ਧੁੰਦ ’ਚ 350 ਦੇ ਜਾਨਲੇਵਾ ਪੱਧਰ ’ਤੇ ਪਹੁੰਚਿਆ ਏ. ਕਿਊ. ਆਈ., ਮੌਸਮ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ

01/02/2024 4:57:46 PM

ਜਲੰਧਰ (ਪੁਨੀਤ) : ਨਵੇਂ ਸਾਲ ਦੇ ਪਹਿਲੇ ਦਿਨ ਸੂਰਜ ਦੇਵਤਾ ਦੇ ਦਰਸ਼ਨ ਨਾ ਹੋਣ ਕਾਰਨ ਠੰਡ ਦਾ ਪੂਰਾ ਜ਼ੋਰ ਰਿਹਾ। ਪਿਛਲੇ 3 ਦਿਨਾਂ ਤੋਂ ਧੁੱਪ ਨਾ ਨਿਕਲਣ ਕਰ ਕੇ ਠੰਡ ਤੋਂ ਰਾਹਤ ਨਹੀਂ ਮਿਲ ਪਾ ਰਹੀ ਅਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਪੇਸ਼ ਆਈ। ਉਥੇ ਹੀ, ਏਅਰ ਕੁਆਲਿਟੀ ਇੰਡੈਕਸ਼ (ਏ. ਕਿਊ. ਆਈ.) 350 ਦੇ ਜਾਨਲੇਵਾ ਪੱਧਰ ’ਤੇ ਪਹੁੰਚਣਾ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ, ਜਿਸ ਨਾਲ ਸਾਹ ਸਬੰਧੀ ਮਰੀਜ਼ਾਂ ਨੂੰ ਘਰਾਂ ’ਚੋਂ ਬਾਹਰ ਨਿਕਲਣ ’ਤੇ ਸਾਹ ਲੈਣ ਵਿਚ ਦਿੱਕਤਾਂ ਪੇਸ਼ ਆਉਣ ਲੱਗੀਆਂ ਹਨ। ਮੌਸਮ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਅਤੇ ਅਗਾਊਂ ਅਨੁਮਾਨ ਮੁਤਾਬਕ ਮੰਗਲਵਾਰ ਨੂੰ ਮੌਸਮ ਵਿਚ ਸੁਧਾਰ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਇਸੇ ਲੜੀ ਵਿਚ ਹਲਕੇ ਬੱਦਲ ਛਾਏ ਰਹਿਣਗੇ ਅਤੇ ਧੁੱਪ ਨਿਕਲਣ ਦੇ ਆਸਾਰ ਹਨ। ਰਾਤ ਦੇ ਸਮੇਂ ਹਵਾਵਾਂ ਚੱਲਣ ’ਤੇ ਬੱਦਲ ਹਟਣ ਦੀ ਸੰਭਾਵਨਾ ’ਚ ਇਹ ਅਨੁਮਾਨ ਲਾਇਆ ਗਿਆ ਹੈ ਕਿ ਜੇਕਰ ਸਵੇਰ ਦੇ ਸਮੇਂ ਧੁੰਦ ਪਈ ਤਾਂ ਵੀ ਧੁੱਪ ਨਿਕਲਣ ਦੀ ਸੰਭਾਵਨਾ ਹੈ। ਦੂਜੇ ਪਾਸੇ ਤਾਪਮਾਨ ਅੱਜ 2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਘੱਟ ਤੋਂ ਘੱਟ ਤਾਪਮਾਨ 7, ਜਦੋਂ ਕਿ ਵੱਧ ਤੋਂ ਵੱਧ 14 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਵੱਲੋਂ ਪੰਜਾਬ ’ਚ ਜਾਰੀ ਕੀਤੇ ਜਾਣ ਵਾਲੇ ਅਲਰਟ ਦੀ ਗੱਲ ਕੀਤੀ ਜਾਵੇ ਤਾਂ ਅੱਜ ਪੰਜਾਬ ਰੈੱਡ ਜ਼ੋਨ ਵਿਚੋਂ ਬਾਹਰ ਆ ਗਿਆ ਹੈ। ਇਸੇ ਲੜੀ ਵਿਚ ਕਈ ਜ਼ਿਲ੍ਹਿਆਂ ’ਚ ਯੈਲੋ, ਜਦੋਂ ਕਿ ਕਈ ਜ਼ਿਲ੍ਹਿਆਂ ’ਚ ਓਰੇਂਜ ਅਲਰਟ ਦੱਸਿਆ ਗਿਆ ਹੈ।

ਇਹ ਵੀ ਪੜ੍ਹੋ : ਟਰਾਂਸਪੋਰਟਰਾਂ ਦੀ ਹੜਤਾਲ ਤੋਂ ਬਾਅਦ ਬਣੇ ਹਾਲਾਤ ਦਰਮਿਆਨ ਜਲੰਧਰ ਦੇ ਡੀ. ਸੀ. ਦਾ ਬਿਆਨ ਆਇਆ ਸਾਹਮਣੇ 

ਜਲੰਧਰ ਓਰੇਂਜ ਅਲਰਟ ’ਚ ਦਿਖਾਇਆ ਗਿਆ ਹੈ, ਜਿਸ ਕਾਰਨ ਠੰਡ ਦਾ ਕਹਿਰ ਜਾਰੀ ਰਹੇਗਾ। ਦੂਜੇ ਪਾਸੇ ਅੱਜ ਛੁੱਟੀਆਂ ਖ਼ਤਮ ਕਰ ਕੇ ਬੱਚਿਆਂ ਨੂੰ ਸੀਤ ਲਹਿਰ ਦੇ ਵਿਚਕਾਰ ਸਕੂਲ ਜਾਣਾ ਪਿਆ। ਭਾਰੀ ਠੰਡ ਕਾਰਨ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਅੱਜ ਖੁਦ ਹੀ ਛੁੱਟੀ ਕਰਵਾ ਲਈ ਤਾਂ ਕਿ ਉਨ੍ਹਾਂ ਨੂੰ ਠੰਡ ਤੋਂ ਬਚਾਇਆ ਜਾ ਸਕੇ।

ਸਰਕਾਰ ਵੱਲੋਂ ਸਰਦੀ ਨੂੰ ਦੇਖਦਿਆਂ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਕੀਤਾ ਗਿਆ ਹੈ ਪਰ ਅੱਜ ਸਵੇਰੇ 10 ਵਜੇ ਦੇ ਲਗਭਗ 9 ਡਿਗਰੀ ਸੈਲਸੀਅਸ ਤਾਪਮਾਨ ਚੱਲ ਰਿਹਾ ਸੀ। ਅਜਿਹੇ ’ਚ ਬੱਚਿਆਂ ਨੂੰ ਘਰਾਂ ’ਚੋਂ ਬਾਹਰ ਭੇਜਣਾ ਖਤਰੇ ਤੋਂ ਖਾਲੀ ਨਹੀਂ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਬਚਾਅ ਦੇ ਨਾਲ ਸਕੂਲ ਭੇਜਣਾ ਚਾਹੀਦਾ ਹੈ ਅਤੇ ਕੱਪੜਿਆਂ ਦੇ ਹੇਠਾਂ ਇਨਰਵੀਅਰ ਪਾਉਣਾ ਯਕੀਨੀ ਬਣਾਉਣਾ ਚਾਹੀਦਾ ਹੈ। ਗਰਮ ਟੋਪੀ ਤੇ ਦਸਤਾਨੇ ਵੀ ਪੁਆਉਣੇ ਚਾਹੀਦੇ ਹਨ। ਗਰਮ ਜ਼ੁਰਾਬਾਂ ਨਾਲ ਬੱਚਿਆਂ ਦੇ ਪੈਰਾਂ ਨੂੰ ਕਵਰ ਕਰਨਾ ਜ਼ਰੂਰੀ ਹੈ। ਸਿਹਤ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਆਮ ਤੌਰ ’ਤੇ ਠੰਡ ਪੈਰਾਂ ਤੋਂ ਅਟੈਕ ਕਰਦੀ ਹੈ, ਇਸ ਲਈ ਪੈਰਾਂ ਦਾ ਬਚਾਅ ਕਰਨਾ ਬਹੁਤ ਜ਼ਰੂਰੀ ਸਮਝਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਸਾਲ 2024 ਦਾ ਪੰਜਾਬ ਸਰਕਾਰ ਦਾ ਕੈਲੰਡਰ ਅਤੇ ਡਾਇਰੀ ਜਾਰੀ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

Anuradha

This news is Content Editor Anuradha