ਹੈਲਥ ਸਕਿਲ ਡਿਵੈਲਪਮੈਂਟ ਸੈਂਟਰ ''ਚ ਪੇਪਰ ਦੌਰਾਨ ਹੰਗਾਮਾ

11/20/2017 7:08:18 AM

ਅੰਮ੍ਰਿਤਸਰ, (ਦਲਜੀਤ ਸ਼ਰਮਾ)- ਸਰਕਾਰੀ ਹੈਲਥ ਸਕਿਲ ਡਿਵੈਲਪਮੈਂਟ ਸੈਂਟਰ 'ਚ ਅੱਜ ਵੋਕੇਸ਼ਨਲ ਟੀਚਰ ਟ੍ਰੇਨਰ ਦੇ ਪੇਪਰ ਦੌਰਾਨ ਹੰਗਾਮਾ ਹੋਣ ਕਾਰਨ ਪੇਪਰ ਰੱਦ ਕਰ ਦਿੱਤਾ ਗਿਆ। ਗੁੱਸੇ 'ਚ ਆਏ ਉਮੀਦਵਾਰਾਂ ਨੇ ਜਿਥੇ ਪ੍ਰਸ਼ਾਸਨ 'ਤੇ ਚਹੇਤਿਆਂ ਨੂੰ ਲਾਭ ਦੇਣ ਦੀ ਮਿਲੀਭੁਗਤ ਦਾ ਦੋਸ਼ ਲਾਉਂਦੇ ਹੋਏ ਸੈਂਟਰ ਦੇ ਸ਼ੀਸ਼ੇ ਤੋੜ ਦਿੱਤੇ, ਉਥੇ ਹੀ ਉਮੀਦਵਾਰਾਂ ਨੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਦੇ ਸਟਾਫ ਨੂੰ ਕਈ ਘੰਟਿਆਂ ਤੱਕ ਨਜ਼ਰਬੰਦ ਕਰੀ ਰੱਖਿਆ। ਹੰਗਾਮੇ ਦੌਰਾਨ ਇਕ ਦਰਜਨ ਤੋਂ ਵੱਧ ਔਰਤਾਂ ਘਟੀਆ ਪ੍ਰਬੰਧਾਂ ਕਾਰਨ ਬੇਹੋਸ਼ ਵੀ ਹੋ ਗਈਆਂ।
ਜਾਣਕਾਰੀ ਅਨੁਸਾਰ ਸਰਕਾਰੀ ਮੈਡੀਕਲ ਕਾਲਜ ਕੰਪਲੈਕਸ ਵਿਚ ਸਥਿਤ ਹੈਲਥ ਸਕਿਲ ਡਿਵੈਲਪਮੈਂਟ ਸੈਂਟਰ 'ਚ ਅੱਜ ਵੋਕੇਸ਼ਨਲ ਟੀਚਰ ਟ੍ਰੇਨਰ ਸਬੰਧੀ ਪੇਪਰ ਲਿਆ ਜਾਣਾ ਸੀ। ਵਿਦਿਆਂਤਾ ਸਕਿਲ ਇੰਸਟੀਚਿਊਟ ਵੱਲੋਂ ਪੇਪਰ ਲਈ ਆਪਣਾ ਸਟਾਫ ਲਾਇਆ ਗਿਆ ਸੀ। ਸੈਂਟਰ ਕੋਲ ਪੇਪਰ ਦੇਣ ਲਈ 1500 ਦੇ ਕਰੀਬ ਉਮੀਦਵਾਰਾਂ ਨੇ ਨਾਂ ਦਰਜ ਕਰਵਾਏ ਸਨ ਪਰ ਅੱਜ ਜਦੋਂ ਪੇਪਰ ਹੋਇਆ ਤਾਂ 3 ਹਾਜ਼ਾਰ ਤੋਂ ਵੱਧ ਉਮੀਦਵਾਰ ਪੇਪਰ ਦੇਣ ਲਈ ਪੁੱਜੇ। ਸਵੇਰੇ 6 ਵਜੇ ਤੋਂ ਹੀ ਉਮੀਦਵਾਰਾਂ ਨੇ ਕੇਂਦਰ ਦੇ ਬਾਹਰ ਡੇਰੇ ਲਾਏ ਹੋਏ ਸਨ। ਜ਼ਿਲਾ ਪ੍ਰਸ਼ਾਸਨ ਵੱਲੋਂ ਪੇਪਰ ਲੈਣ ਲਈ ਸੈਂਟਰ ਵਿਚ ਉਚਿਤ ਪ੍ਰਬੰਧ ਨਹੀਂ ਕੀਤੇ ਗਏ ਸਨ।
ਹਜ਼ਾਰਾਂ ਉਮੀਦਵਾਰਾਂ ਨੂੰ ਸੰਭਾਲਣ ਲਈ ਸਮਰੱਥ ਸੁਰੱਖਿਆ ਕਰਮਚਾਰੀ ਤਾਇਨਾਤ ਨਹੀਂ ਕੀਤੇ ਗਏ। ਪੇਪਰ ਸ਼ੁਰੂ ਹੋਣ ਤੋਂ ਬਾਅਦ ਹੀ ਕੁਝ ਉਮੀਦਵਾਰ ਪ੍ਰੀਖਿਆ ਕੇਂਦਰ ਕੰਪਲੈਕਸ ਵਿਚ ਪਹੁੰਚ ਗਏ ਤੇ ਉਨ੍ਹਾਂ ਨੇ ਪੇਪਰ ਲੀਕ ਹੋਣ ਦਾ ਰੌਲਾ ਪਾਉਂਦੇ ਹੋਏ ਕੇਂਦਰ ਦੇ ਸ਼ੀਸ਼ੇ ਤੋੜ ਦਿੱਤੇ।
