ਬੀਬੀ ਜਗੀਰ ਕੌਰ ਵੱਲੋਂ ਲਾਏ ਇਲਜ਼ਾਮਾਂ ’ਤੇ ਖੁੱਲ੍ਹ ਕੇ ਬੋਲੇ ਐਡਵੋਕੇਟ ਧਾਮੀ (ਵੀਡੀਓ)

11/06/2022 10:48:21 PM

ਜਲੰਧਰ (ਬਿਊਰੋ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਹੋਣ ਜਾ ਰਹੀ ਹੈ। ਅਕਾਲੀ ਦਲ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਉਮੀਦਵਾਰ ਐਲਾਨਿਆ ਗਿਆ ਹੈ। ਦੂਜੇ ਪਾਸੇ ਬੀਬੀ ਜਗੀਰ ਕੌਰ ਨੇ ਪਾਰਟੀ ਨਾਲ ਬਗਾਵਤ ਕਰਦਿਆਂ ਦਾਅਵਾ ਠੋਕਿਆ ਹੈ ਕਿ ਇਸ ਵਾਰ ਉਹ ਵੱਖਰੀ ਚੋਣ ਲੜਨਗੇ। ਅਕਾਲੀ ਦਲ ਦਾ ਇਲਜ਼ਾਮ ਹੈ ਕਿ ਭਾਜਪਾ ਦੇ ਇਸ਼ਾਰੇ ’ਤੇ ਬੀਬੀ ਜਗੀਰ ਕੌਰ ਇਹ ਸਭ ਕਰ ਰਹੀ ਹੈ, ਜਦਕਿ ਬੀਬੀ ਦਾ ਕਹਿਣਾ ਹੈ ਕਿ ਡੈਮੋਕ੍ਰੇਸੀ ਦੇ ਅੰਦਰ ਸਾਰਿਆਂ ਨੂੰ ਚੋਣ ਲੜਨ ਦਾ ਹੱਕ ਹੈ।

ਖ਼ਬਰ ਇਹ ਵੀ : ਸੁਧੀਰ ਸੂਰੀ ਦਾ ਹੋਇਆ ਅੰਤਿਮ ਸੰਸਕਾਰ, SGPC ਚੋਣ ਲਈ ਬੀਬੀ ਜਗੀਰ ਕੌਰ ਦੇ ਤਲਖ਼ ਤੇਵਰ ਬਰਕਰਾਰ, ਪੜ੍ਹੋ TOP 10

ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਐਡਵੋਕੇਟ ਧਾਮੀ ਦੀ ਕੀ ਤਿਆਰੀ ਹੈ, ਇਸ ਸਬੰਧੀ ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਹਰਜਿੰਦਰ ਸਿੰਘ ਧਾਮੀ ਨਾਲ ਖਾਸ ਗੱਲਬਾਤ ਕੀਤੀ ਤੇ ਇਸ ਪੂਰੇ ਮਸਲੇ ’ਤੇ ਉਨ੍ਹਾਂ ਦੀ ਪ੍ਰਤੀਕਿਰਿਆ ਜਾਣੀ। ਇਸ ਦੌਰਾਨ ਸ਼੍ਰੋਮਣੀ ਕਮੇਟੀ ਉਮੀਦਵਾਰ ਬਣਾਉਣ ’ਤੇ ਉਨ੍ਹਾਂ ਕਿਹਾ ਕਿ ਬੇਸ਼ੱਕ ਪਿਛਲਾ ਸਮਾਂ ਚੁਣੌਤੀਆਂ ਭਰਿਆ ਰਿਹਾ ਤਾਂ ਗੁਰੂ ਮਹਾਰਾਜ ਦੀ ਮਿਹਰ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਮੁੱਚੀ ਲੀਡਰਸ਼ਿਪ ਨੇ ਸਰਬਸੰਪਤੀ ਨਾਲ ਯਕੀਨ ਕਰਦਿਆਂ ਮੈਨੂੰ ਮੁੜ ਮੌਕਾ ਦਿੱਤਾ ਹੈ, ਜਿਸ ਲਈ ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। 

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਦੀ ਚਿਤਾਵਨੀ, 'ਪੰਜਾਬ 'ਚ ਫਿਰ ਬਣ ਸਕਦੇ ਹਨ 1980 ਵਰਗੇ ਹਾਲਾਤ'

