀ ਮਾਰ ਕੀਤਾ ਕਤਲ, ਖੂਨ ਨਾਲ ਲੱਥਪੱਥ ਮਿਲੀ ਲਾਸ਼

ਓਧਰ, ਦੂਜੇ ਪਾਸੇ ਪਿੰਡ ਰੂੜੇਵਾਲ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਹਦਾਇਤਾਂ ਦੇ ਉਲਟ ਜਾ ਕੇ ਠੇਕੇਦਾਰਾਂ ਵਲੋਂ ਕਥਿਤ ਤੌਰ ’ਤੇ ਜੰਗਲਾਤ ਮਹਿਕਮੇ ਦੀ ਜ਼ਮੀਨ ’ਚ ਰੇਤ ਦੀ ਮਾਈਨਿੰਗ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਕੰਮ ਨੂੰ ਕਰਨ ਲਈ ਠੇਕੇਦਾਰਾਂ ਨੇ ਰਾਵੀ ਦਰਿਆ ਵਿਚ ਬੰਨ੍ਹ ਮਾਰਿਆ ਹੈ, ਜਿਸ ਨਾਲ ਸਾਡੀਆਂ ਜ਼ਮੀਨਾਂ ਨੂੰ ਢਾਹ ਲੱਗਣ ਦਾ ਖ਼ਤਰਾ ਹੈ। ਲੋਕਾਂ ਨੇ ਇਹ ਵੀ ਕਿਹਾ ਹੈ ਕਿ ਅਸੀਂ ਇਸ ਸਬੰਧੀ ਕਈ ਵਾਰ ਸਰਕਾਰੀ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰਕੇ ਜਾਣੂ ਕਰਵਾਇਆ ਹੈ ਪਰ ਕਿਸੇ ਅਧਿਕਾਰੀ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਅਜਿਹਾ ਹੋਣ ਕਰਕੇ ਸਰਕਾਰੀ ਨਿਯਮਾਂ ਦੀਆਂ ਜਿਥੇ ਠੇਕੇਦਾਰ ਸ਼ਰੇਆਮ ਧੱਜੀਆਂ ਉਡਾ ਰਹੇ ਹਨ, ਉਥੇ ਨਾਲ ਹੀ ਰੇਤ ਦੇ ਓਵਰਲੋਡ ਟਰੱਕ ਅਤੇ ਟਰਾਲੀਆਂ ਵੀ ਪਿੰਡ ਵਿਚੋਂ ਸ਼ਰੇਆਮ ਲੰਘ ਰਹੀਆਂ ਹਨ, ਜਿਸ ਨਾਲ ਕਿਸੇ ਵੇਲੇ ਵੀ ਕੋਈ ਜਾਨੀ ਹਾਦਸਾ ਹੋ ਸਕਦਾ ਹੈ। 

ਪੜ੍ਹੋ ਇਹ ਵੀ ਖ਼ਬਰ - ਸ਼ਹੀਦੀ ਪੁਰਬ ’ਤੇ ਪਾਕਿ ਜਾਣ ਵਾਲੇ ਸ਼ਰਧਾਲੂਆਂ ਲਈ ਖ਼ਾਸ ਖ਼ਬਰ, SGPC ਨੇ ਮੰਗੇ ਪਾਸਪੋਰਟ

