ਅਜਨਾਲਾ ’ਚ ਆਪ ਦੇ ਹਲਕਾ ਇੰਚਾਰਜ ਦੇ ਖ਼ਿਲਾਫ਼ ਉਠੇ ਬਗਾਵਤੀ ਸੁਰ

06/09/2021 3:30:46 PM

ਅਜਨਾਲਾ (ਗੁਰਜੰਟ) : ਬੀਤੇ ਕੱਲ੍ਹ ਆਮ ਆਦਮੀ ਪਾਰਟੀ ਵਲੋਂ ਪੰਜਾਬ ਦੇ 24 ਹਲਕਾ ਇੰਚਾਰਜਾਂ ਦੀ ਨਿਯੁਕਤੀ ਕੀਤੀ ਗਈ, ਜਿਸ ਤੋਂ ਬਾਅਦ ਸਰਹੱਦੀ ਹਲਕਾ ਅਜਨਾਲਾ ਦੇ ਇੰਚਾਰਜ ਨਿਯੁਕਤ ਕੀਤੇ ਗਏ ਕੁਲਦੀਪ ਸਿੰਘ ਧਾਲੀਵਾਲ ਖ਼ਿਲਾਫ਼ ਅਜਨਾਲਾ ਦੇ ਵਾਲੰਟੀਅਰ ਵੱਲੋਂ ਰੋਸ ਜ਼ਾਹਰ ਕਰਦਿਆਂ ਵਿਰੋਧ ਕੀਤਾ ਗਿਆ। ਇਸ ਮੌਕੇ ਆਪ ਵਾਲੰਟੀਅਰ ਸਾਬਕਾ ਸਰਪੰਚ ਸੈਮੁਅਲ ਦੁਜੋਵਾਲ, ਜਰਮਨਜੀਤ ਸਿੰਘ ਅਤੇ ਡੇਵਿਡ ਮਸੀਹ ਸਮੇਤ ਇਕੱਠੇ ਹੋਏ ਵਰਕਰਾਂ ਨੇ ਕਿਹਾ ਕਿ ਪਾਰਟੀ ਨੇ ਹਲਕੇ ਤੋਂ ਬਾਹਰ ਦੇ ਵਿਅਕਤੀ ਨੂੰ ਹਲਕਾ ਇੰਚਾਰਜ ਨਿਯੁਕਤ ਕਰਕੇ ਹਲਕੇ ਦੇ ਮਿਹਨਤੀ ਵਰਕਰਾਂ ਨੂੰ ਬੁਰੀ ਤਰ੍ਹਾਂ ਨਾਲ ਅਣਗੌਲਿਆ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਧਾਲੀਵਾਲ ਜਿਥੇ ਦੂਜੇ ਹਲਕੇ ਦਾ ਵਿਅਕਤੀ ਹੈ, ਉਥੇ ਉਕਤ ਵਿਅਕਤੀ ਵਲੋਂ ਅਜਨਾਲਾ ਹਲਕੇ ਦੇ ਪੁਰਾਣੇ ਅਤੇ ਮਿਹਨਤੀ ਵਾਲੰਟੀਅਰ ਨੂੰ ਪਿਛਲੇ ਲੰਬੇ ਸਮੇਂ ਤੋਂ ਖੂੰਜੇ ਲਗਾ ਕੇ ਰੱਖਿਆ ਹੋਇਆ ਹੈ, ਜਿਸ ਕਰਕੇ ਅਜਨਾਲੇ ਦੇ ਪੁਰਾਣੇ ਵਰਕਰਾਂ ਵਿਚ ਭਾਰੀ ਨਿਰਾਸ਼ਾ ਪਾਈ ਗਈ ਹੈ। ਉਨ੍ਹਾਂ ਪਾਰਟੀ ਹਾਈ ਕਮਾਂਡ ਨੂੰ ਅਪੀਲ ਕੀਤੀ ਕਿ ਅਜਨਾਲਾ ਹਲਕੇ ਬਾਰੇ ਦੁਬਾਰਾ ਤੋਂ ਵਿਚਾਰ ਕਰਕੇ ਲੋਕਲ ਵਿਅਕਤੀ ਨੂੰ ਹਲਕਾ ਇੰਚਾਰਜ ਲਗਾਇਆ ਜਾਵੇ। ਇਸ ਮੌਕੇ ਰਾਜਵਿੰਦਰ ਕੌਰ, ਸਾਬਕਾ ਸਰਪੰਚ ਪਰਮਜੀਤ ਸਿੰਘ, ਰਾਜ ਕੁਮਾਰ ਐਬੂਸੈਦ,ਅਰਜਨ ਦਾਸ, ਜਸਪਾਲ ਸਿੰਘ ਰੋਖੇ ਸਮੇਤ ਵੱਡੀ ਗਿਣਤੀ ’ਚ ਵਾਲੰਟੀਅਰ ਹਾਜ਼ਰ ਹਨ।