ਉਮੀਦਵਾਰਾਂ ਦੇ ਸਮੂਹ ਨੂੰ ਦੇਖਦਿਆਂ ਸੈਂਟਰ ਦੇ ਕਰਮਚਾਰੀ ਕਮਰਿਆਂ ਵਿਚ ਦਾਖਲ ਹੋ ਗਏ ਤੇ ਉਮੀਦਵਾਰਾਂ ਨੇ ਕਈ ਕਮਰਿਆਂ ਵਿਚ ਕਰਮਚਾਰੀਆਂ ਨੂੰ ਨਜ਼ਰਬੰਦ ਕਰਦਿਆਂ ਦਰਵਾਜ਼ੇ ਬਾਹਰੋਂ ਬੰਦ ਕਰ ਦਿੱਤੇ। ਹੰਗਾਮੇ ਨੂੰ ਦੇਖਦਿਆਂ ਥਾਣਾ ਮਜੀਠਾ ਰੋਡ ਦੇ ਐੱਸ. ਐੱਚ. ਓ. ਅਵਤਾਰ ਸਿੰਘ ਪੁਲਸ ਬਲ ਨਾਲ ਮੌਕੇ 'ਤੇ ਪੁੱਜੇ। ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਉਮੀਦਵਾਰਾਂ ਨੂੰ ਸ਼ਾਂਤ ਕਰਵਾਇਆ ਗਿਆ।
ਸੰਦੀਪ, ਮਨਦੀਪ, ਪ੍ਰੇਮ ਲਤਾ, ਆਰੂਸ਼ੀ, ਸਤਿੰਦਰ ਆਦਿ ਉਮੀਦਵਾਰਾਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਵੱਲੋਂ ਆਪਣੇ ਚਹੇਤਿਆਂ ਨੂੰ ਲਾਭ ਦਿਵਾਉਣ ਲਈ ਪਹਿਲਾਂ ਤੋਂ ਟੋਕਨ ਦੇ ਕੇ ਕਮਰਿਆਂ ਵਿਚ ਬਿਠਾ ਦਿੱਤਾ ਗਿਆ ਤੇ ਪੇਪਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਪ੍ਰਸ਼ਨ ਪੱਤਰ ਤੇ ਜਵਾਬ ਪੁਸਤਕਾਂ ਦੇ ਦਿੱਤੀਆਂ ਗਈਆਂ। ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਸੀ। ਕਾਫ਼ੀ ਭੀੜ ਹੋਣ ਕਾਰਨ ਕਈ ਔਰਤਾਂ ਬੇਹੋਸ਼ ਹੋ ਕੇ ਡਿੱਗ ਗਈਆਂ। ਇਕ ਗਰਭਵਤੀ ਔਰਤ ਦੀ ਹਾਲਤ ਤਾਂ ਇੰਨੀ ਵਿਗੜ ਗਈ ਕਿ ਉਸ ਨੂੰ ਹਸਪਤਾਲ ਪਹੁੰਚਾਉਣਾ ਪਿਆ।
ਕਈ ਉਮੀਦਵਾਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਉਂਝ ਤਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀਆਂ ਗੱਲਾਂ ਕਰ ਰਹੀਆਂ ਹੈ ਪਰ ਇਥੇ ਘਟੀਆ ਪ੍ਰਬੰਧਾਂ ਕਾਰਨ ਰੁਜ਼ਗਾਰ ਲਈ ਆਏ ਉਮੀਦਵਾਰਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਉਮੀਦਵਾਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਘਟੀਆ ਪ੍ਰਬੰਧਾਂ ਕਾਰਨ ਹੋਈ ਪ੍ਰੇਸ਼ਾਨੀ ਸਬੰਧੀ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੇਪਰ ਸਬੰਧੀ ਅਖਬਾਰ ਵਿਚ ਇਸ਼ਤਿਹਾਰ ਦਿੱਤਾ ਗਿਆ ਸੀ, ਨਾ ਤਾਂ ਉਮੀਦਵਾਰਾਂ ਦੀ ਸੰਖਿਆ ਨਿਰਧਾਰਤ ਕੀਤੀ ਗਈ ਤੇ ਨਾ ਹੀ ਜ਼ਿਆਦਾ ਜਾਣਕਾਰੀ ਦਿੱਤੀ ਗਈ ਸੀ।
