ਸੱਟ ਲੱਗਣ ਤੋਂ ਬਾਅਦ ਕਦੇ ਨਹੀਂ ਸੋਚਿਆ ਸੀ ਕਿ ਭਵਿੱਖ 'ਚ ਫਿਰ ਦੌੜ ਸਕਾਂਗਾ : ਗੁਰਬੀਰ

01/16/2018 2:16:28 AM

ਲੁਧਿਆਣਾ (ਪਰਮਿੰਦਰ, ਸਲੂਜਾ)-  2016 ਵਿਚ ਦੌੜਦੇ-ਦੌੜਦੇ ਜਦੋਂ ਗਰੋਇੰਗ ਇੰਜਰੀ ਹੋ ਗਈ ਤਾਂ ਚੱਲਣਾ ਤਾਂ ਦੂਰ ਬੈੱਡ ਤੋਂ ਉੱਠਣਾ ਮੁਸ਼ਕਲ ਹੋ ਗਿਆ ਸੀ। ਅੰਦਰ ਪਿਆ ਬੱਸ ਇਹੀ ਸੋਚਦਾ ਰਹਿੰਦਾ ਸੀ ਕਿ ਹੁਣ ਤਾਂ ਕਦੇ ਵੀ ਟਰੈਕ 'ਤੇ ਨਹੀਂ ਦੌੜ ਸਕਾਂਗਾ। ਮੇਰੇ ਲਈ ਇਹ ਕੁਦਰਤ ਦੇ ਕ੍ਰਿਸ਼ਮੇ ਤੋਂ ਘੱਟ ਨਹੀਂ ਕਿ ਮੈਂ ਫਿਰ ਤੋਂ ਟਰੈਕ 'ਤੇ ਦੌੜਨ ਲੱਗ ਪਿਆ ਅਤੇ 100-200 ਮੀਟਰ ਵਿਚ ਦੋ ਸੋਨੇ ਅਤੇ ਇਕ ਚਾਂਦੀ ਦਾ ਤਮਗਾ ਜਿੱਤੇ, ਜਿਸ ਦਾ ਸਿਹਰਾ ਜ਼ਿਲਾ ਖੇਡ ਵਿਭਾਗ ਦੇ ਕੋਚ ਸੰਜੀਵ ਸ਼ਰਮਾ ਨੂੰ ਜਾਂਦਾ ਹੈ, ਜਿਹੜੇ ਰੋਜ਼ਾਨਾ ਇਸੇ ਟਰੈਕ ਉੱਤੇ ਮੈਨੂੰ ਪ੍ਰੈਕਸਿਟ ਕਰਵਾਉਂਦੇ ਹਨ। ਆਪਣੇ ਜੀਵਨ ਦੀ ਇਹ ਸੱਚਾਈ ਡੇਹਲੋਂ ਦੇ ਰਹਿਣ ਵਾਲੇ ਨੇਤਰਹੀਣ ਖਿਡਾਰੀ ਗੁਰਬੀਰ ਸਿੰਘ ਨੇ ਨੇਤਰਹੀਣਾਂ ਦੀਆਂ ਰਾਸ਼ਟਰੀ ਖੇਡਾਂ ਦੇ ਸਮਾਪਤੀ ਸਮਾਰੋਹ ਮੌਕੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ।
ਗੁਰਬੀਰ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਸੱਟ ਤੋਂ ਉਭਰਨ ਉਪਰੰਤ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਸਗੋਂ ਇਕ ਤੋਂ ਬਾਅਦ ਇਕ ਗੋਲਡ ਅਤੇ ਸਿਲਵਰ ਮੈਡਲ ਜਿੱਤਣ ਦੀਆਂ ਝੜੀਆਂ ਲਾ ਦਿੱਤੀਆਂ। ਗੁਰਬੀਰ ਦੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਉਨ੍ਹਾਂ ਦੀ ਪਤਨੀ ਕਿਰਨਜੀਤ ਕੌਰ ਦੋਨੋਂ ਬੇਟੇ, ਭਰਾ ਅਤੇ ਨਵੀਂ ਵਿਆਹੀ ਭਰਜਾਈ ਵੀ ਖੁਸ਼ੀ ਵਿਚ ਬਾਗੋ-ਬਾਗ ਦਿਖਾਈ ਦਿੱਤੇ। ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਜਿੱਥੇ ਗੁਰਬੀਰ ਸਿੰਘ ਨੂੰ ਵਧਾਈ ਦਿੱਤੀ, ਉਥੇ ਨਕਦ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ। ਉਸ ਨੇ ਦੱਸਿਆ ਕਿ ਉਹ ਡੇਹਲੋਂ ਦੇ ਲੁਧਿਆਣਾ ਸੈਂਟਰਲ ਕੋ-ਆਪ੍ਰੇਟਿਵ ਬੈਂਕ ਵਿਚ ਨੌਕਰੀ ਕਰਦਾ ਹੈ, ਉਸ ਨੂੰ ਜ਼ਿਲਾ ਮੈਨੇਜਰ ਦਵਿੰਦਰਪਾਲ ਸਿੰਘ ਅਤੇ ਬ੍ਰਾਂਚ ਮੈਨੇਜਰ ਰਾਜਵਿੰਦਰ ਸਿੰਘ ਦਾ ਹਮੇਸ਼ਾ ਸਹਿਯੋਗ ਰਹਿੰਦਾ ਹੈ, ਜਿਸ ਸਦਕਾ ਉਹ ਇਸ ਮੁਕਾਮ 'ਤੇ ਪੁੱਜਾ ਹੈ। ਉਸ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਹ ਅੱਜ ਤੋਂ ਹੀ ਪੰਚਕੂਲਾ ਅਤੇ ਦਿੱਲੀ ਵਿਖੇ ਹੋ ਰਹੀਆਂ ਖੇਡਾਂ ਦੀ ਤਿਆਰੀ 'ਚ ਜੁਟ ਗਿਆ ਹੈ।