ਇਸ ਤੋਂ ਇਲਾਵਾ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦੇ ਨੁਕਸਾਨ ਦਾ ਡਰ ਸਤਾਉਣ ਲੱਗ ਪਿਆ ਹੈ, ਕਿਉਂਕਿ ਇਸ ਨਾਲ ਰਾਵੀ ਦਰਿਆ ਦਾ ਪਾਣੀ ਬਰਸਾਤੀ ਦਿਨਾਂ ਵਿਚ ਜੇਕਰ ਉਫਾਨ ’ਤੇ ਆ ਜਾਂਦਾ ਹੈ ਤਾਂ ਕਿਸਾਨਾਂ ਦਾ ਨੁਕਸਾਨ ਸੰਭਵ ਹੋ ਸਕਦਾ ਹੈ। ਇਧਰ, ਜਦੋਂ ਪੱਤਰਕਾਰਾਂ ਦੀ ਟੀਮ ਵਲੋਂ ਮੌਕੇ ਦਾ ਦੌਰਾ ਕੀਤਾ ਗਿਆ ਤਾਂ ਪਿੰਡ ਧੰਗਾਈ ਦੇ ਕਿਸਾਨ ਕਸ਼ਮੀਰ ਸਿੰਘ ਸਮੇਤ ਪਿੰਡ ਵਾਸੀਆਂ ਵਲੋਂ ਰੇਤ ਦੀ ਓਵਰਲੋਡ ਟਰੈਕਟਰ ਟਰਾਲੀਆਂ ਅਤੇ ਟਰੱਕਾਂ ਨੂੰ ਪਿੰਡ ਦੇ ਰਸਤੇ ਵਿਚੋਂ ਲੰਘਣ ਲਈ ਰੋਕਿਆ ਜਾ ਰਿਹਾ ਸੀ, ਕਿਉਂਕਿ ਪਿੰਡ ਵਾਸੀਆਂ ਨੇ ਕਿਹਾ ਕਿ ਸਬੰਧਤ ਵਿਭਾਗ ਇਸ ਸਬੰਧੀ ਕੋਈ ਕਾਰਵਾਈ ਨਹੀਂ ਕਰ ਰਿਹਾ, ਜਿਸ ਨਾਲ ਸੜਕ ਦਾ ਨੁਕਸਾਨ ਹੋ ਰਿਹਾ ਹੈ। 

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਵੱਡੀ ਵਾਰਦਾਤ: ਕਲਯੁਗੀ ਪਿਓ ਨੇ 5 ਮਹੀਨੇ ਦੀ ਧੀ ਨੂੰ ਜ਼ੋਰ ਨਾਲ ਜ਼ਮੀਨ 'ਤੇ ਸੁੱਟ ਕੇ ਕੀਤਾ ਕਤਲ

ਉਨ੍ਹਾਂ ਇਰੀਗੇਸ਼ਨ ਵਿਭਾਗ ਅਤੇ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਨਾਜਾਇਜ਼ ਰੇਤ ਮਾਈਨਿੰਗ ਮਾਫ਼ੀਆ ’ਤੇ ਸ਼ਿਕੰਜਾ ਕੱਸਿਆ ਜਾਵੇ ਤੇ ਮਾਈਨਿੰਗ ਵਾਲੀ ਜਗ੍ਹਾ ਦੀ ਨਿਸ਼ਾਨਦੇਹੀ ਕਰ ਕੇ ਠੇਕੇਦਾਰਾਂ ਕੋਲੋਂ ਕਾਨੂੰਨ ਅਤੇ ਮਾਈਨਿੰਗ ਨਿਯਮਾਂ ਦੀ ਪਾਲਣਾ ਕਰਵਾਈ ਜਾਵੇ। ਉਕਤ ਮਾਮਲੇ ਸਬੰਧੀ ਜਦੋਂ ਇਰੀਗੇਸ਼ਨ ਵਿਭਾਗ ਦੇ ਐਕਸੀਅਨ ਚਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਮਾਈਨਿੰਗ ਸਬੰਧੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ - ਪਠਾਨਕੋਟ 'ਚ ਰਿਸ਼ਤੇ ਹੋਏ ਦਾਗਦਾਰ, ਜ਼ਮੀਨੀ ਵਿਵਾਦ ਦੇ ਚੱਲਦਿਆਂ ਦਿਓਰਾਂ ਨੇ ਲੁੱਟੀ ਭਾਬੀ ਦੀ ਪੱਤ

 

rajwinder kaur

This news is Content Editor rajwinder kaur