ਪੁਲਸ ਨੂੰ ਵੀ ਨਹੀਂ ਸੀ ਪੇਪਰ ਦੀ ਸੂਚਨਾ : ਥਾਣਾ ਮਜੀਠਾ ਰੋਡ
ਐੱਸ. ਐੱਚ. ਓ. ਅਵਤਾਰ ਸਿੰਘ ਨਾਲ ਜਦੋਂ ਇਸ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਪ੍ਰੀਖਿਆ ਸਬੰਧੀ ਸੈਂਟਰ ਵੱਲੋਂ ਪੁਲਸ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ। ਰੌਲੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ। ਹਜ਼ਾਰਾਂ ਦੀ ਗਿਣਤੀ 'ਚ ਉਮੀਦਵਾਰ ਆਏ ਹੋਏ ਸਨ, ਜੋ ਪੇਪਰ ਲੀਕ ਹੋਣ ਦੇ ਦੋਸ਼ ਲਾ ਰਹੇ ਸਨ। ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਹਾਲਾਤ ਨੂੰ ਕੰਟਰੋਲ ਕੀਤਾ ਗਿਆ।
ਉਮੀਦਵਾਰਾਂ ਦੀ ਵੱਧ ਸੰਖਿਆ ਕਾਰਨ ਵਿਗੜੇ ਹਾਲਾਤ : ਸੈਂਟਰ ਇੰਚਾਰਜ : ਜਦੋਂ ਹੈਲਥ ਸਕਿਲ ਡਿਵੈਲਪਮੈਂਟ ਸੈਂਟਰ ਦੇ ਇੰਚਾਰਜ ਵਰਿੰਦਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੇਪਰ ਦੌਰਾਨ ਅੱਜ ਜੋ ਹਾਲਾਤ ਪੈਦਾ ਹੋਏ, ਉਸ ਦਾ ਕਾਰਨ ਉਮੀਦਵਾਰਾਂ ਦੀ ਵੱਧ ਸੰਖਿਆ ਹੈ। ਅਨੁਸ਼ਾਸਨਾਤਮਕ ਢੰਗ ਨਾਲ ਪ੍ਰੀਖਿਆ ਹੋ ਰਹੀ ਸੀ, ਇਕਦਮ ਉਮੀਦਵਾਰਾਂ ਦਾ ਇਕੱਠ ਅੰਦਰ ਆ ਗਿਆ ਅਤੇ ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਪੇਪਰ ਲੀਕ ਨਹੀਂ ਹੋਇਆ ਪਰ ਹਾਲਾਤ ਨੂੰ ਦੇਖਦਿਆਂ ਪੇਪਰ ਰੱਦ ਕਰ ਦਿੱਤਾ ਗਿਆ ਹੈ।
ਡੀ. ਸੀ. ਨੂੰ ਨਹੀਂ ਜਾਣਕਾਰੀ : ਜਦੋਂ ਡੀ. ਸੀ. ਕਮਲਦੀਪ ਸਿੰਘ ਸੰਘਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ, ਏ. ਡੀ. ਸੀ. ਡੀ. ਰਵਿੰਦਰ ਸਿੰਘ ਨਾਲ ਸੰਪਰਕ ਕੀਤਾ ਜਾਵੇ। ਜਦੋਂ ਵਾਰ-ਵਾਰ ਰਵਿੰਦਰ ਸਿੰਘ ਨੂੰ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਆਪਣਾ ਫੋਨ ਚੁੱਕਣਾ ਹੀ ਮੁਨਾਸਿਬ ਨਹੀਂ ਸਮਝਿਆ।