ਪ੍ਰਾਪਤੀਆਂ ਕਰਕੇ ਜਾਂ ਵਿਵਾਦ ਕਾਰਨ ਮੁੜ ਮਿਲਿਆ ਮੌਕਾ ਬਾਰੇ ਬੋਲਦਿਆਂ ਧਾਮੀ ਨੇ ਕਿਹਾ ਕਿ ਵਿਵਾਦ ਤਾਂ ਪਾਰਟੀ ’ਚ ਸੀ ਕਿਉਂਕਿ ਜਿਨ੍ਹਾਂ ਬੀਤੀਆਂ ਵਿਧਾਨ ਚੋਣਾਂ ’ਚ ਅਕਾਲੀ ਦਲ ਵਧੀਆ ਕਾਰਗੁਜ਼ਾਰੀ ਨਹੀਂ ਦਿਖਾ ਸਕਿਆ ਪਰ ਮੈਨੂੰ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਨਾਲ ਵਿਚਰਨ ਦਾ ਮੌਕਾ ਮਿਲਿਆ ਸੀ। 2019 ’ਚ ਜਦੋਂ ਮੈਂ ਜਨਰਲ ਸਕੱਤਰ ਸੀ ਤੇ ਉਸ ਤੋਂ ਬਾਅਦ ਮੁੱਖ ਸਕੱਤਰ ਬਣਿਆ ਤੇ ਪਿਛਲੇ ਸਾਲ ਮੁੱਖ ਸੇਵਾਦਾਰ ਦੇ ਤੌਰ ’ਤੇ ਪ੍ਰਾਪਤੀਆਂ, ਉਪਲੱਬਧੀਆਂ ਤੇ ਚੁਣੌਤੀਆਂ ਵੀ ਬਹੁਤ ਸਨ ਪਰ ਮੈਂ ਪੁਰਾਣੇ ਲੀਡਰਾਂ ਤੋਂ ਬਹੁਤ ਕੁਝ ਸਿੱਖਿਆ ਤੇ ਸਿੱਖ ਵਿਦਵਾਨਾਂ ਨਾਲ ਵੀ ਸਲਾਹ-ਮਸ਼ਵਰਾ ਕਰਦਾ ਰਹਿੰਦਾ ਹਾਂ। ਇਸ ਲਈ ਉਨ੍ਹਾਂ ਦੀ ਸਲਾਹ ਨਾਲ ਸਾਰੇ ਫ਼ੈਸਲੇ ਲਏ ਜਾਂਦੇ ਹਨ। ਇਸ ਦੌਰਾਨ 328 ਸਰੂਪਾਂ ਦੇ ਬਾਰੇ ਵਿਵਾਦ ’ਤੇ ਧਾਮੀ ਨੇ ਕਿਹਾ ਕਿ ਦਰਅਸਲ ਇਹ ਮਸਲਾ ਮੇਰੇ ਵੇਲੇ ਦਾ ਨਹੀਂ ਹੋਇਆ ਸਗੋਂ ਇਹ 2014-15 ਦਾ ਸੀ।

ਇਹ ਵੀ ਪੜ੍ਹੋ : ਲਾਲਪੁਰਾ ’ਤੇ ਬਾਦਲਾਂ ਦਾ ਇਲਜ਼ਾਮ ਨਿਸ਼ਚਿਤ ਹਾਰ ਦਾ ਭਾਂਡਾ ਦੂਜਿਆਂ ਸਿਰ ਭੰਨ੍ਹਣ ਦੀ ਕਵਾਇਦ : ਸਰਚਾਂਦ ਸਿੰਘ ਖਿਆਲਾ

ਉਨ੍ਹਾਂ ਕਿਹਾ ਕਿ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਕੋਈ ਬੇਅਦਬੀ ਦਾ ਮਸਲਾ ਨਹੀਂ ਹੈ। ਬਾਦਲਾਂ ਵੱਲੋਂ ਭੇਜੇ ਲਿਫਾਫੇ ’ਚੋਂ ਪ੍ਰਧਾਨਗੀ ਨਿਕਲਣ ਬਾਰੇ ਪੁੱਛੇ ਸਵਾਲ ’ਤੇ ਧਾਮੀ ਨੇ ਕਿਹਾ ਕਿ ਜਿਹੜਾ ਲਿਫਾਫਾ ਕਲਚਰ ਹੈ, ਇਹ ਲਫ਼ਜ਼ ਪਤਾ ਨਹੀਂ ਸਾਡੇ ’ਚ ਕਿੱਥੋਂ ਆ ਗਿਆ। ਜਦੋਂ ਬੀਬੀ ਜਗੀਰ ਕੌਰ ਪ੍ਰਧਾਨ ਬਣੀ, ਕਮੇਟੀ ਹਾਊਸ ਦਾ ਇਹ ਸਿਸਟਮ ਹੈ ਕਿ ਇਕ ਬੰਦੇ ਨੇ ਨਾਂ ਪ੍ਰਪੋਜ਼ ਕਰਨਾ ਹੁੰਦਾ ਹੈ, ਉਹ ਲਿਫਾਫੇ ’ਚੋਂ ਤਾਂ ਨਿਕਲਦਾ ਨਹੀਂ। ਜਦੋਂ ਨਾਂ ਪ੍ਰਪੋਜ਼ ਕਰਨਾ ਹੁੰਦਾ ਹੈ, ਉਸ ਸਮੇਂ ਜੋ ਹਾਊਸ ਦਾ ਚੇਅਰਮੈਨ ਹੁੰਦਾ ਹੈ, ਉਹ ਕਹਿੰਦਾ ਹੈ ਕਿ ਪ੍ਰਧਾਨਗੀ ਲਈ ਕੋਈ ਨਾਂ ਦੱਸਿਆ ਜਾਵੇ, ਇਕ ਬੰਦਾ ਉੱਠਦਾ ਤੇ ਨਾਂ ਪ੍ਰਪੋਜ਼ ਕਰ ਦਿੰਦਾ ਹੈ। ਪ੍ਰਧਾਨ ਬਾਦਲ ਤੈਅ ਕਰਦੇ, ਇਹ ਬਿਲਕੁਲ ਗ਼ਲਤ ਗੱਲ ਹੈ।

ਵੀਡੀਓ ’ਚ ਦੇਖੋ ਪੂਰੀ Exclusive ਇੰਟਰਵਿਊ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh