ਕੈਨੇਡਾ ਤੋਂ ਬਾਅਦ ਯੂ. ਕੇ. ਦੇ ਗੁਰਦੁਆਰਿਆਂ 'ਚ ਭਾਰਤੀ ਅਧਿਕਾਰੀਆਂ ਦੇ ਦਾਖਲ ਹੋਣ 'ਤੇ ਲੱਗੀ ਰੋਕ

01/07/2018 3:00:59 AM

ਜਲੰਧਰ  (ਰਾਕੇਸ਼ ਬਹਿਲ, ਸੋਮਨਾਥ ਕੈਂਥ) — ਕੈਨੇਡਾ ਤੋਂ ਬਾਅਦ ਯੂ. ਕੇ., ਅਮਰੀਕਾ ਅਤੇ ਯੂਰਪੀਅਨ ਦੇਸ਼ਾਂ 'ਚ ਵੀ ਸਿੱਖ ਸੰਸਥਾਵਾਂ ਨੇ ਭਾਰਤੀ ਅਧਿਕਾਰੀਆਂ ਦੇ ਗੁਰਦੁਆਰਿਆਂ 'ਚ ਦਾਖਲ ਹੋਣ 'ਤੇ ਰੋਕ ਲਾਉਣ ਦਾ ਫੈਸਲਾ ਕੀਤਾ ਹੈ। ਪਿਛਲੇ ਦਿਨੀਂ ਕੈਨੇਡਾ ਦੇ ਓਂਟਾਰੀਓ ਸੂਬੇ 'ਚ 15 ਗੁਰਦੁਆਰਿਆਂ ਨੇ ਇਕਜੁੱਟ ਹੋ ਕੇ ਇਹ ਫੈਸਲਾ ਲਿਆ ਸੀ। ਸਿੱਖ ਫੈੱਡਰੇਸ਼ਨ (ਯੂ. ਕੇ.) ਨੇ ਕਿਹਾ ਕਿ ਇਹ ਰੋਕ ਸਿਰਫ ਭਾਰਤੀ ਅਧਿਕਾਰੀਆਂ ਦੇ ਗੁਰਦੁਆਰਾ ਸਾਹਿਬਾਨ ਵਿਚ ਦਾਖਲ ਹੋਣ 'ਤੇ ਹੈ, ਨਾ ਕਿ ਕਿਸੇ ਨਿੱਜੀ ਵਿਅਕਤੀ ਦੇ ਦਾਖਲ ਹੋਣ 'ਤੇ। ਸਿੱਖ ਫੈੱਡਰੇਸ਼ਨ (ਯੂ. ਕੇ.) ਦੇ ਚੇਅਰਮੈਨ ਅਮਰੀਕ ਸਿੰਘ ਵਲੋਂ ਯੂ. ਕੇ. ਸਮੇਤ ਦੂਜੇ ਯੂਰਪੀਅਨ ਗੁਰਦੁਆਰਿਆਂ ਨੂੰ ਜਾਰੀ ਸਰਕੁਲਰ 'ਚ ਕਿਹਾ ਗਿਆ ਹੈ ਕਿ ਭਾਰਤੀ ਅਧਿਕਾਰੀਆਂ ਅਤੇ ਉਨ੍ਹਾਂ ਦੇ ਏਜੰਟਾਂ ਦੀ ਸਿੱਖ ਸੰਸਥਾਵਾਂ ਦੇ ਮਾਮਲਿਆਂ 'ਚ ਗੈਰ-ਜ਼ਰੂਰੀ ਦਖਲਅੰਦਾਜ਼ੀ ਵਧ ਰਹੀ ਹੈ।
ਸਿੱਖ ਫੈੱਡਰੇਸ਼ਨ (ਯੂ. ਕੇ.), ਜੋ ਫੈੱਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨ ਦੀ ਮੈਂਬਰ ਹੈ, ਦੇ ਗੁਰਜੀਤ ਸਿੰਘ ਨੇ ਦੱਸਿਆ ਕਿ ਯੂ. ਕੇ. ਵਿਚ 8 ਰਿਜਨਲ ਗੁਰਦੁਆਰਾ ਕੌਂਸਲਾਂ ਸਮੇਤ ਸਿੱਖ ਕੌਂਸਲ ਯੂ. ਕੇ. ਬ੍ਰਿਟੇਨ ਦੇ ਸਾਰੇ ਗੁਰਦੁਆਰਿਆਂ ਨਾਲ ਇਸ ਸਬੰਧ 'ਚ ਗੱਲਬਾਤ ਕਰ ਕੇ ਐਲਾਨ-ਪੱਤਰ 'ਤੇ ਦਸਤਖਤ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬ੍ਰਿਟੇਨ 'ਚ 100 ਦੇ ਲੱਗਭਗ ਗੁਰਦੁਆਰਾ ਸਾਹਿਬਾਨ ਹਨ ਅਤੇ ਇਨ੍ਹਾਂ 'ਚੋਂ 60-70 ਦੇ ਲੱਗਭਗ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਇਸ ਐਲਾਨ-ਪੱਤਰ 'ਤੇ ਦਸਤਖਤ ਕੀਤੇ ਹਨ। ਪਾਬੰਦੀ ਨੂੰ ਲੈ ਕੇ 15 ਦੇਸ਼ਾਂ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨਾਲ ਸਬੰਧ ਸਥਾਪਿਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਭਾਰਤੀ ਅਧਿਕਾਰੀਆਂ 'ਤੇ ਵਿਦੇਸ਼ਾਂ 'ਚ 300 ਗੁਰਦੁਆਰਿਆਂ 'ਚ ਰੋਕ ਲਾਈ ਜਾਵੇਗੀ।