ਇਹ ਵੀ ਪੜ੍ਹੋ : ਰਾਘਵ ਚੱਢਾ ਵੱਲੋਂ ‘ਫਤਿਹ ਕਿੱਟ’ ਖਰੀਦਣ ’ਤੇ ਭਿ੍ਸ਼ਟਾਚਾਰ ਸਬੰਧੀ ਲੋਕਪਾਲ ਨੂੰ ਸ਼ਿਕਾਇਤ

ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ’ਚ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਸ਼ਤਰੰਜ ਦੀ ‘ਬਿਸਾਤ’ ਵਿਛਾਉਂਦੇ ਹੋਏ ਮੋਰਚਾਬੰਦੀ ਸ਼ੁਰੂ ਕਰ ਦਿੱਤੀ ਹੈ। ‘ਆਪ’ ਵਲੋਂ 24 ਵਿਧਾਨ ਸਭਾ ਖੇਤਰਾਂ ਲਈ ਹਲਕਾ ਇੰਚਾਰਜ ਨਿਯੁਕਤ ਕੀਤੇ ਗਏ ਹਨ। ਇਨ੍ਹਾਂ 24 ’ਚੋਂ 8 ਅਜਿਹੇ ਹਨ, ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਤੌਰ ’ਤੇ ਹੀ 2017 ਵਿਚ ਚੋਣਾਂ ਲੜੀਆਂ ਸਨ, ਜਦਕਿ ਇਕ ਲੋਕ ਇਨਸਾਫ ਪਾਰਟੀ ਤੋਂ, ਇਕ ਰੇਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਤੋਂ ਅਤੇ ਇਕ ਆਮ ਆਦਮੀ ਪਾਰਟੀ ਵੱਲੋਂ ਹੀ ਟਿਕਟ ਨਾ ਮਿਲਣ ਤੋਂ ਬਾਅਦ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਮੈਦਾਨ ਵਿਚ ਉਤਾਰਿਆ ਸੀ।

ਇਹ ਵੀ ਪੜ੍ਹੋ : 37 ਸਾਲਾਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਗੋਲੀ ਨਾਲ ਛੱਲਣੀ ਬੀੜ ਸਾਹਿਬ ਦੀ ਯਾਦ ਕਿਉਂ ਆਈ : ਸਿਮਰਨਜੀਤ ਸਿੰਘ ਮਾਨ

ਜਿਨ੍ਹਾਂ ਨੂੰ ਹਲਕਾ ਇੰਚਾਰਜ ਲਾਇਆ ਗਿਆ ਹੈ
ਹਲਕਾ ਪਾਇਲ ਲਈ ਮਨਵਿੰਦਰ ਸਿੰਘ ਗਿਆਸਪੁਰਾ, ਹਲਕਾ ਜੀਰਾ ਲਈ ਨਰੇਸ਼ ਕਟਾਰੀਆ, ਹਲਕਾ ਮੋਗਾ ਲਈ ਨਵਦੀਪ ਸੰਘਾ, ਹਲਕਾ ਭਦੌੜ ਲਈ ਲਾਭ ਸਿੰਘ ਉਗੋਕੇ, ਹਲਕਾ ਅਜਨਾਲਾ ਲਈ ਕੁਲਦੀਪ ਧਾਲੀਵਾਲ, ਹਲਕਾ ਚੱਬੇਵਾਲ ਲਈ ਹਰਮਿੰਦਰ ਸਿੰਘ ਸੰਧੂ, ਹਲਕਾ ਜਲਾਲਾਬਾਦ ਲਈ ਜਗਦੀਪ ਗੋਲਡੀ ਕੰਬੋਜ, ਹਲਕਾ ਬਾਘਾ ਪੁਰਾਣਾ ਲਈ ਅੰਮ੍ਰਿਤਪਾਲ ਸਿੰਘ ਸੁਖਾਨੰਦ, ਹਲਕਾ ਸਮਾਣਾ ਲਈ ਚੇਤਨ ਸਿੰਘ ਜੋੜਮਾਜਰਾ, ਹਲਕਾ ਹੁਸ਼ਿਆਰਪੁਰ ਲਈ ਬ੍ਰਹਮਾ ਸ਼ੰਕਰ ਜਿੰਪਾ, ਹਲਕਾ ਮੌੜ ਲਈ ਸੁਖਵੀਰ ਮੈਸਰਖਾਨਾ, ਹਲਕਾ ਬਟਾਲਾ ਲਈ ਸ਼ੈਰੀ ਕਲਸੀ, ਹਲਕਾ ਦਸੂਆ ਲਈ ਕਰਮਵੀਰ ਘੁੰਮਣ ਦੇ ਨਾਮ ਸ਼ਾਮਲ ਹਨ।     

ਇਹ ਵੀ ਪੜ੍ਹੋ : OLX ਤੋਂ ਕਾਰ ਖਰੀਦਣੀ ਪਈ ਮਹਿੰਗੀ, ਠੱਗਾਂ ਨੇ ਪੀੜਤ ਤੋਂ ਇੱਕ ਲੱਖ 80 ਹਜ਼ਾਰ ਰੁਪਏ ਠੱਗੇ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 

Anuradha

This news is Content Editor Anuradha